ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 30

ਸਿਰੀਰਾਗੁ ਮਹਲਾ ੩ ॥ ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥ ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥ ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥ ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥ ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥ ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥ ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥ ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥ ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥ ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥ ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥ ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥ {ਪੰਨਾ 30}

ਪਦ ਅਰਥ: ਘਰ ਹੀ = ਘਰਿ ਹੀ, ਘਰ ਵਿਚ ਹੀ। ਵਥੁ = {vÔqu} ਚੀਜ਼, ਪਦਾਰਥ। ਸਮਾਲੀਐ = ਸਿਮਰਨਾ ਚਾਹੀਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਧਾਨੁ = ਖ਼ਜ਼ਾਨਾ । ਅਖੁਟੁ = ਅਮੁੱਕ।1।

ਮਨ = ਹੇ ਮਨ! ਤਜਿ = ਤਿਆਗ। ਏਕੰਕਾਰੁ = ਇਕ ਵਿਆਪਕ ਪ੍ਰਭੂ ਨੂੰ।1। ਰਹਾਉ।

ਬੀਚਾਰਿ = ਵਿਚਾਰ ਕਰ ਕੇ। ਹਲਤਿ = ਇਸ ਲੋਕ ਵਿਚ {A>}। ਪਲਤਿ = ਪਰ ਲੋਕ ਵਿਚ {pr>}। ਮੁਰਾਰਿ = {mur-Air} ਪਰਮਾਤਮਾ। ਮਹਲੁ = ਟਿਕਾਣਾ।2।

ਤੇ = ਤੋਂ, ਵਲੋਂ। ਫੇਰਹਿ = ਭਵਾਂਦੇ ਹਨ। ਤਿਨ = ਉਹਨਾਂ ਦੇ। ਜੋਹੇ = ਤੱਕ ਵਿਚ ਰਹਿੰਦੇ ਹਨ। ਜਮ ਜਾਲੇ = ਜਮ ਜਾਲਿ, ਜਮ ਦੇ ਜਾਲ ਨੇ। ਦੇਖਨੀ = ਦੇਖਨਿ, ਵੇਖਦੇ। ਪਰਜਾਲੇ = ਚੰਗੀ ਤਰ੍ਹਾਂ ਸਾੜਦੀ ਹੈ।3।

ਬਖਸ = ਬਖ਼ਸ਼ਸ਼। ਕਰੇਇ = ਕਰਦਾ ਹੈ। ਜਾਵਈ = ਜਾਵਏ, ਜਾਵੈ। ਸੋਇ = ਉਹ ਪ੍ਰਭੂ ਹੀ।4।

ਅਰਥ: ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ। ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ।1। ਰਹਾਉ।

(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ। (ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ। ਜਿਸ ਨੂੰ ਵੱਡੀ ਕਿਸਮਤ ਨਾਲ ਇਹ ਖ਼ਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ।1।

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖ਼ਰੂ ਰਹਿੰਦੇ ਹਨ, ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ ਕੇ ਉਹਨਾਂ ਆਪਣੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ।2।

ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ) । ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ, ਉਹ ਸਦਾ ਜਮ ਦੇ ਜਾਲ ਵਿਚ ਜਮ ਦੀ ਤੱਕ ਵਿਚ ਰਹਿੰਦੇ ਹਨ। ਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ।3।

ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿ ਮਨ ਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖਿ ਕਿਉਂ ਸਿਮਰਦਾ ਹੈ) ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਦੀ ਦਾਤਿ ਦੇ ਦੇਂਦਾ ਹੈ। ਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਹਰੇਕ ਜੀਵ ਦੇ ਦਿਲ ਦੀ) ਜਾਣਦਾ ਹੈ। ਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ।4।9। 42।

ਸਿਰੀਰਾਗੁ ਮਹਲਾ ੩ ॥ ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥ ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥ ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥ ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥ ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥ ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥ ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥ ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥ ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥ ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥ {ਪੰਨਾ 30}

ਪਦ ਅਰਥ: ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ। ਮਨਿ = ਮਨ ਵਿਚ। ਕਰੇਇ = ਕਰਦਾ ਹੈ। ਧਾਵਤੁ = ਭਟਕਦਾ, ਮਾਇਆ ਪਿਛੇ ਦੌੜਦਾ। ਤਾ = ਤਦੋਂ ਹੀ। ਰਹੈ– ਟਿਕਦਾ ਹੈ।1।

ਸਦ = ਸਦਾ। ਮਹਲੀ = ਪ੍ਰਭੂ ਦੇ ਮਹਲ ਵਿਚ।1। ਰਹਾਉ।

ਅੰਧੁ = ਅੰਨ੍ਹਾ। ਨਉ = ਨੂੰ। ਘਰਿ = ਘਰ ਵਿਚ। ਘਟਿ = ਹਿਰਦੇ ਵਿਚ।2।

ਤ੍ਰੈਗੁਣ ਬਿਪਿਆ = (ਰਜੋ ਸਤੋ ਤਮੋ) ਤਿੰਨ ਗੁਣਾਂ ਵਾਲੀ ਮਾਇਆ। ਗੁਬਾਰ = ਹਨੇਰਾ। ਅਨ ਕਉ = ਕਿਸੇ ਹੋਰ ਨੂੰ। ਪੜਿ = ਪੜ੍ਹ ਕੇ। ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ।3।

ਮੋਹਿ = ਮੋਹ ਵਿਚ। ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ। ਉਬਰੇ = ਬਚਦੇ ਹਨ। ਸਮਾਲਿ = ਸੰਭਾਲ ਕੇ, ਚੇਤੇ ਕਰ ਕੇ।4।

ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ। ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ।1। ਰਹਾਉ।

(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ। ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। (ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ।1।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ। (ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ) ਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ) , ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ।2।

ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ) । ਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ। ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ ਨਾਹ ਪਾਰਲਾ ਬੰਨਾ।3।

ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ। ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ।4।10। 43।

ਸਿਰੀਰਾਗੁ ਮਹਲਾ ੩ ॥ ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥ ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥ ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥ ਭਾਈ ਰੇ ਗੁਰਮਤਿ ਸਾਚਿ ਰਹਾਉ ॥ ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥ ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥ ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥ ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥ ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥ ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥ ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥ ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥ ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥ {ਪੰਨਾ 30}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਚਉਥਾ ਪਦੁ = ਚੌਥਾ ਦਰਜਾ, ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਮੈਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਮਨਿ = ਮਨ ਵਿਚ। ਪੋਤੈ = ਪੋਤੇ ਵਿਚ, ਖ਼ਜ਼ਾਨੇ ਵਿਚ। ਪੁੰਨੁ = ਨੇਕੀ।1।

ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹਾਉ = ਟਿਕੇ ਰਹੁ। ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ। ਮਿਲਾਉ = ਮਿਲੇ ਰਹੋ।1। ਰਹਾਉ।

ਨਾਮੁ ਪਛਾਣਿਆ = ਪ੍ਰਭੂ ਚੇ ਨਾਮ ਦੀ ਕਦਰ ਪਛਾਣੀ ਹੈ। ਵਿਟਹੁ = ਤੋਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਆਪੁ = ਆਪਾ-ਭਾਵ। ਲਗਾ = ਲੱਗਾਂ, ਮੈਂ ਲੱਗਦਾ ਹਾਂ। ਭਾਇ = ਪ੍ਰੇਮ ਵਿਚ, ਰਜ਼ਾ ਵਿਚ। ਲਾਹਾ = ਲਾਭ। ਸਹਜੇ = ਸਹਿਜ, ਆਤਮਕ ਅਡੋਲਤਾ ਦੀ ਰਾਹੀਂ। ਸਮਾਇ = ਲੀਨ ਹੋ ਜਾਂਦਾ ਹੈ।2।

ਮਹਲੁ = ਪਰਮਾਤਮਾ ਦਾ ਦਰ। ਲੋੜਿ ਲਹੁ = ਲੱਭ ਲਵੋ। ਜਿਦੂ = ਜਿਸ ਤੋਂ। ਸਚੁ ਸੋਇ = ਉਹ ਸਦਾ-ਥਿਰ ਪ੍ਰਭੂ। ਅਸੁਰ = ਕਾਮਾਦਿਕ ਦੈਂਤਾਂ ਨੂੰ। ਸੰਘਾਰੈ = ਮਾਰ ਲੈਂਦਾ ਹੈ।3।

ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ। ਸਬਦਿ = ਸ਼ਬਦ ਦੀ ਰਾਹੀਂ।4।

ਅਰਥ: ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ। ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜੇ ਰਹੋ।1। ਰਹਾਉ।

(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ। ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ।1।

ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ। ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ। (ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ।2।

ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ। (ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ। (ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।3।

ਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ। ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ (ਕਿਉਂਕਿ) ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ।4।11। 44।

TOP OF PAGE

Sri Guru Granth Darpan, by Professor Sahib Singh