ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 23 ਸਿਰੀਰਾਗੁ ਮਹਲਾ ੧ ॥ ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥ ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥ {ਪੰਨਾ 23} ਪਦ ਅਰਥ: ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ। ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ। ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ) । ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ।1। ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।1। ਰਹਾਉ। ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ। ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ। ਖੋਟੇ = ਖੋਟੇ (ਸਿੱਕੇ) । ਪੋਤੈ = ਖ਼ਜ਼ਾਨੇ ਵਿਚ। ਗੁਰ ਦਰਸੁ = ਗੁਰੂ ਦਾ ਦਰਸ। ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ। ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ।3। ਸਬਦਿ ਸਾਲਾਹ = ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ। ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ 'ਸਾਲਾਹ', 'ਤਿਨਾਹ' ਦੇ ਨਾਲ ਰਲਾਣ ਲਈ 'ਮਾਹਿ' ਦੇ ਥਾਂ 'ਮਾਹ' ਹੈ}।4। ਅਰਥ: ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ।1। ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ।1। ਰਹਾਉ। ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ) । ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ।2। ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ।3। ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ। ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ।4। 23। ਸਿਰੀਰਾਗੁ ਮਹਲਾ ੧ ਘਰੁ ੨ ॥ ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ {ਪੰਨਾ 23} ਪਦ ਅਰਥ: ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਸਦਾ ੁ ਅੰਤ ਹੈ, ਇਸ ਦਾ ਅਰਥ ਹੈ 'ਅਤੇ'। ਲਫ਼ਜ਼ 'ਅਰਿ' ਿ-ਅੰਤ ਹੈ, ਉਸ ਦਾ ਅਰਥ ਹੈ 'ਵੈਰੀ'}। ਫੁਲੜਾ = ਸੋਹਣਾ ਜਿਹਾ ਫੁੱਲ। ਨਾਠੀਅੜੇ = ਪਰਾਹੁਣੇ। ਪਬਣਿ = ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ। ਕੇਰੇ = ਦੇ। ਪਤ = ਪੱਤਰ (ਬਹੁ-ਵਚਨ) । ਢਲਿ ਢੁਲਿ = ਕੁਮਲਾ ਕੇ, ਸੁੱਕ ਕੇ। ਜੁੰਮਣਹਾਰ = {ਸਿੰਧੀ} ਤੁਰ ਜਾਣ ਵਾਲੇ, ਨਾਸਵੰਤ।1। ਰੰਗ = ਆਤਮਕ ਆਨੰਦ। ਜਾ = ਜਦ ਤਕ। ਨਉਹੁਲਾ = ਨਵਾਂ, ਨਵੇਂ ਹੁਲਾਰੇ ਵਾਲਾ। ਥਕੇ = ਥੱਕੇ, ਰਹਿ ਗਏ। ਚੋਲਾ = ਸਰੀਰ।1। ਰਹਾਉ। ਰੰਗੁਲੇ = ਪਿਆਰੇ। ਜੀਰਾਣਿ = ਜੀਰਾਣ ਵਿਚ, ਕਬਰਿਸਤਾਨ ਵਿਚ। ਹੰਭੀ = ਹਉ ਭੀ, ਮੈਂ ਭੀ। ਵੰਝਾ = ਵੰਞਾ, ਜਾਵਾਂਗੀ। ਡੁਮਣੀ = ਦੁ-ਮਨੀ, ਦੁਚਿੱਤੀ ਹੋ ਕੇ। ਰੋਵਾ = ਰੋਵਾਂ, (ਹੁਣ) ਰੋਂਦੀ ਹਾਂ। ਝੀਣੀ = ਮੱਧਮ, ਧੀਮੀ। ਬਾਣਿ = ਆਵਾਜ਼, ਬਾਣੀ।2। ਗੋਰੀਏ = ਹੇ ਸੁੰਦਰ ਜੀਵ-ਇਸਤ੍ਰੀ! ਆਪਣ ਕੰਨੀ = ਆਪਣੇ ਕੰਨਾਂ ਨਾਲ, ਧਿਆਨ ਦੇ ਕੇ। ਸੋਇ = ਖ਼ਬਰ। ਲਗੀ ਆਵਹਿ = ਜ਼ਰੂਰ ਆਵੇਂਗੀ। ਪੇਈਆ = ਪੇਕਾ-ਘਰ, ਇਹ ਜਗਤ।3। ਸੁਤੀ = ਗ਼ਾਫ਼ਲ ਬੇ-ਪਰਵਾਹ ਹੋ ਰਹੀ। ਪੇਈਐ = ਪੇਕੇ-ਘਰ ਵਿਚ। ਜਾਣ = ਸਮਝ। ਵਿਰਤੀ = ਵਿ-ਰਾਤ੍ਰੀ, ਰਾਤ ਦੇ ਉਲਟ, ਦਿਨ-ਦਿਹਾੜੇ। ਗੰਠੜੀ = ਨਿੱਕੀ ਜਿਹੀ ਪੋਟਲੀ। ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ।4। ਅਰਥ: ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ = ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ। ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ।1। ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ; ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ।1। ਰਹਾਉ। ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ।2। ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ?3। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ।4। 24। ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ {ਪੰਨਾ 23} ਪਦ ਅਰਥ: ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ। ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।1। ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ।1। ਰਹਾਉ ਮਾਛੀ = ਮੱਛੀਆਂ ਫੜਨ ਵਾਲਾ। ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) । 2 ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ। ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ।3। ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ। ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ।4। ਅਰਥ: ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ।1। ਰਹਾਉ। ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।1। ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) । ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।2। ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।3। ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ।4। 25। ਸਿਰੀਰਾਗੁ ਮਹਲਾ ੧ ਘਰੁ ੩ ॥ ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥ ਕਾਹੇ ਗਰਬਸਿ ਮੂੜੇ ਮਾਇਆ ॥ ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥ ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥ {ਪੰਨਾ 23} ਪਦ ਅਰਥ: ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ) । ਕਿਰਸਾਣੁ = ਕਿਸਾਨ, ਵਾਹੀ ਕਰਨ ਵਾਲਾ। ਰਿਦੈ = ਹਿਰਦੇ ਵਿਚ। ਜੰਮਾਇ ਲੈ = ਉਗਾ ਲੈ। ਇਉ = ਇਸ ਤਰ੍ਹਾਂ। ਨਿਰਬਾਣ = ਵਾਸਨਾ-ਰਹਿਤ। {invwLx = ਬੁੱਝਾ ਹੋਇਆ, ਜਿਸ ਵਿਚੋਂ ਵਾਸਨਾ ਮੁੱਕ ਜਾਣ}।1। ਗਰਬਸਿ = ਅਹੰਕਾਰ ਕਰਦਾ ਹੈਂ। ਮੂੜੇ = ਹੇ ਮੂਰਖ! ਸੁਤੋ = ਸੁਤੁ, ਪੁੱਤ੍ਰ। ਪਿਤ = ਪਿਤਾ। ਸਗਲ = ਸਾਰੇ। ਕਾਲਤ੍ਰ = ਕਲਤ੍ਰ, ਇਸਤ੍ਰੀ। ਅੰਤਿ = ਅਖ਼ੀਰ ਵੇਲੇ। ਸਖਾਇਆ = ਮਿਤ੍ਰ ।1। ਰਹਾਉ। ਦੁਸਟ = ਭੈੜੇ। ਕਿਰਖਾ ਕਰੇ = ਪੁੱਟ ਦੇਵੇ (ਜਿਵੇਂ ਕਿਸਾਨ ਖੇਤੀ ਵਿਚੋਂ ਨਦੀਨ ਪੁੱਟ ਦੇਂਦਾ ਹੈ) । ਤਜਿ = ਛੱਡ ਕੇ। ਆਤਮੈ ਹੋਇ = ਆਪਣੇ ਅੰਦਰ ਇਕ-ਚਿਤ ਹੋ ਕੇ। ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ।2। ਬੀਸ = ਵੀਹ। ਸਪਤ = ਸੱਤ। ਬੀਸ ਸਪਤਾਹਰੋ = 27 ਦਿਨ, 27 ਨਛਤ੍ਰ। ਬਾਸਰੋ = ਦਿਨ। ਸੰਗ੍ਰਹੈ– ਇਕੱਠਾ ਕਰੇ। ਤੀਨਿ ਖੋੜਾ = ਤਿੰਨ ਅਵਸਥਾ (ਬਾਲ, ਜੁਆਨੀ, ਬੁਢੇਪਾ) । ਸਾਰੈ = ਚੇਤੇ ਰੱਖੇ। ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ। ਅਠਾਰਮੈ = ਅਠਾਰਾਂ ਪੁਰਾਣਾਂ ਵਿਚ। ਅਪਰੰਪਰੋ = ਅਪਰੰਪਰੁ, ਪਰਮਾਤਮਾ। ਚੀਨੈ = ਖੋਜੇ, ਪਛਾਣੇ। ਇਵ = ਇਸ ਤਰ੍ਹਾਂ। ਏਕੁ = ਪ੍ਰਭੂ।3। ਅਰਥ: ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ? ਪਿਤਾ, ਪੁੱਤਰ, ਇਸਤ੍ਰੀ, ਮਾਂ = ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ। ਰਹਾਉ। (ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ। ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।1। ਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ।2। ਹੇ ਨਾਨਕ! ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ, ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।3। 26। |
Sri Guru Granth Darpan, by Professor Sahib Singh |