ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 37 ਸਿਰੀਰਾਗੁ ਮਹਲਾ ੩ ॥ ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥ ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥ ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥ ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥ ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥ ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥ ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥ ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥ ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥ ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥ ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥ ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥ ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥ {ਪੰਨਾ 37} ਪਦ ਅਰਥ: ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ ਨੇ। ਸਚੁ = ਸਦਾ-ਥਿਰ ਪ੍ਰਭੂ। ਤਜਿ = ਤਿਆਗ ਕੇ। ਰਸਨਾ = ਜੀਭ। ਪਿਆਰਿ = ਪਿਆਰ ਵਿਚ। ਮਨਿ = ਮਨ ਵਿਚ। ਕਰਿ ਵੀਚਾਰਿ = ਵਿਚਾਰ ਕਰ ਕੇ। ਸਬਦਿ = ਸ਼ਬਦ ਵਿਚ।1। ਭਾਣੈ = ਭਾਣੇ ਵਿਚ। ਨਿਜ ਘਰਿ = ਆਪਣੇ ਘਰ ਵਿਚ। ਸੁਖ ਮਹਲੁ = ਸੁਖ ਦਾ ਟਿਕਾਣਾ।1। ਰਹਾਉ। ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੲ1ੀ = ਜਾਣਏ, ਜਾਣੈ, ਜਾਣਦੀ। ਅਵਗਣਿ = ਔਗੁਣ ਦੇ ਕਾਰਨ। ਜਿਨੀ = ਜਿਨ੍ਹਾਂ = ਬੰਦਿਆਂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਬੇਧਿਆ = ਵਿੰਨ੍ਹਿਆ।2। ਰੰਗਣਿ = ਮੱਟ ਵਿਚ, ਸਾਧ ਸੰਗਤਿ ਵਿਚ (ਰੱਖ ਕੇ) । ਲਇਓਨੁ ਮਿਲਾਇ = ਉਸ (ਪ੍ਰਭੂ) ਨੇ ਮਿਲਾ ਲਿਆ। ਸਚਾ = ਸਦਾ ਕਾਇਮ ਰਹਿਣ ਵਾਲਾ। ਕੁੰਡਾ = ਕੁੰਡਾਂ, ਪਾਸੇ। ਬੂਝ = ਸਮਝ, ਸੂਝ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ।3। ਘਨੇਰੇ = ਬਹੁਤੇ। ਕਰਿ = ਕਰ ਕੇ। ਰਾਸਿ = ਸਰਮਾਇਆ, ਪੂੰਜੀ। ਸੋਇ = ਸੋਭਾ। ਗੁਰਮੁਖਿ = ਗੁਰੂ ਦੇ ਸਨਮੁਖ।4। ਅਰਥ: ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ, (ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ) , ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ।1। ਰਹਾਉ। (ਹਿਰਦੇ ਵਿਚ) ਗੁਣ ਧਾਰਨ ਕਰਨ ਵਾਲੀ ਜੀਵ-ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਹੈ। ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ। (ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ, (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ।1। ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ।2। (ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ। ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ।3। (ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।4। 26। 59। ਸਿਰੀਰਾਗੁ ਮਹਲਾ ੩ ॥ ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥ ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥ ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥ ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥ ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥ ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥ ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥ ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥ ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥ ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥ ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥ ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥ ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥ ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥ ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥ ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥ {ਪੰਨਾ 37} ਪਦ ਅਰਥ: ਆਪੇ = ਆਪਿ ਹੀ। ਕਾਰਣੁ = ਮੂਲ। ਦੇਖੈ = ਸੰਭਾਲ ਕਰਦਾ ਹੈ। ਉਪਾਇ = ਪੈਦਾ ਕਰ ਕੇ। ਸਭ = ਹਰ ਥਾਂ। ਅਲਖੁ = {Al™X} ਸਮਝ ਵਿਚ ਨਾਹ ਆ ਸਕਣ ਵਾਲਾ। ਬੁਝਾਇ ਦੇਇ = ਸਮਝਾ ਦੇਂਦਾ ਹੈ। ਸਦ = ਸਦਾ। ਮਨਿ = ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।1। ਰਜਾਇ = ਭਾਣਾ, ਮਰਜ਼ੀ, ਹੁਕਮ। ਥੀਐ = ਹੋ ਜਾਂਦਾ ਹੈ।1। ਰਹਾਉ। ਜਿਨਿ = ਜਿਸ (ਕਰਤਾਰ) ਨੇ। ਕਰਿ = ਕਰ ਕੇ। ਸਾਰ = ਸੰਭਾਲ। ਕਰੇਇ = ਕਰਦਾ ਹੈ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਕਰਤਾਰਿ = ਕਰਤਾਰ ਨੇ।2। ਸਚੁ = ਸਦਾ-ਥਿਰ ਪ੍ਰਭੂ। ਪਾਰਾਵਾਰੁ = ਪਾਰ-ਅਵਾਰ, ਪਾਰਲਾ ਉਰਲਾ ਬੰਨਾ। ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ। ਖੋਇ = ਦੂਰ ਕਰ ਕੇ। ਸਾਧਨ = ਜੀਵ-ਇਸਤ੍ਰੀ। ਨਾਵੈ ਬਾਹਰੀ = ਨਾਮ ਤੋਂ ਸੱਖਣੀ। ਰੋਇ = ਰੋਂਦੀ ਹੈ, ਦੁਖੀ ਹੁੰਦੀ ਹੈ।3। ਸਲਾਹੀ = ਸਲਾਹੀਂ, ਮੈਂ ਸਲਾਹਾਂ। ਲਗਾ = ਲੱਗਾਂ, ਮੈਂ ਜੁੜਿਆ ਰਹਾਂ। ਨਾਇ = ਨਾਮ ਦੀ ਰਾਹੀਂ। ਤ੍ਰਿਪਤਿ = ਰਜੇਵਾਂ, ਤ੍ਰਿਸ਼ਨਾ ਦਾ ਅਭਾਵ। ਵੀਚਾਰੀ = ਵੀਚਾਰੀਂ, ਮੈਂ ਵੀਚਾਰਾਂ। ਸੰਗ੍ਰਹਾ = ਮੈਂ ਇਕੱਠੇ ਕਰਾਂ। ਧੋਇ = ਧੋ ਕੇ। ਜਿਦੂ = ਜਿਸ (ਗੁਰੂ) ਤੋਂ। ਪਾਈ = ਪਾਈਂ, ਮੈਂ ਲੱਭ ਲਵਾਂ।4। ਅਰਥ: ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ। (ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।1। ਰਹਾਉ। ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ। (ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤਿ ਜੋੜੀ ਰੱਖਦੇ ਹਨ।1। ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ। ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ। (ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ। ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ।2। (ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। (ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ।3। ਹੇ ਨਾਨਕ! (ਆਖ– ਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ। (ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ। ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ। (ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ।4। 27। 60। |
Sri Guru Granth Darpan, by Professor Sahib Singh |