ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 22 ਸਿਰੀਰਾਗੁ ਮਹਲਾ ੧ ॥ ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥ ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥ ਭਾਈ ਰੇ ਹਰਿ ਹੀਰਾ ਗੁਰ ਮਾਹਿ ॥ ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥ ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥ ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥ ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥ ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥ ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥ ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥ ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥ {ਪੰਨਾ 22} ਪਦ ਅਰਥ: ਲੈ = ਲੈ ਕੇ। ਬੋਲਿ = ਉੱਚਾਰ, ਸਿਮਰ। ਸਚ ਕਸਵਟੀ = ਸੱਚ ਦੀ ਕਸਵੱਟੀ ਉਤੇ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਸਵੱਟੀ ਉਤੇ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾਈ ਜਾਂਦੀ ਹੈ ਜਿਸ ਉਤੇ ਸੋਨਾ ਪਰਖਣ ਲਈ ਘਸਾਇਆ ਜਾਂਦਾ ਹੈ। ਲਾਈਐ = ਲਾਇਆ ਜਾਂਦਾ ਹੈ। ਤੁਲੀਐ = ਤੁਲਦਾ ਹੈ। ਪੂਰੈ ਤੋਲਿ = ਪੂਰੇ ਤੋਲ ਨਾਲ। ਤੁਲੀਐ ਪੂਰੈ ਤੋਲਿ = ਪੂਰੇ ਤੋਲ ਨਾਲ ਤੁਲਦਾ ਹੈ, ਤੋਲ ਵਿਚ ਪੂਰਾ ਉਤਰਦਾ ਹੈ। ਕਿਨੈ = ਕਿਸੇ ਨੇ ਭੀ। ਰਿਦ ਮਾਣਕ = ਹਿਰਦਾ-ਮੋਤੀ। ਮੋਲਿ = ਮੁੱਲ ਵਿਚ।1। ਗੁਰ ਮਾਹਿ = ਗੁਰੂ ਵਿਚ, ਗੁਰੂ ਦੇ ਕੋਲ। ਸਬਦਿ = ਸ਼ਬਦ ਵਿਚ (ਜੁੜ ਕੇ) । ਸਲਾਹਿ = ਸਿਫ਼ਤਿ-ਸਾਲਾਹ ਕਰ।1। ਰਹਾਉ। ਲੈ = ਇਕੱਠਾ ਕਰ। ਗੁਰ ਪਰਗਾਸਿ = ਗੁਰੂ ਦੇ (ਦਿੱਤੇ ਹੋਏ) ਚਾਨਣ ਨਾਲ। ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ) । ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ।2। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹਨ। ਭਾਵਈ = ਭਾਵੈ, ਚੰਗਾ ਲੱਗਦਾ, ਪਸੰਦ ਆਉਂਦਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਚ ਭਾਇ = ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ। ਪਾਂਇ = ਪਾਂਇਆਂ, ਇੱਜ਼ਤ। ਗੁਰਿ ਮੇਲਿਐ = ਜੇ ਗੁਰੂ ਮਿਲਾ ਦੇਵੇ। ਸਮਾਇ = ਸਮਾਈ, ਲੀਨਤਾ।3। ਹੀਰੁ = ਹੀਰਾ। ਘਟਿ ਘਟਿ = ਹਰੇਕ ਘਟ ਵਿਚ। ਗਹਿਰ ਗੰਭੀਰੁ = ਅਥਾਹ ਪ੍ਰਭੂ।4। ਅਰਥ: ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ। ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ। ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ।1। ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ। ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ।1। (ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ। ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ। (ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।2। ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ। (ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ) । (ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ।3। ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ ਲਾਲ ਹੈ, ਰਤਨ ਹੈ ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ। ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ। (ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ।4। 21। ਸਿਰੀਰਾਗੁ ਮਹਲਾ ੧ ॥ ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥ ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥ ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥ ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥ ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥ ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥ ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥ ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥ ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥ {ਪੰਨਾ 22} ਪਦ ਅਰਥ: ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ। ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਜੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ। ਹੋਰੁ ਕਿਤੈ = ਕਿਸੇ ਹੋਰ ਥਾਂ।1। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ। ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।1। ਰਹਾਉ। ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ) । ਪਤਿ = ਇੱਜ਼ਤ। ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।2। ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ) । ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ) । ਆਵੈ ਜਾਇ = ਜੰਮਦਾ ਮਰਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।3। ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤੇ = ਉਹ (ਬਹੁ-ਵਚਨ) । ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ।4। ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ। ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ = ਇਹ ਲਾਲਚ ਮੁਕਾ ਲਈਦਾ ਹੈ।1। ਰਹਾਉ। (ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ, ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ। (ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ।1। ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ। (ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੁੜਦੀ ਹੈ। (ਪ੍ਰਭੂ-ਚਰਨਾਂ ਵਿਚ ਸੁਰਤਿ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ।2। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ। (ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ।3। ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ (ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ। ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ) , (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ।4। 22। |
Sri Guru Granth Darpan, by Professor Sahib Singh |