ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 19 ਸਿਰੀਰਾਗੁ ਮਹਲਾ ੧ ॥ ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥ ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥ ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥ ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥ ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥ ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ {ਪੰਨਾ 19} ਪਦ ਅਰਥ: ਧ੍ਰਿਗੁ = ਫਿਟਕਾਰ-ਜੋਗ। ਦੋਹਾਗਣੀ = ਮੰਦੇ ਭਾਗਾਂ ਵਾਲੀ, ਪਤੀ ਤੋਂ ਵਿੱਛੁੜੀ ਹੋਈ। ਮੁਠੀ = ਮੁੱਠੀ, ਠੱਗੀ ਹੋਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪ੍ਰੇਮ ਵਿਚ। ਕੇਰੀ = ਦੀ। ਅਹਿ = ਦਿਨ। ਨਿਸਿ = ਰਾਤ। ਕਿਰਿ-ਕਿਰ ਕੇ।1। ਮੁੰਧੇ = ਹੇ ਮੂਰਖ! ਢੋਈ = ਆਸਰਾ, ਸਹਾਰਾ।1। ਰਹਾਉ। ਸੁਜਾਣੁ = ਸਿਆਣਾ। ਸਾਧਿ ਕੈ = ਸਾਫ਼ ਕਰ ਕੇ, ਤਿਆਰ ਕਰ ਕੇ। ਦੇ = ਦੇਂਦਾ ਹੈ। ਦਾਣੁ = ਦਾਣਾ, ਕਣ, ਬੀ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ, ਪਰਵਾਨਗੀ।2। ਜਾਣਿ = ਜਾਣ-ਬੁੱਝ ਕੇ। ਚਜੁ ਅਚਾਰੁ = ਰਵਈਆ। ਅੰਧੁਲੈ = ਅੰਨ੍ਹੇ ਨੇ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁ ਗੁਬਾਰੁ = ਉਹ ਅੰਨ੍ਹਾ ਜਿਸ ਦੇ ਸਾਹਮਣੇ ਘੁੱਪ ਹਨੇਰਾ ਹੀ ਹੈ। ਨ ਚੁਕਈ = ਨਹੀਂ ਮੁੱਕਦਾ।3। ਮੋਲਿ = ਮੁੱਲ ਦੇ ਕੇ, ਮੁੱਲ ਨਾਲ। ਅਣਾਇਆ = ਮੰਗਾਇਆ। ਕੁੰਗੂ = ਕੇਸਰ। ਮਾਂਗ = ਕੇਸਾਂ ਦੇ ਵਿਚਕਾਰ ਬਣਾਇਆ ਹੋਇਆ ਚੀਰ। ਚੋਆ = ਅਤਰ। ਧਨ = ਇਸਤ੍ਰੀ। ਕੰਤ ਨ ਭਾਵਈ = ਕੰਤ ਨੂੰ ਚੰਗੀ ਨ ਲੱਗੀ। ਸਭਿ = ਸਾਰੇ।4। ਬਾਦਿ = ਵਿਅਰਥ। ਵਿਕਾਰ = ਬੇਕਾਰ। ਧਨੁ = ਧੰਨ, ਭਾਗਾਂ ਵਾਲੀ। ਸਹ ਨਾਲਿ = ਖਸਮ ਨਾਲ।4। ਅਰਥ: ਜੇਹੜੀ ਭਾਗ-ਹੀਣ ਜੀਵ-ਇਸਤ੍ਰੀ (ਪ੍ਰਭੂ-ਪਤੀ ਤੋਂ ਬਿਨਾ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿਚ ਹੀ ਠੱਗੀ ਰਹਿੰਦੀ ਹੈ ਉਸ ਦਾ ਜੀਉਣਾ ਫਿਟਕਾਰ-ਜੋਗ ਹੀ ਹੈ। ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿਚ) ਕਿਰ ਕਿਰ ਕੇ ਢਹਿ-ਢੇਰੀ ਹੁੰਦਾ ਜਾਂਦਾ ਹੈ। (ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ।1। ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। (ਜੋ ਜੀਵ-ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ ਮਾਇਆ-ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ।1। ਰਹਾਉ। (ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗ਼ਲਤੀ ਨਹੀਂ ਖਾਂਦਾ (ਜਿਸ ਹਿਰਦੇ-ਧਰਤੀ ਵਿਚ ਨਾਮ-ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ। ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿਚ ਕੀਤੀ ਮਿਹਨਤ) ਕਬੂਲ ਪੈਂਦੀ ਹੈ।2। ਜੇਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸ ਦਾ ਸਾਰਾ ਜੀਵਨ-ਢੰਗ ਕੋਝਾ ਹੈ, (ਆਤਮਕ ਰੌਸ਼ਨੀ ਵਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ-ਪੰਧ ਵਿਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ। ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖ਼ੁਆਰ ਹੁੰਦਾ ਰਹਿੰਦਾ ਹੈ।3। (ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ, ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ, ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ) ।4। ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ, ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ। ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ।4।13। ਸਿਰੀਰਾਗੁ ਮਹਲਾ ੧ ॥ ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥ ਮੂੜੇ ਰਾਮੁ ਜਪਹੁ ਗੁਣ ਸਾਰਿ ॥ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥ ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥ ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥ ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥ {ਪੰਨਾ 19} ਪਦ ਅਰਥ: ਸੁੰਞੀ = ਸੱਖਣੀ, ਉੱਜੜੀ ਹੋਈ। ਦੇਹ = ਕਾਂਇਆਂ, ਸਰੀਰ। ਜਾ = ਜਦੋਂ। ਜੀਉ = ਜਿੰਦ। ਭਾਹਿ = ਅੱਗ (ਜੀਵਨ-ਸੱਤਾ) । ਵਿਝਵੀ = ਬੁੱਝ ਗਈ। ਧੂਉ = ਧੂੰਆਂ (ਸੁਆਸ) । ਪੰਚੇ = ਪੰਜੇ ਗਿਆਨ-ਇੰਦ੍ਰੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।1। ਸਾਰਿ = ਸੰਭਾਲ ਕੇ, ਚੇਤੇ ਕਰ ਕਰ ਕੇ। ਸਭ = ਸਾਰੀ ਸ੍ਰਿਸ਼ਟੀ। ਮੁਠੀ = ਮੁੱਠੀ, ਠੱਗੀ ਜਾ ਰਹੀ ਹੈ। ਅਹੰਕਾਰਿ = ਅਹੰਕਾਰ ਵਿਚ।1। ਰਹਾਉ। ਲਗਿ = ਲੱਗ ਕੇ। ਦੁਬਿਧਾ = ਦੁਚਿੱਤਾ-ਪਨ, ਮੇਰ = ਤੇਰ। ਪਚਿ = ਖ਼ੁਆਰ ਹੋ ਕੇ। ਮੁਏ = ਆਤਮਕ ਜੀਵਨ ਗਵਾ ਬੈਠੇ। ਗੁਰਿ = ਗੁਰੂ ਨੇ। ਉਬਰੇ = ਬਚ ਗਏ। ਮੁਠੀ = ਠੱਗ ਲਈ। ਠਗਿ = ਠੱਗ ਨੇ।1। ਮੁਈ = ਮੁੱਕ ਗਈ। ਹਉ = ਹਉਮੈ। ਮਮਤਾ ਮਾਇਆ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ। ਨਿਰੋਧੁ = (ਵਿਕਾਰਾਂ ਵਲੋਂ) ਰੋਕ।3। ਕਾਰੈ = ਕਾਰ ਵਿਚ (ਲੱਗ ਕੇ) । ਪਲੈ ਪਾਇ = ਪ੍ਰਾਪਤੀ ਹੋ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਪਰਧਾਨੁ = ਮੰਨਿਆ-ਪਰਮੰਨਿਆ, ਸੁਰਖ਼ਰੂ। ਪੈਧਾ = ਸਰੋਪਾ ਲੈ ਕੇ।4। ਅਰਥ: ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ। ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ) , ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ (ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ।1। ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ। ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ।1। ਰਹਾਉ। ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ। ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ।2। ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ, ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ। ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।3। ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ।4।14। ਸਿਰੀਰਾਗੁ ਮਹਲ ੧ ॥ ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥ ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥ ਮਨ ਰੇ ਸਬਦਿ ਤਰਹੁ ਚਿਤੁ ਲਾਇ ॥ ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥ ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥ ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥ ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥ ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥ ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥ {ਪੰਨਾ 19-20} ਪਦ ਅਰਥ: ਮੋਹਿ = ਮੋਹ ਵਿਚ। ਮਨੂਰੁ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ। ਫਿਰਿ = ਫਿਰ ਭੀ। ਲਾਗੂ = ਵੈਰੀ। ਕੂਰਿ = ਕੂੜ ਵਿਚ (ਮਸਤ ਰਹਿ ਕੇ) । ਤੂਰੁ = ਵਾਜਾ (ਵਿਕਾਰਾਂ ਦਾ) । ਭਰਮਾਈਐ = ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ = ਦੁਚਿੱਤਾ-ਪਨ। ਪੂਰੁ = ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ) ।1। ਸਬਦਿ = (ਗੁਰੂ ਦੇ) ਸ਼ਬਦ ਵਿਚ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ। ਸੂਚਾ = ਸੁੱਚਾ, ਪਵਿੱਤਰ। ਭੈ = ਨਿਰਮਲ ਡਰ ਵਿਚ, ਅਦਬ ਵਿਚ। ਸਚਿ = ਸਦਾ-ਥਿਰ ਪ੍ਰਭੂ ਦੀ ਯਾਦ ਵਿਚ। ਰਾਤੀ = ਰੰਗੀ ਹੋਈ। ਦੇਹੁਰੀ = ਸੁੰਦਰ ਦੇਹੀ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੁਆਉ = ਸੁਆਰਥ, ਮਨੋਰਥ। ਨਿਹਾਲੀਐ = ਤੱਕਿਆ ਜਾਂਦਾ ਹੈ। ਨ ਪਾਵੈ ਤਾਉ = ਤਾਅ ਨਹੀਂ ਸਹਾਰਦਾ।2। ਸਾਚੇ ਤੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ। ਪਵਨੈ ਤੇ = ਪਵਨ ਤੋਂ। ਤ੍ਰਿਭਵਣੁ = ਸਾਰਾ ਜਗਤ (ਤਿੰਨੇ ਭਵਨ) । ਸਾਜਿਆ = ਰਚਿਆ ਗਿਆ। ਸਮੋਇ = ਸਮਾਈ ਹੋਈ ਹੈ। ਸਬਦਿ ਰਤੇ = ਗੁਰ-ਸ਼ਬਦ ਵਿਚ ਰੰਗੇ ਰਹਿ ਕੇ।3। ਪੰਚ ਭੂਤ = ਪੰਜੇ ਤਤ, ਸਾਰਾ ਸਰੀਰ। ਗੁਰਿ = ਗੁਰੂ ਨੇ। ਤਾਹਿ = ਉਸ ਦੀ।4। ਅਰਥ: ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ।1। ਰਹਾਉ। (ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ) ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ। ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ। ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦ੍ਰਿਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ।1। ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ, ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ। ਜਿਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ।2। ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। (ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।3। ਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ, ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ, ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।4।15। ਸਿਰੀਰਾਗੁ ਮਹਲਾ ੧ ॥ ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥ ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥ ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥ ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥ ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥ ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥ ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥ ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥ ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥ ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥ ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥ ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥ ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥ ਪਦ ਅਰਥ: ਨਾਨਕ = ਹੇ ਨਾਨਕ! ਸਚ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੇ ਦੱਸੇ ਉਪਦੇਸ਼ ਦਾ ਆਸਰਾ ਲੈ ਕੇ। ਇਕਿ = ਅਨੇਕਾਂ ਜੀਵ। ਪੂਰ = ਬੇਅੰਤ ਜੀਵ, ਬੇੜੀ ਦੇ ਪੂਰਾਂ ਦੇ ਪੂਰ {ਨੋਟ: ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ ਸਮੂਹ ਨੂੰ 'ਪੂਰ' ਆਖੀਦਾ ਹੈ}। ਭਰੇ ਅਹੰਕਾਰਿ = ਅਹੰਕਾਰ ਨਾਲ ਭਰੇ ਹੋਏ, ਅਹੰਕਾਰੀ। ਮਨ ਹਠਿ = ਮਨ ਦੇ ਹਠ ਵਿਚ। ਮਨ ਹਠਿ ਮਤੀ = ਹਠੀ ਮਤਿ ਨਾਲ, ਆਪਣੀ ਅਕਲ ਦੇ ਹਠ ਤੇ ਤੁਰਿਆਂ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦਾ ਆਸਰਾ ਲੈਂਦਾ ਹੈ। ਤਾਰਿ = ਤਾਰੈ, ਤਾਰ ਲੈਂਦਾ ਹੈ।1। ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ।1। ਰਹਾਉ। ਆਗੈ = ਸਾਹਮਣੇ ਪਾਸੇ। ਡਉ = ਜੰਗਲ ਦੀ ਅੱਗ। ਡਉ ਜਲੈ = ਮਸਾਣਾਂ ਦੀ ਅੱਗ ਬਲ ਰਹੀ ਹੈ, ਬੇਅੰਤ ਜੀਵ ਮਰ ਰਹੇ ਹਨ। ਹਰਿਓ ਅੰਗੂਰ = ਹਰੇ ਨਵੇਂ ਨਵੇਂ ਕੋਮਲ ਬੂਟੇ, ਜੰਮਦੇ ਬਾਲ। ਜਿਸ ਤੇ = ਜਿਸ ਪਰਮਾਤਮਾ ਤੋਂ। ਸਚੁ = ਸਦਾ-ਥਿਰ ਪ੍ਰਭੂ। ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ। ਮਹਲਿ = ਮਹਲ ਵਿਚ।2। ਸਾਹਿ = ਸਾਹ ਨਾਲ। ਸਾਹਿ ਸਾਹਿ = ਹਰੇਕ ਸਾਹ ਨਾਲ। ਸੰਮਲਾ-ਸੰਮਲਾਂ, ਮੈਂ ਯਾਦ ਕਰਾਂ। ਮਨਿ = ਮਨ ਵਿਚ। ਪੇਉ = ਪੇਉਂ, ਮੈਂ ਪੀਆਂ। ਧਣੀ = ਮਾਲਕ, ਖਸਮ। ਗਰਬੁ-ਅਹੰਕਾਰ। ਨਿਵਾਰਿ = ਦੂਰ ਕਰ ਕੇ। ਸਮੇਉ = ਸਮਾ ਜਾਵਾਂ, ਲੀਨ ਰਹਾਂ।3। ਜਿਨਿ = ਜਿਸ (ਪ੍ਰਭੂ) ਨੇ। ਤ੍ਰਿਭਵਣੁ = ਤਿੰਨੇ ਭਵਨ। ਆਕਾਰੁ = ਦਿਸੱਦਾ ਜਗਤ। ਚਾਨਣੁ = ਜੋਤਿ-ਰੂਪ ਪ੍ਰਭੂ। ਮੁਗਧੁ = ਮੂਰਖ। ਗੁਬਾਰੁ = ਹਨੇਰਾ। ਨਿਰੰਤਰਿ = {ਨਿਰ-ਅੰਤਰ। ਅੰਤਰ-ਵਿੱਥ} ਵਿੱਥ ਤੋਂ ਬਿਨਾ, ਇਕ-ਰਸ। ਸਾਰੁ = ਅਸਲੀਅਤ। 4 ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਕੀਚੈ = ਕੀਤੀ ਜਾਂਦੀ ਹੈ, ਮਿਲਦੀ ਹੈ। ਸੇਤੀ = ਨਾਲ। ਸਚੇ ਗੁਣ = ਸਦਾ-ਥਿਰ ਪ੍ਰਭੂ ਦੇ ਗੁਣ। ਨਾਮਿ = ਨਾਮ ਵਿਚ (ਜੁੜ ਕੇ) । ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ) ।5। ਅਰਥ: ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ) ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ।1। ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ। (ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ।1। ਰਹਾਉ। (ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ) , ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ। ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ। ਤੇ, ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ। ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ।2। (ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ। (ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ। (ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ।3। ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ, ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ। (ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ। ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ।5।16। |
Sri Guru Granth Darpan, by Professor Sahib Singh |