ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 21

ਸਿਰੀਰਾਗੁ ਮਹਲਾ ੧ ॥ ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥ ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥ ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥ ਜੀਅਰੇ ਰਾਮ ਜਪਤ ਮਨੁ ਮਾਨੁ ॥ ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥ ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥ ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥ ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥ ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥ ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥ ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥ {ਪੰਨਾ 21}

ਪਦ ਅਰਥ: ਸਾਸ = ਸਾਹ। ਗਿਰਾਸ = ਗਿਰਾਹੀ, ਖਾਣਾ। ਨਿਰਜਾਸਿ = ਵੇਖਦਾ ਹੈ, ਸੰਭਾਲ ਕਰਦਾ ਹੈ।1।

ਜੀਅ ਰੇ = ਹੇ (ਮੇਰੀ) ਜਿੰਦੇ! ਮਾਨੁ = ਮਨਾਓ, ਗਿਝਾਓ। ਜਲਿ = ਜਲਨ, ਸੜਨ। ਗਿਆਨੁ = ਜਾਣ-ਪਛਾਣ, ਸਾਂਝ।1। ਰਹਾਉ।

ਗਤਿ = ਹਾਲਤ। ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ। ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ। ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ। ਅਨਹਦ = {ਹਨ– ਮਾਰਨਾ, ਚੋਟ ਲਾਣੀ। ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ।

ਅਨਹਦ ਬਾਣੀ = ਇਕ-ਰਸ ਸਿਫ਼ਤਿ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤਿ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ। ਤਾਸੁ = ਉਸ ਤੋਂ। ਖੜਿ = ਲੈ ਜਾ ਕੇ, ਅਪੜਾ ਕੇ। ਪੈਨਾਈਐ = ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ। ਮੁਖਿ = (ਜਿਸ ਦੇ) ਮੂੰਹ ਵਿਚ।3।

ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਰਵਿ ਰਹੇ = ਰੁੱਝੇ ਪਏ ਹਨ। ਸਿਵ = ਜੀਵਾਤਮਾ। ਸਕਤੀ = ਮਾਇਆ। ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ। ਵਿਜੋਗੀ = ਵਿਛੁੜੇ ਹੋਏ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ।4।

ਬੈਰਾਗੀ = ਮਾਇਆ ਵਲੋਂ ਵੈਰਾਗਵਾਨ। ਘਰਿ = ਘਰ ਵਿਚ, ਆਪਣੇ ਸਰੂਪ ਵਿਚ। ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ। ਰਾਤਾ = ਰੰਗਿਆ ਹੋਇਆ। ਭੋਗਵੈ = ਮਾਣਦਾ ਹੈ। ਭੂਖ = ਤ੍ਰਿਸ਼ਨਾ, ਲਾਲਚ। ਮਾਰਿ = ਮਾਰ ਕੇ, ਵੱਸ ਵਿਚ ਕਰ ਕੇ।5।

ਅਰਥ: ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ। ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ।1।

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ, (ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ। (ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ।1।

ਪੂਰੀ ਸਰਧਾ ਨਾਲ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ, ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ। (ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ।2।

ਜਦੋਂ ਇਕ-ਰਸ ਸਿਫ਼ਤਿ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ = ਇਹ ਹਾਲਤ ਮੁੱਕ ਜਾਂਦੀ ਹੈ) । ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ) , ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ।

(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ, ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ।4।

(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ। ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।

ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ।5।18।

ਸਿਰੀਰਾਗੁ ਮਹਲਾ ੧ ॥ ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥ ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥ ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥ ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥ ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥ ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥ ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥ {ਪੰਨਾ 21}

ਪਦ ਅਰਥ: ਲੋਭੇ = ਲੋਭ ਵਿਚ ਹੀ। ਮਨੋ = ਮਨੁ। ਲੋੁਭਾਨੁ = {ਅੱਖਰ 'ਲ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਲੋਭਾਨੁ' ਹੈ, ਪਰ ਇਥੇ ਤੁਕ ਦੀ ਚਾਲ ਠੀਕ ਰੱਖਣ ਵਾਸਤੇ ੋ ਦੇ ਥਾਂ ੁ ਵਰਤ ਕੇ 'ਲੁਭਾਨੁ' ਪੜ੍ਹਨਾ ਹੈ}। ਸਬਦਿ = ਸ਼ਬਦ ਵਿਚ। ਨ ਭੀਜੈ = ਪਤੀਜਦਾ ਨਹੀਂ। ਸਾਕਤਾ = ਮਾਇਆ-ਵੇੜ੍ਹਿਆ। ਦੁਰਮਤਿ = ਭੈੜੀ ਮਤਿ ਦੇ ਕਾਰਨ। ਆਵਨੁ ਜਾਨੁ = ਜਨਮ ਮਰਨ ਦਾ ਗੇੜ। ਸਾਧੂ = ਗੁਰੂ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪਰਮਾਤਮਾ।

ਸਰਵਰੁ = ਸ੍ਰੇਸ਼ਟ ਤਾਲਾਬ।1। ਰਹਾਉ।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਸਾਂਝ ਪਾ। ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ। ਅਹਿ = ਦਿਨ। ਨਿਸਿ = ਰਾਤ। ਸਤਿਗੁਰਿ = ਸਤਿਗੁਰ ਨੇ।2।

ਕੂਕਰ = ਕੁੱਤੇ। ਪਚੈ = ਖ਼ੁਆਰ ਹੁੰਦਾ ਹੈ। ਪਚੈ ਪਚਾਨੁ = ਹਰ ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਪਚਦਾ ਹੀ ਪਚਦਾ ਹੈ। ਘਣੋ = ਬਹੁਤ। ਮਾਰਿ = ਮਾਰ ਮਾਰ ਕੇ। ਖੁਲਹਾਨੁ ਕਰੈ = ਭੋਹ ਕਰ ਦੇਂਦਾ ਹੈ। ਖੁਲਹਾਨੁ = ਖੁਲ੍ਹਣਾ, ਗੁੱਝੀ ਮਾਰ ਮਾਰਨੀ। ਸੁਭਾਨੁ = ਸੁਬਹਾਨ, ਅਚਰਜ।3।

ਐਥੈ = ਇਸ ਲੋਕ ਵਿਚ, ਇਸ ਜਨਮ ਵਿਚ। ਧੰਧੁ = ਜੰਜਾਲ। ਧੰਧੁ ਪਿਟਾਈਐ = ਦੁਨੀਆ ਦੇ ਜੰਜਾਲਾਂ ਵਿਚ ਹੀ ਖਚਿਤ ਰਹੀਦਾ ਹੈ। ਗੁਰ ਕਰਣੀ = ਗੁਰੂ ਵਾਲੀ ਕਾਰ। ਪਰਧਾਨੁ = ਸ੍ਰੇਸ਼ਟ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਕਰਮਿ ਸਚੈ = ਸਦਾ-ਥਿਰ ਪ੍ਰਭੂ ਦੀ ਮਿਹਰ ਨਾਲ। ਨੀਸਾਣੁ = ਪਰਵਾਨਾ, ਲੇਖ।4।

ਅਰਥ: ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ = ਇਹ ਅਹੰਕਾਰ ਛੱਡ, ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।1। ਰਹਾਉ।

ਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ।1।

ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ। ਸਾਧ ਸੰਗਤਿ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ। (ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤਿ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ।2।

ਜੇਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖ਼ੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ (ਇਥੋਂ ਤਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿਚ ਹਰ ਵੇਲੇ ਖ਼ੁਆਰ ਹੁੰਦਾ ਹੈ। ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖ਼ਰ) ਜਮਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦੇਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ।

(ਲੋਭੀ ਮਨੁੱਖ) ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ। ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ) , ਗੁਰੂ ਵਾਲੀ ਇਹ ਕਾਰ (ਦਰਗਾਹ ਵਿਚ) ਮੰਨੀ ਜਾਂਦੀ ਹੈ।

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱਘੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ।4।19।

ਸਿਰੀਰਾਗੁ ਮਹਲਾ ੧ ॥ ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥ ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥ ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥ ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥ ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥ ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥ ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥ ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥ {ਪੰਨਾ 21-22}

ਪਦ ਅਰਥ: ਇਕੁ ਤਿਲੁ = ਰਤਾ ਕੁ ਭੀ ਸਮਾ। ਮਾਹਿ = ਵਿਚ। ਪਤਿ = ਇੱਜ਼ਤ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ।1।

ਅਹਿ ਨਿਸਿ = ਦਿਨ ਰਾਤ। ਸਾਰਿ = ਸੰਭਾਲ, ਚੇਤੇ ਕਰ। ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਜਿਨਿ' ਹੈ (-ਜਿਸ ਨੇ) }। ਤੇ ਜਨ = ਉਹ ਬੰਦੇ।1। ਰਹਾਉ।

ਜੋਤੀ = ਜੋਤਿ ਦਾ ਮਾਲਕ ਹਰੀ। ਸੁਰਤੀ = ਸੁਰਤਿ ਦਾ ਮਾਲਕ ਪ੍ਰਭੂ। ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ। ਮਨਿ = ਮਨ ਵਿਚ। ਸੰਜੋਗੁ = ਅਵਸਰ, ਮੌਕਾ।2।

ਕਾਮਣਿ = ਇਸਤ੍ਰੀ। ਕਾਇਆ = ਸਰੀਰ। ਕਰੀ = ਕਰੀਂ, ਮੈਂ ਕਰਾਂ = ਨ ਕੀਜਈ = ਨਹੀਂ ਕਰਨਾ ਚਾਹੀਦਾ। ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ। ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ। ਸੇਜ ਭਤਾਰੁ = (ਹਿਰਦਾ-) ਸੇਜ ਦਾ ਪਤੀ।3।

ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ। ਪ੍ਰਗਾਸਿਆ = ਖਿੜਦਾ ਹੈ। ਅਘਾਇ = ਰੱਜ ਕੇ, ਪੂਰੇ ਤੌਰ ਤੇ।4।

ਅਰਥ: ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ। ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ।1। ਰਹਾਉ।

(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ) । (ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ। ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤਿ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ।1।

ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤਿ ਦਾ ਮੇਲ ਕਰ ਦੇਈਏ ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ। ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ।1।

ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ। ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹ ਮਿਲੀ ਰਹੇ) , ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ। ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ।3।

ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ। (ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ। ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ।4। 20।

TOP OF PAGE

Sri Guru Granth Darpan, by Professor Sahib Singh