ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 27

ਸਿਰੀਰਾਗੁ ਮਹਲਾ ੩ ਘਰੁ ੧ ॥ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ {ਪੰਨਾ 27}

ਪਦ ਅਰਥ: ਸਿਰਕਾਰ = ਰਾਜ। ਸਭੁ ਕੋਇ = ਹਰੇਕ ਜੀਵ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਘਟਿ = ਹਿਰਦੇ ਵਿਚ। ਸੋਇ = ਸੋਭਾ। ਸਚੇ ਸੋਇ = ਸੱਚੇ ਦੀ ਸੋਭਾ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਬੰਦੇ ਦੀ ਸੋਭਾ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਤਮਾ ਵਿਚ (ਭਾਵ, ਬਾਹਰ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ) ।1।

ਮੈ = ਮੇਰੇ ਵਾਸਤੇ, ਮੇਰਾ। ਸਬਦਿ = ਸਬਦ ਦੀ ਰਾਹੀਂ।1। ਰਹਾਉ।

ਨਉ = ਨੂੰ। ਆਪੇ = (ਪ੍ਰਭੂ) ਆਪ ਹੀ। ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਆਵੈ ਜਾਇ = ਜੰਮਦਾ ਮਰਦਾ ਹੈ। ਇਕੁ = ਪਰਮਾਤਮਾ ਹੀ। ਨਾਮਿ = ਨਾਮ ਵਿਚ।2।

ਜੋਤਕੀ = ਜੋਤਸ਼ੀ। ਵਾਦ = ਝਗੜੇ, ਬਹਸਾਂ। ਵਾਦ ਵੀਚਾਰੁ = ਬਹਸਾਂ ਦੀ ਵਿਚਾਰ। ਭਵੀ = ਭੋਂ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ। ਨ ਬੁਝਈ = ਉਹ ਸਮਝਦੇ ਨਹੀਂ ਹਨ। ਭ੍ਰਮਿ = ਭਟਕ ਕੇ। ਹੋਇ ਖੁਆਰੁ = ਖ਼ੁਆਰ ਹੋ ਹੋ ਕੇ। ਪੂਰਬਿ = ਪਹਿਲੇ ਕੀਤੇ ਅਨੁਸਾਰ।3।

ਗਾਖੜੀ = ਔਖੀ, ਕਠਨ। ਦੀਜੈ = ਦੇਣਾ ਪੈਂਦਾ ਹੈ। ਆਪੁ = ਆਪਾ-ਭਾਵ। ਗਵਾਇ = ਗਵਾ ਕੇ, ਦੂਰ ਕਰਕੇ। ਥਾਇ ਪਵੈ = ਥਾਂ ਸਿਰ ਪੈਂਦੀ ਹੈ, ਕਬੂਲ ਹੁੰਦੀ ਹੈ। ਪਾਰਸਿ ਪਰਸਿਐ = ਜੇ ਪਾਰਸ ਨੂੰ ਛੁਹ ਲਈਏ। ਪਾਰਸਿ = ਪਾਰਸ ਦੀ ਰਾਹੀਂ। ਪਰਸਿਐ = ਪਰਸੇ ਹੋਏ ਦੀ ਰਾਹੀਂ। ਪਾਰਸ = ਉਹ ਪੱਥਰੀ ਜੋ ਸਭ ਧਾਤਾਂ ਨੂੰ ਆਪਣੀ ਛੁਹ ਨਾਲ ਸੋਨਾ ਬਣਾ ਦੇਣ ਵਾਲੀ ਮੰਨੀ ਜਾਂਦੀ ਹੈ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਸਮਾਇ = ਲੀਨ ਹੋ ਜਾਂਦੀ ਹੈ।4।

ਮਨ = ਹੇ ਮਨ! ਮਤ ਕਰਹਿ = ਨਾਹ ਕਰੀਂ। ਪੁਕਾਰ = ਸ਼ਿਕੈਤ, ਗਿਲਾ-ਗੁਜ਼ਾਰੀ। ਜਿਨਿ = ਜਿਸ (ਪ੍ਰਭੂ) ਨੇ। ਸਿਰੀ = ਪੈਦਾ ਕੀਤੀ ਹੈ। ਸਭਸੈ = ਹਰੇਕ ਜੀਵ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ, ਰੋਜ਼ੀ। ਸਾਰ = ਸੰਭਾਲ। ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ।5।

ਅਰਥ: ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ। (ਹੇ ਭਾਈ!) ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ।1। ਰਹਾਉ।

(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ (ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। (ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ।1।

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ। (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ, ਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ।2।

ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ, (ਇਸ ਤਰ੍ਹਾਂ) ਉਹਨਾਂ ਦੀ ਮਤਿ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ; ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ। ਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।3।

(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ। ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ। (ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ। (ਗੁਰੂ ਦੀ ਸਹੈਤਾ ਨਾਲ) ਪਰਮਾਤਮਾ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ। ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ।4।

ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ। ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ। ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ ਸਭ ਜੀਵਾਂ ਦੀ ਸੰਭਾਲ ਕਰਦਾ ਹੈ।

ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ।5।3। 36।

ਸਿਰੀਰਾਗੁ ਮਹਲਾ ੩ ॥ ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥ ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥ ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥ ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥ ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥ ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥ ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥ ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥ ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥ ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥ {ਪੰਨਾ 27-28}

ਪਦ ਅਰਥ: ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਸਚੁ = ਸਦਾ-ਥਿਰ ਪ੍ਰਭੂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ। ਹਉ = ਮੈਂ । ਜਾਸੁ = ਜਾਂਦਾ ਹਾਂ। ਤਿਤੁ = ਉਸ ਵਿਚ। ਘਰਿ = ਹਿਰਦੇ ਵਿਚ। ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ। ਪਰਗਾਸੁ = ਚਾਨਣ।1।

ਮਨ = ਹੇ ਮਨ! ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਕਉ = ਨੂੰ, ਵਾਸਤੇ। ਸੇ = ਉਹ ਬੰਦੇ।1। ਰਹਾਉ।

ਨਦਰਿ ਕਰਿ = ਨੀਝ ਲਾ ਕੇ, ਧਿਆਨ ਨਾਲ। ਨਿਕਟਿ = ਨੇੜੇ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਤਿਨ ਮਨਿ = ਉਹਨਾਂ ਦੇ ਮਨ ਵਿਚ। ਸਚ = ਸਦਾ। ਗੁਣ ਤੇ = ਗੁਣਾਂ ਤੋਂ। ਝੂਰਿ = ਝੁਰ ਝੁਰ ਕੇ। ਮਰਦੇ = ਆਤਮਕ ਮੌਤ ਸਹੇੜਦੇ ਹਨ ।2।

ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ। ਅਨਦਿਨੁ = ਹਰ ਰੋਜ਼। ਕੂੜਾ = ਝੂਠਾ, ਨਾਸਵੰਤ। ਰੋਇ = ਰੋਂਦਾ ਹੈ।3।

ਪਦਾਰਥੁ = ਕੀਮਤੀ ਚੀਜ਼। ਲਿਵ ਲਾਇ = ਸੁਰਤਿ ਜੋੜ ਕੇ। ਪਗਿ ਖਿਸਿਐ = ਜਦੋਂ ਪੈਰ ਖਿਸਕ ਗਿਆ। ਠਉਰੁ = ਥਾਂ, ਆਸਰਾ। ਹਥਿ = ਹੱਥ ਵਿਚ। ਆਵਈ = ਆਵਏ, ਆਵੈ, ਆਉਂਦਾ। ਅੰਤਿ = ਆਖ਼ਰ। ਜਿਸੁ = ਜਿਸ (ਮਨੁੱਖ) ਉਤੇ। ਉਬਰੈ = ਬਚ ਜਾਂਦਾ ਹੈ। ਸੇਤੀ = ਨਾਲ।4।

ਦੇਖਾ ਦੇਖੀ = ਹੋਰਨਾਂ ਨੂੰ ਕਰਦਿਆਂ ਵੇਖ ਕੇ, ਵਿਖਾਵੇ ਦੀ ਖ਼ਾਤਰ। ਬੂਝ = ਸਮਝ। ਪਈ ਥਾਇ = ਥਾਂ-ਸਿਰ ਪਈ, ਕਬੂਲ ਹੋ ਜਾਂਦੀ ਹੈ। ਸਮਾਇ = ਲੀਨ ਹੋ ਕੇ। ਬਾਣੀ ਸਚੁ ਹੈ– ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤਿ-ਸਾਲਾਹ ਹੀ ਕਰਦੇ ਹਨ।5।

ਅਰਥ: ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ। ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦੇ ਹਨ।1। ਰਹਾਉ।

ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ) । ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ। ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ।1।

ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ ਹਰੇਕ ਦੇ ਨੇੜੇ ਵੱਸਦਾ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ।2।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ) , ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ। ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।

ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ।3।

ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ; ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ। (ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ, ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ।4।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ, ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ।5।4। 37।

TOP OF PAGE

Sri Guru Granth Darpan, by Professor Sahib Singh