ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 28

ਸਿਰੀਰਾਗੁ ਮਹਲਾ ੩ ॥ ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥ ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥ ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥ ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥ ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥ ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥ ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥ ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥ ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥ ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥ {ਪੰਨਾ 28}

ਪਦ ਅਰਥ: ਮਨਿ = ਮਨ ਨਾਲ। ਇਕ ਮਨਿ = ਇਕ ਮਨ ਨਾਲ, ਇਕਾਗ੍ਰ ਹੋ ਕੇ। ਵੀਚਾਰਿ = (ਨਾਮ ਨੂੰ) ਵਿਚਾਰ ਕੇ, ਸੋਚ-ਮੰਡਲ ਵਿਚ ਟਿਕਾ ਕੇ। ਸਦ = ਸਦਾ। ਉਜਲੇ = ਸਾਫ਼, ਸੋਹਣੇ। ਤਿਤੁ = ਉਸ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ। ਓਇ = ਉਹ ਬੰਦੇ {ਬਹੁ-ਵਚਨ}। ਨਾਮਿ ਪਿਆਰਿ = ਨਾਮ ਵਿਚ ਪਿਆਰ ਦੀ ਰਾਹੀਂ।1।

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਪਤਿ = ਇੱਜ਼ਤ। ਧੋਇ = ਧੋ ਕੇ।1। ਰਹਾਉ।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਜਾਣਨੀ = ਜਾਣਨਿ, ਜਾਣਦੇ। ਵਿਣੁ = ਬਿਨੁ। ਵਿਣੁ ਨਾਵੈ = ਨਾਮ ਤੋਂ ਬਿਨਾ। ਜਾਇ = ਚਲੀ ਜਾਂਦੀ ਹੈ। ਸਬਦੈ ਸਾਦੁ = ਸ਼ਬਦ ਦਾ ਸੁਆਦ। ਭਾਇ = ਪਿਆਰ ਵਿਚ। ਭਾਉ = ਪਿਆਰ। ਵਿਸਟਾ = ਗੰਦ, ਗੂੰਹ। ਸਮਾਇ = ਸਮਾ ਕੇ, ਰਚ ਕੇ।2।

ਸਫਲੁ = ਕਾਮਯਾਬ। ਭਾਇ = ਪ੍ਰੇਮ ਵਿਚ, ਅਨੁਸਾਰ। ਕੁਲੁ = ਖ਼ਾਨਦਾਨ। ਧੰਨੁ = ਭਾਗਾਂ ਵਾਲੀ। ਜਣੇਦੀ ਮਾਇ = ਜੰਮਣ ਵਾਲੀ ਮਾਂ। ਧਿਆਈਐ = ਸਿਮਰਨਾ ਚਾਹੀਦਾ ਹੈ। ਨਉ = ਨੂੰ। ਰਜਾਇ = ਮਰਜ਼ੀ ਨਾਲ।3।

ਆਪੁ = ਆਪਾ-ਭਾਵ, ਹਉਮੈ। ਗਵਾਇ = ਦੂਰ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ। ਪਰਵਾਣੁ = ਕਬੂਲ। ਹਹਿ = ਹਨ {'ਹੈ' ਤੋਂ ਬਹੁ-ਵਚਨ}।4।

ਅਰਥ: ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ।1। ਰਹਾਉ।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।1।

(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ, ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ। ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ। ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ।2।

ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ। (ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ।3।

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ) ।

ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ।4।5। 38।

ਸਿਰੀਰਾਗੁ ਮਹਲਾ ੩ ॥ ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥ ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥ ਭਾਈ ਰੇ ਇਸੁ ਮਨ ਕਉ ਸਮਝਾਇ ॥ ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥ ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥ ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥ ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥ ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥ ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥ ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥ {ਪੰਨਾ 28-29}

ਪਦ ਅਰਥ: ਹਰਿ ਧਨੁ = ਪਰਮਾਤਮਾ (ਦਾ ਨਾਮ-ਰੂਪ) ਧਨ। ਰਾਸਿ = ਸਰਮਾਇਆ, ਪੂੰਜੀ। ਗੁਰ ਪੂਛਿ = ਗੁਰੂ ਦੀ ਸਿੱਖਿਆ ਲੈ ਕੇ। ਸਲਾਹਨਿ = ਸਲਾਹੁੰਦੇ ਹਨ। ਵਖਰੁ = ਸੌਦਾ। ਅਧਾਰੁ = ਆਸਰਾ। ਗੁਰਿ = ਗੁਰੂ ਨੇ। ਅਤੁਟੁ = ਨਾਹ ਮੁੱਕਣ ਵਾਲਾ। ਭੰਡਾਰ = ਖ਼ਜ਼ਾਨਾ।1।

ਕਉ = ਨੂੰ। ਏ ਮਨ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ।

ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ। ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ।2।

ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ। ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ। ਧਨੁ = ਭਾਗਾਂ ਵਾਲਾ। ਜੇ = ਜੇਹੜਾ {ਨੋਟ: ਲਫ਼ਜ਼ 'ਜਿ' ਅਤੇ 'ਜੇ' ਵਿਚ ਫ਼ਰਕ ਚੇਤੇ ਰੱਖਣ ਜੋਗ ਹੈ}।1।

ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਵਿਣੁ ਕਰਮੈ = ਮਿਹਰ ਤੋਂ ਬਿਨਾ।4।

ਅਰਥ: ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ–) ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ।1। ਰਹਾਉ।

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ। ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ। ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ।1।

ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ। ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ। ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ।2।

ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ, ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ। ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ।3।

ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ। ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4।6। 39।

TOP OF PAGE

Sri Guru Granth Darpan, by Professor Sahib Singh