ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 31 ਸਿਰੀਰਾਗੁ ਮਹਲਾ ੩ ॥ ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥ ਮਨ ਰੇ ਸਦਾ ਭਜਹੁ ਹਰਿ ਸਰਣਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥ ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥ ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥ ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥ ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥ ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥ {ਪੰਨਾ 31} ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਬਿਖਿਆ = ਮਾਇਆ। ਵਿਡਾਣੀ = ਬਿਗਾਨੀ। ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼। ਅਨਦਿਨੁ = ਹਰ ਰੋਜ਼। ਵਿਹਾਣੀ = ਬੀਤਦੀ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਚੇਤਹੀ = ਚੇਤਹਿ, ਚੇਤਦੇ।1। ਭਜਹੁ = ਜਾਵੋ, ਪਵੋ। ਅੰਤਰਿ = ਹਿਰਦੇ ਵਿਚ।1। ਦੁਸਟੀ = ਦੁਸ਼ਟਤਾ, ਬਦੀ, ਨੀਚਤਾ। ਪਤਿ = ਇੱਜ਼ਤ। ਮਨਮੁਖਿ = ਮਨਮੁਖ ਨੇ।2। ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ। ਜਤੁ = ਵਿਕਾਰਾਂ ਵਲੋਂ ਰੋਕ। ਸਤੁ = ਉੱਚਾ ਆਚਰਨ। ਤਪੁ = ਸੇਵਾ। ਮੰਨਿ = ਮਨਿ, ਮਨ ਵਿਚ। ਅਨੰਦਿ = ਅਨੰਦ ਵਿਚ।3। ਹਉ = ਮੈਂ। ਬਲਿ ਜਾਉ = ਜਾਉਂ, ਸਦਕੇ ਜਾਂਦਾ ਹਾਂ। ਦਰਿ = ਦਰ ਤੇ। ਸਚੀ = ਸਦਾ-ਥਿਰ ਰਹਿਣ ਵਾਲੀ। ਵਡਿਆਈ = ਇੱਜ਼ਤ। ਸਹਜੇ = ਸਹਜਿ, ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਉ = ਸਮਾਈ, ਲੀਨਤਾ। ਮੇਲਿ = ਇਕੱਠ ਵਿਚ। ਮਿਲਾਉ = ਮਿਲਾਪ।4। ਅਰਥ: ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। (ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ।1। ਰਹਾਉ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ। (ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ। (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ।1। ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ। ਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ। ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।2। ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ। ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ।3। ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ। ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ।4।12। 45। ਸਿਰੀਰਾਗੁ ਮਹਲਾ ੩ ॥ ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥ ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥ ਭਾਈ ਰੇ ਇਕ ਮਨਿ ਨਾਮੁ ਧਿਆਇ ॥ ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥ ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥ ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥ ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥ ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥ ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥ ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥ {ਪੰਨਾ 31} ਪਦ ਅਰਥ: ਕਰਮ = (ਧਾਰਮਿਕ) ਕੰਮ। ਦੋਹਾਗਾਣਿ = {duBwignI} ਮੰਦ-ਭਾਗਣ ਇਸਤ੍ਰੀ, ਛੁੱਟੜ। ਤਨਿ = ਸਰੀਰ ਉਤੇ। ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ। ਪਾਵਈ = ਪਾਵਏ, ਪਾਵੈ। ਬਾਰੁ = ਦਰਵਾਜ਼ਾ।1। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ। ਜਪਿ = ਜਪ ਕੇ।1। ਰਹਾਉ। ਸੋਹਾਗਣੀ = {sOBwignI} ਚੰਗੇ ਭਾਗਾਂ ਵਾਲੀ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ। ਭਤਾਰੁ = ਖਸਮ। ਹੇਤੁ = ਪਿਆਰ। ਅਪਾਰੁ = ਬਹੁਤ, ਅਥਾਹ।2। ਉਦਉ = {adX} ਪ੍ਰਗਟਾਵਾ। ਭ੍ਰਮੁ = ਭਟਕਣਾ।3। ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਖੋਇ = ਨਾਸ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ।4। ਅਰਥ: ਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ। ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ।1। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ। ਉਸ ਦਾ ਪਤੀ (ਉਸ ਦੀ) ਸੇਜ ਉਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ। (ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ।1। ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ) , ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ।2। ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ। (ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ।3। ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ। ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ।4।13। 46। ਸਿਰੀਰਾਗੁ ਮਹਲਾ ੩ ॥ ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥ ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥ ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥ ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥ ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥ ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥ ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥ ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥ ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥ ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥ ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥ ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥ {ਪੰਨਾ 31-32} ਪਦ ਅਰਥ: ਜਾ = ਜਦੋਂ। ਪਿਰੁ ਜਾਣੈ = ਪ੍ਰਭੂ-ਪਤੀ ਨੂੰ ਜਾਣ ਲੈਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਅਗੈ ਧਰੇਇ = ਹਵਾਲੇ ਕਰ ਦੇਂਦੀ ਹੈ। ਸੋਹਾਗਣੀ = ਸੁਹਾਗ-ਭਾਗ ਵਾਲੀਆਂ ਜੀਵ-ਇਸਤ੍ਰੀਆਂ, ਭਗਤ ਜਨ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।1। ਸਭੁ ਕੋਇ = ਹਰੇਕ ਜੀਵ।1। ਰਹਾਉ। ਫੇਰੁ = ਗੇੜ। ਕਾਮਣਿ = (ਜੀਵ-) ਇਸਤ੍ਰੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਨੀਦ = ਸ਼ਾਂਤੀ। ਰੈਣਿ = (ਜ਼ਿੰਦਗੀ ਦੀ) ਰਾਤ।2। ਹਉ ਹਉ ਕਰਤੀ = ਮਮਤਾ-ਜਾਲ ਵਿਚ ਫਸੀ ਹੋਈ। ਸੰਪੈ = ਧਨ-ਪਦਾਰਥ। ਜਮਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਿਦੈ = ਹਿਰਦੇ ਵਿਚ।3। ਨਾਮਿ = ਨਾਮ ਵਿਚ। ਗੁਰੂ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਰਸਨਾ = ਜੀਭ। ਰਸਨ ਰਸਾਇ = ਨਾਮ-ਰਸ ਵਿਚ ਰਸ ਜਾਂਦੀ ਹੈ। ਧੁਰਿ = ਧੁਰ ਤੋਂ ਆਪਣੇ ਹੁਕਮ ਵਿਚ।4। ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ। ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ।1। ਰਹਾਉ। ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ) । ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ। (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ।1। ਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ।2। (ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ। ਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ।3। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹੈ। ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ।4।14। 47। |
Sri Guru Granth Darpan, by Professor Sahib Singh |