ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 26 ਸਿਰੀਰਾਗੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥ ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥ ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥ ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥ ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥ ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥ ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥ ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥ ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥ ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥ ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥ ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥ {ਪੰਨਾ 26} ਪਦ ਅਰਥ: ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਦਾ ਹਾਂ। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ ਹੋ ਕੇ। ਭਾਇ = ਪ੍ਰੇਮ ਨਾਲ। ਭਾਉ = ਪ੍ਰੇਮ। ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ। ਮਨ ਚਿੰਦਿਆ = ਮਨ-ਇੱਛਤ। ਵਰੁ = ਮੰਗ, ਬਖ਼ਸ਼ੀਸ਼। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਸਹਜਿ = ਆਤਮਕ ਅਡੋਲਤਾ ਵਿਚ।1। ਤਿਖ = ਤੇਹ, ਤ੍ਰਿਸ਼ਨਾ। ਜਾਇ = ਦੂਰ ਹੋ ਜਾਏ। ਗੁਰਮੁਖਿ = ਗੁਰੂ ਦੀ ਰਾਹੀਂ।1। ਰਹਾਉ। ਨਿਧਾਨੁ = ਖ਼ਜ਼ਾਨਾ। ਅੰਤਰਿ = (ਉਹਨਾਂ ਦੇ) ਅੰਦਰ। ਰਵਿ ਰਹਿਆ = ਸਿੰਜਰ ਜਾਂਦਾ ਹੈ, ਰਚ ਜਾਂਦਾ ਹੈ। ਮਨਿ = ਮਨ ਵਿਚੋਂ। ਹਿਰਦੈ ਕਮਲੁ = ਹਿਰਦੇ ਦਾ ਕੌਲ ਫੁੱਲ।2। ਸੇਵਨਿ = (ਜੇਹੜੇ) ਸੇਂਵਦੇ ਹਨ। ਸੰਸਾਰਿ = ਸੰਸਾਰ ਵਿਚ। ਮਮ = ਮੇਰਾ। ਮਮਤਾ = ਮਲਕੀਅਤ ਦੀ ਲਾਲਸਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ। ਉਰ = ਹਿਰਦਾ। ਸੇਈ = ਉਹੀ। ਚਹੁ ਜੁਗੀ = ਚੌਹਾਂ ਜੁਗਾਂ ਵਿਚ, ਸਦਾ ਹੀ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਅਪਾਰੁ = ਬੇਅੰਤ, ਜਿਸ ਦਾ ਪਾਰ ਨਾਹ ਪੈ ਸਕੇ।3। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਚੂਕੈ = ਦੂਰ ਹੋ ਜਾਂਦਾ ਹੈ। ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ। ਸਾਦੁ = ਸੁਆਦ। ਹਉ ਜਾਸੁ = ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ। ਨਦਰੀ = ਮਿਹਰ ਦੀ ਨਜ਼ਰ ਨਾਲ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।4। ਅਰਥ: ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।1। ਰਹਾਉ। ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ। ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ। (ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ, ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।1। ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ। ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ, ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ। ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ, ਉਹਨਾਂ ਦੀ ਸੁਰਤਿ ਆਤਮਕ ਅਡੋਲਤਾ ਵਿਚ ਲੱਗ ਗਈ ਹੈ। ਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।2। (ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ, ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ। ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ।3। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ। ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ। ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ।4।1। 34। ਨੋਟ: ਅੰਕ 34 ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ 33 ਅਤੇ ਗੁਰੂ ਅਮਰਦਾਸ ਜੀ ਦਾ ਇਹ ਇਕ ਸ਼ਬਦ ਰਲਾ ਕੇ ਸਾਰਾ ਜੋੜ 34 ਬਣਿਆ। ਸਿਰੀਰਾਗੁ ਮਹਲਾ ੩ ॥ ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥ ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥ ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥ ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥ ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥ ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥ {ਪੰਨਾ 26} ਪਦ ਅਰਥ: ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ। ਮਹਲੁ = ਟਿਕਾਣਾ। ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ। ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ।1। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਜੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ।1। ਰਹਾਉ। ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ। ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ।2। ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ। ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ।3। ਕੰਠਿ = ਗਲ ਵਿਚ, ਲਾਇ = ਲਾ ਕੇ। ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ।4। ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।4। ਅਰਥ: ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ) । (ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ।1। ਰਹਾਉ। ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ। (ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ।1। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ। (ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।2। (ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ, ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।3। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ, ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ।4। (ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ।5।2। 35। |
Sri Guru Granth Darpan, by Professor Sahib Singh |