ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 18 ਸਿਰੀਰਾਗੁ ਮਹਲਾ ੧ ॥ ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥ ਮਨ ਰੇ ਸਚੁ ਮਿਲੈ ਭਉ ਜਾਇ ॥ ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥ ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥ ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥ ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥ ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥ ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥ ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥ {ਪੰਨਾ 18} ਪਦ ਅਰਥ: ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ। ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ। ਕਲਪ = ਕਲਪਣਾ। ਬਾਦਿ = ਵਿਅਰਥ।1। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ।1। ਰਹਾਉ। ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ। ਮਨਿ ਵਸਿਐ = ਜੇ ਮਨ ਵਿਚ ਵੱਸ ਪਏ।2। ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ। ਏਕਸੇ = ਇਕੱਠੇ ਹੋ ਜਾਂਦੇ ਹਨ। ਜਾਇ = ਚਲਾ ਜਾਂਦਾ ਹੈ।3। ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ। ਰਾਸਿ = ਪੂੰਜੀ। ਸਾਬਾਸਿ = ਪ੍ਰਸੰਨਤਾ, ਆਦਰ। ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ।4। ਅਰਥ: (ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ। ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ। ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ) , ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ।1। ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ। ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ।1। ਰਹਾਉ। ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ) (ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ) । ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ।3। ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ। (ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।3। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ। ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ। ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ।4।11। ਸਿਰੀ ਰਾਗੁ ਮਹਲੁ 1 ॥ {ਨੋਟ: ਵੇਖੋ ਸ਼ਬਦ ਨੰ: 6 ਉਥੇ ਭੀ ਸਿਰਲੇਖ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੀ ਹੈ}। ਸਿਰੀਰਾਗੁ ਮਹਲੁ ੧ ॥ ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥ ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥ ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥ ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥ {ਪੰਨਾ 18} ਪਦ ਅਰਥ: ਫੁਨਿ = ਮੁੜ। ਧਾਤੁ = ਸੋਨਾ ਆਦਿਕ ਧਾਤੂ ਦਾ ਬਣਿਆ ਹੋਇਆ ਗਹਿਣਾ। ਸਿਫਤੀ = ਸਿਫ਼ਤਾਂ ਦਾ ਮਾਲਕ ਪਰਮਾਤਮਾ। ਗੁਲਾਲੁ = ਲਾਲ ਫੁੱਲ। ਗਹਬਰਾ = ਗੂੜ੍ਹਾ। ਸਚਾ = ਸਦਾ ਟਿਕਿਆ ਰਹਿਣ ਵਾਲਾ, ਪੱਕਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।1। ਰੇਣੁ = ਚਰਨ-ਧੂੜ। ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।1। ਰਹਾਉ। ਮੁਰਾਰਿ = ਪਰਮਾਤਮਾ। ਕਰਣੀ = ਆਚਰਨ। ਦਰੁ ਘਰੁ = ਪ੍ਰਭੂ ਦਾ ਦਰ, ਪ੍ਰਭੂ ਦਾ ਘਰ। ਪਿਆਰਿ = ਪਿਆਰ ਦੀ ਰਾਹੀਂ। ਆਤਮ ਰਾਮੁ = ਸਭ ਦੇ ਆਤਮਾ ਵਿਚ ਵਿਆਪਕ ਪ੍ਰਭੂ। ਬੀਚਾਰਿ = ਵਿਚਾਰ ਕੇ। ਆਤਮੁ ਰਾਮੁ ਬੀਚਾਰਿ = ਸਰਬ-ਵਿਆਪੀ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ।2। ਤ੍ਰਿਬਿਧਿ = ਤਿੰਨ ਕਿਸਮਾਂ ਦੇ, ਮਾਇਆ ਦੇ ਤਿੰਨ ਗੁਣਾਂ (ਰਜੋ, ਸਤੋ, ਤਮੋ) ਵਾਲੇ। ਕਮਾਈਅਹਿ = ਕਮਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਅੰਦੇਸਾ = ਸਹਸਾ। ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ। ਨਿਜ ਘਰਿ = ਆਪਣੇ ਘਰ ਵਿਚ, ਅਡੋਲ ਅਵਸਥਾ ਵਿਚ ਜਦੋਂ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।3। ਘਰ ਵਾਸੁ = ਘਰ ਦਾ ਵਸੇਬਾ, ਅਡੋਲ ਅਵਸਥਾ, ਉਹ ਹਾਲਤ ਜਦੋਂ ਮਨ ਬਾਹਰ ਭਟਕਣੋਂ ਰੁਕ ਜਾਂਦਾ ਹੈ। ਏਕੋ = ਇਕ (ਰਾਜ਼ਕ ਪ੍ਰਭੂ) ਦਾ। ਦੇਖਿ = ਦੇਖ ਕੇ। ਦਿਖਾਈਐ = ਵਿਖਾਇਆ ਜਾ ਸਕਦਾ ਹੈ। ਜਾਸੁ = ਜਾਂਦਾ ਹਾਂ।4। ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ) । ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ।1। ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ। ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ।1। ਰਹਾਉ। ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ। ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ (ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ।2। (ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ) ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ) , ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ। ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ।3। ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ। (ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤਿ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ। ਹੇ ਨਾਨਕ! (ਆਖ–) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।4।12। |
Sri Guru Granth Darpan, by Professor Sahib Singh |