ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 25

ਸਿਰੀਰਾਗੁ ਮਹਲਾ ੧ ਘਰੁ ੪ ॥ ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥ ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥੧॥ ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥ ਤੇਰੇ ਜੀਅ ਜੀਆ ਕਾ ਤੋਹਿ ॥ ਕਿਤ ਕਉ ਸਾਹਿਬ ਆਵਹਿ ਰੋਹਿ ॥ ਜੇ ਤੂ ਸਾਹਿਬ ਆਵਹਿ ਰੋਹਿ ॥ ਤੂ ਓਨਾ ਕਾ ਤੇਰੇ ਓਹਿ ॥੨॥ ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥ ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥੩॥ ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ {ਪੰਨਾ 25}

ਪਦ ਅਰਥ: ਸੁਰਤਿ = ਸੂਝ। ਏਕਾ ਸੁਰਤਿ = ਇਕ (ਪਰਮਾਤਮਾ ਦੀ ਦਿੱਤੀ ਹੋਈ) ਸੂਝ। ਜੀਅ = {'ਜੀਉ' ਤੋਂ ਬਹੁ-ਵਚਨ} ਜੀਵ। ਜੇਤੇ = ਜਿਤਨੇ। ਵਿਹੂਣਾ = ਸੱਖਣਾ। ਕੀਅ = ਪੈਦਾ ਕੀਤਾ। ਤਿਨ ਰਾਹੁ = ਉਹਨਾਂ ਜੀਵਾਂ ਦਾ ਜੀਵਨ-ਰਸਤਾ। ਲੇਖਾ ਇਕੋ = ਇਕ ਪਰਮਾਤਮਾ ਹੀ ਇਹ ਲੇਖਾ ਰੱਖਦਾ ਹੈ। ਆਵਹੁ ਜਾਹੁ = (ਮਿਲੀ ਸੁਰਤਿ ਅਨੁਸਾਰ) ਜੀਵ ਆਉਂਦੇ ਤੇ ਜਾਂਦੇ ਹਨ।1। ਰਹਾਉ।

ਜੀਅ = ਹੇ ਜੀਵ! ਲੇਵੈ = (ਜੀਵ ਤੋਂ ਸੂਝ) ਖੋਹ ਲੈਂਦਾ ਹੈ।1। ਰਹਾਉ।

ਤੋਹਿ = ਤੂੰ। ਕਿਤ ਕਿਉ = ਕਿਉਂ? ਸਾਹਿਬ = ਹੇ ਸਾਹਿਬ! ਰੋਹਿ = ਰੋਹ ਵਿਚ, ਗੁੱਸੇ ਵਿਚ। ਓਹਿ = ਉਹ ਸਾਰੇ ਜੀਵ।2।

ਬੋਲਵਿਗਾੜ = ਬੜਬੋਲੇ, ਵਿਗੜੇ ਬੋਲ ਬੋਲਣ ਵਾਲੇ। ਵਿਗਾੜਹ = {ਵਰਤਮਾਨ, ਉੱਤਮ ਪੁਰਖ, ਬਹੁ-ਵਚਨ} ਅਸੀਂ ਵਿਗਾੜਦੇ ਹਾਂ। ਵਿਗਾੜਹ ਬੋਲ = ਅਸੀਂ ਫਿੱਕੇ ਬੋਲ ਬੋਲਦੇ ਹਾਂ। ਨਦਰੀ ਅੰਦਰਿ = ਮਿਹਰ ਦੀ ਨਿਗਾਹ ਨਾਲ। ਤੋਲਹਿ = ਤੂੰ ਤੋਲਦਾ ਹੈਂ, ਤੂੰ ਜਾਚਦਾ ਹੈਂ। ਜਹ = ਜਿਥੇ, ਜਿਸ ਮਨੁੱਖ ਦੇ ਅੰਦਰ। ਕਰਣੀ = ਗੁਰੂ ਦਾ ਦੱਸਿਆ ਹੋਇਆ ਆਚਰਨ। ਘਟੇ ਘਟਿ = ਘੱਟ ਹੀ ਘੱਟ, ਮਤਿ ਕਮਜ਼ੋਰ ਹੀ ਕਮਜ਼ੋਰ।3।

ਪ੍ਰਣਵਤਿ = ਬੇਨਤੀ ਕਰਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਪਰਸਾਦਿ = ਕਿਰਪਾ ਨਾਲ।

ਅਰਥ: ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ, (ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ। ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ। (ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ।1।

ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ? ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ।1। ਰਹਾਉ।

ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ (ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ) । ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?) ਤੂੰ ਉਹਨਾਂ ਦਾ ਮਾਲਕ ਹੈਂ ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ।2।

(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ, ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ। (ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ) , (ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ।3।

ਨਾਨਕ ਬੇਨਤੀ ਕਰਦਾ ਹੈ– ਅਸਲ ਗਿਆਨਵਾਨ ਮਨੁੱਖ ਉਹ ਹੈ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ, ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ। ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4। 30।

ਸਿਰੀਰਾਗੁ ਮਹਲਾ ੧ ਘਰੁ ੪ ॥ ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥ ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥ ਤੂ ਭਰਪੂਰਿ ਜਾਨਿਆ ਮੈ ਦੂਰਿ ॥ ਜੋ ਕਛੁ ਕਰੀ ਸੁ ਤੇਰੈ ਹਦੂਰਿ ॥ ਤੂ ਦੇਖਹਿ ਹਉ ਮੁਕਰਿ ਪਾਉ ॥ ਤੇਰੈ ਕੰਮਿ ਨ ਤੇਰੈ ਨਾਇ ॥੨॥ ਜੇਤਾ ਦੇਹਿ ਤੇਤਾ ਹਉ ਖਾਉ ॥ ਬਿਆ ਦਰੁ ਨਾਹੀ ਕੈ ਦਰਿ ਜਾਉ ॥ ਨਾਨਕੁ ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ {ਪੰਨਾ 25}

ਪਦ ਅਰਥ: ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ {ਬੀਨਾਈ = ਨਜ਼ਰ}। ਮਛੁਲੀ = ਛੋਟੀ ਜਿਹੀ ਮੱਛੀ। ਮੈ ਕੈਸੇ ਲਹਾ = (ਲਹਾਂ) ਮੈਂ ਕਿਵੇਂ ਲੱਭਾਂ? ਮੈਂ ਨਹੀਂ ਲੱਭ ਸਕਦੀ। ਜਹ ਜਹ = ਜਿਧਰ ਜਿਧਰ। ਦੇਖਾ = ਦੇਖਾਂ, ਮੈਂ ਵੇਖਦੀ ਹਾਂ। ਤੇ = ਤੋਂ। ਨਿਕਸੀ = ਨਿਕਲੀ ਹੋਈ, ਵਿੱਛੁੜੀ ਹੋਈ। ਫੂਟਿ ਮਰਾ = (ਮਰਾਂ) ਮੈਂ ਫੁੱਟ ਕੇ ਮਰ ਜਾਂਦੀ ਹਾਂ।1।

ਮੇਉ = ਮਲਾਹ, ਮਾਛੀ {ਨੋਟ: ਦਰਿਆਵਾਂ ਦੇ ਕੰਢੇ ਮਲਾਹ ਹੀ ਆਮ ਤੌਰ ਤੇ ਮੱਛੀਆਂ ਫੜਨ ਦਾ ਭੀ ਕੰਮ ਕਰਦੇ ਹਨ}। ਸਮਾਲੀ = ਸਮਾਲੀਂ, ਮੈਂ ਯਾਦ ਕਰਦੀ ਹਾਂ।1। ਰਹਾਉ।

ਭਰਪੂਰਿ = ਨਕਾ ਨਕ, ਹਰ ਥਾਂ ਮੌਜੂਦ। ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ। ਮੁਕਰਿ ਪਾਉ = ਮੈਂ ਮੁੱਕਰ ਜਾਂਦਾ ਹਾਂ। ਤੇਰੈ ਕੰਮਿ = ਤੇਰੇ ਕੰਮ ਵਿਚ। ਤੇਰੈ ਨਾਇ = ਤੇਰੇ ਨਾਮ ਵਿਚ।2।

ਜੇਤਾ = ਜਿਤਨਾ ਕੁਝ। ਦੇਹਿ = ਤੂੰ ਦੇਂਦਾ ਹੈਂ। ਹਉ = ਮੈਂ। ਬਿਆ = ਦੂਜਾ। ਦਰੁ = ਦਰਵਾਜਾ, ਘਰ। ਕੈ ਦਰਿ = ਕਿਸ ਦੇ ਦਰ ਤੇ? ਜਾਉ = ਜਾਉਂ, ਮੈਂ ਜਾਵਾਂ। ਤੇਰੈ ਪਾਸਿ = ਤੇਰੇ ਕੋਲ, ਤੇਰੇ ਹਵਾਲੇ ਹਨ, ਤੇਰੇ ਹੀ ਆਸਰੇ ਹਨ।3।

ਮੰਝਿ = ਵਿਚਕਾਰ। ਮਿਆਨੋੁ, ਜਹਾਨੋੁ, ਪਰਵਾਨੋੁ = {ਨੋਟ: ਅਸਲ ਲਫ਼ਜ਼ ਹਨ– ਮਿਆਨੁ, ਜਹਾਨੁ, ਪਰਵਾਨੁ। ਛੰਦ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾਈ ਗਈ ਹੈ, ਇਹ ਪੜ੍ਹਨੇ ਹਨ– ਮਿਆਨੋ, ਜਹਾਨੋ, ਪਰਵਾਨੋ}। ਮਿਆਨੁ = ਦਰਮਿਆਨ, ਵਿਚਕਾਰਲਾ ਹਿੱਸਾ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਕੁਦਰਤਿ = ਸੱਤਿਆ, ਤਾਕਤ।4।

ਅਰਥ: ਹੇ ਪ੍ਰਭੂ! ਤੂੰ (ਇਕ) ਦਰੀਆ (ਸਮਾਨ ਹੈਂ) , ਮੈਂ (ਤੇਰੇ ਵਿਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਬੰਨਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿਤ) ਦੇਖਦਾ ਹੈਂ। ਮੈਂ (ਮੱਛੀ ਤੈਂ ਦਰੀਆ ਵਿਚ) ਜਿਧਰ ਵੇਖਦੀ ਹਾਂ ਉਧਰ ਉਧਰ ਤੂੰ (ਦਰੀਆ ਹੀ ਦਰੀਆ) ਹੈ। ਜੇ ਮੈਂ ਤੈਂ ਦਰੀਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ।1।

(ਹੇ ਦਰੀਆ-ਪ੍ਰਭੂ! ਤੈਥੋਂ ਵਿਛੋੜਨ ਵਾਲੇ) ਨਾਹ ਮੈਨੂੰ ਮਾਛੀ ਦੀ ਸਮਝ ਹੈ, ਨਾਹ ਹੀ ਉਸ ਦੇ ਜਾਲ ਦੀ (ਉਹਨਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ) । (ਤੈਥੋਂ ਵਿਛੋੜਨ ਵਾਸਤੇ) ਜਦੋਂ ਮੈਨੂੰ ਕੋਈ (ਆਤਮਕ) ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ।1। ਰਹਾਉ।

ਹੇ ਪ੍ਰਭੂ! ਤੂੰ (ਇਸ ਜਗਤ ਵਿਚ) ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵੱਸਦਾ ਸਮਝਿਆ ਹੋਇਆ ਹੈ (ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ, ਤੂੰ ਸਭ ਕੁਝ ਵੇਖਦਾ ਹੈਂ (ਫਿਰ ਭੀ) ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਮੈਂ ਨਾਹ ਉਸ ਕੰਮ ਵਿਚ ਲੱਗਦਾ ਹਾਂ ਜੋ ਤੈਨੂੰ ਪਰਵਾਨ ਹੋਵੇ, ਨਾਹ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ।2।

ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ, ਕੋਈ ਹੋਰ ਦਰਵਾਜ਼ਾ ਨਹੀਂ ਹੈ ਜਿਥੇ ਮੈਂ ਜਾਵਾਂ (ਤੇ ਸਵਾਲੀ ਬਣਾਂ) । ਨਾਨਕ ਸਿਰਫ਼ ਇਹ ਬੇਨਤੀ ਕਰਦਾ ਹੈ ਕਿ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਹੀ ਆਸਰੇ ਰਹਿ ਸਕਦਾ ਹੈ।3।

ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਦੂਰ ਭੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ। ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਦਾ ਹੈ। ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ।4। 31।

ਸਿਰੀਰਾਗੁ ਮਹਲਾ ੧ ਘਰੁ ੪ ॥ ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ ਕਿਆ ਹੋਇ ॥੧॥ ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ ਜਾ ਕੇ ਰੁਖ ਬਿਰਖ ਆਰਾਉ ॥ ਜੇਹੀ ਧਾਤੁ ਤੇਹਾ ਤਿਨ ਨਾਉ ॥ ਫੁਲੁ ਭਾਉ ਫਲੁ ਲਿਖਿਆ ਪਾਇ ॥ ਆਪਿ ਬੀਜਿ ਆਪੇ ਹੀ ਖਾਇ ॥੨॥ ਕਚੀ ਕੰਧ ਕਚਾ ਵਿਚਿ ਰਾਜੁ ॥ ਮਤਿ ਅਲੂਣੀ ਫਿਕਾ ਸਾਦੁ ॥ ਨਾਨਕ ਆਣੇ ਆਵੈ ਰਾਸਿ ॥ ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ {ਪੰਨਾ 25}

ਪਦ ਅਰਥ: ਕੀਤਾ = ਪੈਦਾ ਕੀਤਾ ਹੋਇਆ ਜੀਵ। ਮਨਿ = ਮਨ ਵਿਚ। ਕਹਾ ਮਾਨੁ ਕਰੇ = ਕੀਹ ਮਾਣ ਕਰ ਸਕਦਾ ਹੈ? ਕੈ ਹਥਿ = ਦੇ ਹੱਥ ਵਿਚ। ਭਾਵੈ = ਜੇ ਚੰਗਾ ਲੱਗੇ, ਜੇ ਉਸ ਦੀ ਮਰਜ਼ੀ ਹੋਵੇ। ਕੈ ਕਹਿਐ = ਦੇ ਕਹਿਣ ਨਾਲ।1।

ਸਚੁ = ਸਦਾ-ਥਿਰ ਰਹਿਣ ਵਾਲਾ। ਤਿਸੁ = ਉਸ ਨੂੰ। ਅੰਧਾ = ਗਿਆਨ-ਹੀਣ। ਕਚਾ = ਕੱਚਾ, ਹੋਛਾ। ਕਚੁ = ਹੋਛਾ। ਨਿਕਚੁ = ਬਿਲਕੁਲ ਹੋਛਾ।1। ਰਹਾਉ।

ਆਰਾਉ = ਆਰਾਸਤਗੀ, ਸਜਾਵਟ। ਜਾ ਕੇ = ਜਿਸ ਦੇ (ਪੈਦਾ ਕੀਤੇ ਹੋਏ) । ਧਾਤੁ = ਅਸਲਾ। ਭਾਉ = ਭਾਵਨਾ, ਰੁਚੀ। ਬੀਜਿ = ਬੀਜ ਕੇ। ਖਾਇ = ਖਾਂਦਾ ਹੈ।2।

ਕੰਧ = (ਜੀਵਨ-ਉਸਾਰੀ ਦੀ) ਕੰਧ। ਰਾਜੁ = (ਜੀਵਨ-ਉਸਾਰੀ ਬਣਾਵਣ ਵਾਲਾ) ਮਨ। ਅਲੂਣੀ = ਗੁਣ-ਹੀਣ। ਸਾਦੁ = ਸੁਆਦ (ਭਾਵ, ਜੀਵਨ) । ਆਣੇ ਰਾਸਿ = ਜੇ ਰਾਸਿ ਆਣੇ, ਜੇ ਸੁਧਾਰ ਦੇਵੇ। ਆਵੈ ਰਾਸਿ = ਰਾਸਿ ਆਵੈ, ਸੁਧਰ ਜਾਂਦਾ ਹੈ। ਸਾਬਾਸਿ = ਆਦਰ, ਇੱਜ਼ਤ।3।

ਅਰਥ: ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ। ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ।1। ਰਹਾਉ।

(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ, ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ? ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ। ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ।1।

ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ। ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ) । (ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ) । ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ।2।

ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ = ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ। ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ। (ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ। (ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।3। 32।

ਸਿਰੀਰਾਗੁ ਮਹਲਾ ੧ ਘਰੁ ੫ ॥ ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥ ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥ ਸਚੁ ਬੂਝਣੁ ਆਣਿ ਜਲਾਈਐ ॥੨॥ ਇਹੁ ਤੇਲੁ ਦੀਵਾ ਇਉ ਜਲੈ ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥ {ਪੰਨਾ 25}

ਪਦ ਅਰਥ: ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ। ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ। ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ। ਘਾਉ = ਜ਼ਖ਼ਮ। ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ।1।

ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ।1। ਰਹਾਉ।

ਕਮਾਈਐ = ਕਮਾਈ ਕਰੀਏ, ਜੀਵਨ ਬਣਾਈਏ। ਇਤੁ = ਇਸ ਵਿਚ। ਤਨਿ = ਤਨ ਵਿਚ। ਇਤੁ ਤਨਿ = ਇਸ ਤਨ ਵਿਚ। ਸਚੁ ਬੂਝਣੁ = ਸਚ ਨੂੰ ਸਮਝਣਾ, ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਣੀ। ਆਣਿ = ਲਿਆ ਕੇ।2।

ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।3।

ਬੈਸਣੁ = ਬੈਠਣ ਦੀ ਥਾਂ। ਬਾਹ ਲੁਡਾਈਐ = ਬੇ-ਫ਼ਿਕਰ ਹੋ ਜਾਈਦਾ ਹੈ।4।

ਨੋਟ: ਇਸ ਸ਼ਬਦ ਵਿਚ 'ਰਹਾਉ' ਦੇ ਦੋ ਬੰਦ ਹਨ। ਪਹਿਲੇ 'ਰਹਾਉ' ਵਿਚ ਪ੍ਰਸ਼ਨ ਕੀਤਾ ਹੋਇਆ ਹੈ। ਦੂਜੇ 'ਰਹਾਉ' ਵਿਚ ਉਸ ਪ੍ਰਸ਼ਨ ਦਾ ਉੱਤਰ ਹੈ।

ਅਰਥ: (ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ) ।1। ਰਹਾਉ।

ਅਛਲ ਮਾਇਆ = ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) = ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ। ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ।1।

ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ) , ਪਰਮਾਤਮਾ ਦਾ ਡਰ = ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ, ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ।2।

ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ। (ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ।1। ਰਹਾਉ।

(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, (ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ, ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ।3।

(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ। ਹੇ ਨਾਨਕ ਆਖ– (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ।4। 33।

ਨੋਟ: ਸਿਰੀ ਰਾਗੁ ਵਿਚ ਗੁਰੂ ਨਾਨਕ ਦੇਵ ਜੀ ਦੇ ਇਹ 33 ਸ਼ਬਦ ਹਨ।

TOP OF PAGE

Sri Guru Granth Darpan, by Professor Sahib Singh