ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 29 ਸਿਰੀਰਾਗੁ ਮਹਲਾ ੩ ॥ ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥ ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥ ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥ ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥ ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥ ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥ ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥ ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥ ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥ {ਪੰਨਾ 29} ਪਦ ਅਰਥ: ਸਾਗਰੁ = ਸਮੁੰਦਰ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ। ਅਨਦਿਨੁ = ਹਰ ਰੋਜ਼। ਧਿਆਈਐ = ਸਿਮਰਨਾ ਚਾਹੀਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਸਮਾਇ = ਲੀਨ ਹੋ ਕੇ। ਅੰਦਰੁ = ਹਿਰਦਾ {ਨੋਟ: ਲਫ਼ਜ਼ 'ਅੰਦਰੁ' ਨਾਂਵ ਹੈ, 'ਅੰਦਰਿ' ਸੰਬੰਧਕ ਹੈ}। ਰਸਨਾ = ਜੀਭ। ਗਾਇ = ਗਾ ਕੇ।1। ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ। ਲਹਹਿ = ਪ੍ਰਾਪਤ ਕਰੇਂਗਾ।1। ਰਹਾਉ। ਲਗਾਈ = ਲਾਗਏ, ਲਾਗੈ। ਧਿਆਇ = ਸਿਮਰ ਕੇ। ਸਬਦੁ ਪਛਾਣੀਐ = ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਪਾਣੀ ਚਾਹੀਦੀ ਹੈ। ਨਾਮਿ = ਨਾਮਿ ਵਿਚ। ਪ੍ਰਚੰਡੁ = ਤੇਜ਼। ਬਲਾਇਆ = ਜਗਾਇਆ।2। ਮਰਿ ਜੰਮਹਿ = (ਆਤਮਕ ਮੌਤੇ) ਮਰ ਕੇ (ਮੁੜ ਮੁੜ) ਜੰਮਦੇ ਹਨ। ਹੋਇ = ਹੋ ਕੇ। ਵਿਕਾਰੁ = ਰੋਗ। ਧਾਤੁਰ = ਨਾਸਵੰਤ। ਬਾਜੀ = ਖੇਡ। ਪਲਚਿ ਰਹੇ = ਫਸ ਰਹੇ ਹਨ। ਉਰਵਾਰੁ = ਉਰਲਾ ਬੰਨਾ।3। ਜਪ ਤਪ ਸੰਜਮੀ = ਜਪੀ, ਤਪੀ, ਸੰਜਮੀ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਮਨ ਨੂੰ ਵਿਕਾਰਾਂ ਤੋਂ ਰੋਕਣ ਵਾਲਾ। ਆਧਾਰੁ = ਆਸਰਾ।4। ਅਰਥ: ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ। ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ।1। ਰਹਾਉ। ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ। ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।1। ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ। (ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।2। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ। ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ।3। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ। ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ।4।7। 40। ਨੋਟ: ਸ੍ਰੀਰਾਗੁ ਮਹਲਾ ੩ ॥ ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥ ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥ ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥ ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥ ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥ ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥ ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥ ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥ ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥ ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥ ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥ ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥ ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥ {ਪੰਨਾ 29} ਪਦ ਅਰਥ: ਮਨਮੁਖੁ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਬੰਦਾ। ਵਿਆਪਿਆ = ਫਸਿਆ ਹੋਇਆ। ਉਦਾਸੀ = ਉਪਰਾਮਤਾ। ਚੀਨੈ = ਪਛਾਣਦਾ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ। ਖੋਈਐ = ਨਾਸ ਕਰੀਦੀ ਹੈ।1। ਅਹਿ = ਦਿਨ। ਨਿਸਿ = ਰਾਤ। ਸੇਵਿ = ਸੇਵਾ ਕਰ ਕੇ। ਪਰਜਲੈ = {pR^vliq} ਚੰਗੀ ਤਰ੍ਹਾਂ ਸੜਦਾ ਹੈ।1। ਰਹਾਉ। ਬਿਗਸੈ = ਖਿੜਿਆ ਰਹਿੰਦਾ ਹੈ। ਹਰਿ ਬੈਰਾਗੁ = ਪਰਮਾਤਮਾ ਦਾ ਪ੍ਰੇਮ। ਨਿਚੰਦੁ = ਨਿਚਿੰਦ, ਬੇਫ਼ਿਕਰ। ਸਹਜਿ = ਆਤਮਕ ਅਡੋਲਤਾ ਵਿਚ।2। ਬੈਰਾਗੀ = ਵਿਰਕਤ। ਨ ਲਾਗਿ = ਨਹੀਂ ਲੱਗਦੀ। ਤਾਮਸੁ = (ਵਿਕਾਰਾਂ ਦੀ) ਕਾਲਖ। ਮੂਲੇ = ਬਿਲਕੁਲ। ਆਪੁ = ਆਪਾ-ਭਾਵ। ਨਿਧਾਨੁ = ਖ਼ਜ਼ਾਨਾ। ਅਘਾਏ = ਅਘਾਇ, ਰੱਜ ਕੇ।3। ਜਿਨਿ = ਜਿਸ ਨੇ। ਜਿਨਿ ਕਿਨੈ = ਜਿਸ ਕਿਸੇ ਨੇ। ਬੈਰਾਗਿ = ਪ੍ਰੇਮ ਵਿਚ (ਟਿਕ ਕੇ) ਲਾਗਿ = ਲੱਗੀ ਰਹਿੰਦੀ ਹੈ। ਲਾਗਿ = ਪਾਹ।4। ਅਰਥ: ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ। (ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ।1। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ।1। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ। ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ। ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ।2। ਉਹ ਮਨੁੱਖ (ਅਸਲ) ਸਾਧੂ ਹੈ ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ। ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ। ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ।3। ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ। ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ।4।8। 41। |
Sri Guru Granth Darpan, by Professor Sahib Singh |