ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 32

ਸਿਰੀਰਾਗੁ ਮਹਲਾ ੩ ॥ ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥ ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥ ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥ ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥ ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥ ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥ ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥ ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥ ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥ {ਪੰਨਾ 32}

ਪਦ ਅਰਥ: ਗੁਰਮੁਖਿ = ਗੁਰੂ ਦੀ ਰਾਹੀਂ। ਕੀਜੈ = ਕੀਤੀ ਜਾ ਸਕਦੀ ਹੈ। ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ। ਸਾਚਾ = ਸਦਾ-ਥਿਰ। ਬਾਣੀ = ਸਿਫ਼ਤਿ-ਸਾਲਾਹ। ਸਬਦਿ = ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜਿਆਂ) ।2।

ਜਗਿ = ਜਗਤ ਵਿਚ। ਕਾਹੇ ਆਇਆ = ਆਉਣ ਦਾ ਕੋਈ ਲਾਭ ਨਾਹ ਹੋਇਆ।1। ਰਹਾਉ।

ਜਗ ਜੀਵਨੁ = ਜਗਤ ਦਾ ਜੀਵਨ, ਜੀਵਾਂ ਦੀ ਜ਼ਿੰਦਗੀ ਦਾ ਸਹਾਰਾ। ਬਖਸਿ = ਬਖ਼ਸ਼ਸ਼ ਕਰ ਕੇ {ਨੋਟ: ਲਫ਼ਜ਼ 'ਬਖਸ' ਅਤੇ 'ਬਖਸਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਆਪੇ = (ਪ੍ਰਭੂ) ਆਪ ਹੀ।2।

ਦੇਖਿ = ਦੇਖ ਕੇ। ਮੋਹਿ = ਮੋਹ ਵਿਚ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ। ਤਿਸ ਦੀ = ਉਸ ਮਨੁੱਖ (ਦੀ ਆਤਮਕ ਉੱਚਤਾ) ਦੀ। ਕੀਮ = ਕੀਮਤ। ਸਖਾ = ਸਾਥੀ, ਮਿੱਤਰ। ਸਖਾਈ = ਸਹਾਈ ।3।

ਮਨਿ = ਮਨ ਵਿਚ। ਆਪੁ = ਆਪਾ-ਭਾਵ, ਹਉਮੈ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮੰਨਿ = ਮਨਿ, ਮਨ ਵਿਚ। ਸੁਰਤਿ = ਸਮਝ।4।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ।1। ਰਹਾਉ।

ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤਿ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ।1।

ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ। (ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ। ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ।2।

ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ। ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ। ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ।3।

ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ। ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ। ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤਿ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ।4।15। 48।

ਸਿਰੀਰਾਗੁ ਮਹਲਾ ੩ ॥ ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥ ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥ ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥ ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥ ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥ ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥ ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥ ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥ ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥ ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥ ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥ {ਪੰਨਾ 32}

ਪਦ ਅਰਥ: ਧਨੁ = {DNX} ਭਾਗਾਂ ਵਾਲੀ। ਜਨਨੀ = ਮਾਂ। ਜਿਨਿ = ਜਿਸ (ਮਾਂ) ਨੇ। ਜਾਇਆ = ਜੰਮਿਆ, ਜਨਮ ਦਿੱਤਾ। ਧੰਨੁ = {DNX} ਭਾਗਾਂ ਵਾਲਾ। ਸੇਵਿ = ਸੇਵ ਕੇ, ਸਰਨ ਲੈ ਕੇ। ਦਰਿ = (ਗੁਰੂ ਦੇ) ਦਰ ਤੇ। ਸੇਵਨਿ = ਸੇਂਵਦੇ ਹਨ। ਖੜੇ = ਸਾਵਧਾਨ ਹੋ ਕੇ। ਪਾਇਨਿ = ਪਾਂਦੇ ਹਨ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ।1।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਇ = ਉਹ। ਮਨਿ = ਮਨ ਵਿਚ।1। ਰਹਾਉ।

ਕਰਿ = ਕਰਿ ਕੇ। ਘਰਿ = ਹਿਰਦੇ-ਘਰ ਵਿਚ। ਆਪੇ = ਆਪ ਹੀ। ਸਾਲਾਹੀਐ = ਸਾਲਾਹਿਆ ਜਾ ਸਕਦਾ ਹੈ। ਰੰਗੇ = ਰੰਗ ਦੇਂਦਾ ਹੈ। ਸਹਿਜ-ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ ਹੀ, ਸਚਿ ਹੀ।2।

ਮੇਲਿਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਤਗੁਰ ਪੰਨੈ = ਗੁਰੂ ਦੇ ਪੰਨੇ ਵਿਚ, ਗੁਰੂ ਦੇ ਲੇਖੇ ਵਿਚ, ਗੁਰੂ ਦੇ ਲੜ ਵਿਚ (ਲਾ ਕੇ) । ਕਰਾਇਸੀ = ਕਰਾਏਗਾ।3।

ਤਜਿ = ਤਜ ਕੇ, ਛੱਡ ਕੇ। ਅਹਿ = ਦਿਨ। ਨਿਸਿ = ਰਾਤ। ਨਿਰਭਉ = ਭਉ ਦੂਰ ਕਰਨ ਵਾਲਾ। ਮਿਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।4।

ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ। (ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।1। ਰਹਾਉ।

ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ। ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ। (ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ।1।

(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ।2।

(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ। ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਹਾ ਸਕਦਾ।3।

(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ। (ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।

ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ।4।16। 49।

TOP OF PAGE

Sri Guru Granth Darpan, by Professor Sahib Singh