ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 38 ਸਿਰੀਰਾਗੁ ਮਹਲਾ ੩ ॥ ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥ ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥ ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥ ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥ ਮੁੰਧੇ ਕੂੜਿ ਮੁਠੀ ਕੂੜਿਆਰਿ ॥ ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥ ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥ ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥ ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥ ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥ ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥ ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥ ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥ ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥ ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥ ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥ {ਪੰਨਾ 38} ਪਦ ਅਰਥ: ਕਾਮ = ਸੁਆਰਥ। ਗਹੇਲੀ = ਫੜੀ ਹੋਈ, ਫਸੀ ਹੋਈ। ਕਾਮ ਗਹੇਲੀਏ = ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ। ਬਾਹ ਲੁਡਾਇ = ਬਾਂਹ ਲੁਡਾਇ, ਬਾਂਹ ਲੁਡਾ ਕੇ, ਬਾਂਹ ਉਲਾਰ ਕੇ, ਮਸਤੀ ਵਿਚ। ਨ ਪਛਾਣਹੀ = ਨ-ਪਛਾਣਹਿ, ਤੂੰ ਨਹੀਂ ਪਛਾਣਦੀ। ਜਾਇ = ਜਾ ਕੇ। ਸਖੀ = ਸਖੀਆਂ ਨੇ, ਸਤਸੰਗੀ ਜੀਵ-ਇਸਤ੍ਰੀਆਂ ਨੇ। ਹਉ = ਮੈਂ। ਪਾਇ = ਚਰਨੀਂ। ਲਾਗਉ = ਮੈਂ ਲੱਗਦੀ ਹਾਂ, ਲਾਗਉਂ। ਥੀ ਰਹਾ = ਮੈਂ ਹੋ ਜਾਵਾਂ।1। ਮੁੰਧੇ = ਮੁਗਧੇ, ਹੇ ਆਪਣੇ ਆਪ ਵਿਚ ਮਸਤ ਜੀਵ-ਇਸਤ੍ਰੀਏ! ਕੂੜਿਆਰਿ = ਕੂੜ ਦੀ ਵਣਜਾਰਨ। ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ। ਸਾਚਾ = ਸਦਾ-ਥਿਰ।1। ਰਹਾਉ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ) । ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ: "ਪਛਾਣ ਹੀ" ਅਤੇ "ਪਛਾਣਈ" ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਰੈਣਿ = (ਜ਼ਿੰਦਗੀ-ਰੂਪ) ਰਾਤ। ਗਰਬਿ = ਅਹੰਕਾਰ ਵਿਚ। ਅਟੀਆ = ਅੱਟੀਆਂ, ਨਕਾ-ਨਕ ਭਰੀਆਂ ਹੋਈਆਂ। ਦੂਜੇ ਭਾਇ = ਹੋਰ ਦੇ ਪਿਆਰ ਵਿਚ। ਵਿਹਾਇ = (ਉਮਰ) ਬੀਤਦੀ ਹੈ।2। ਮੁਤੀਆ = ਵਿਛੁੜੀ ਹੋਈ, ਛੁੱਟੜ ਹੋਈ ਹੋਈ। ਪਿਰ = ਪਤੀ। ਪਿਰਮੁ = ਪ੍ਰੇਮ। ਅੰਧੇਰੁ = (ਮੋਹ ਦਾ) ਹਨੇਰਾ। ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ। ਸਹੇਲੀਹੋ = ਹੇ ਸਤਸੰਗੀ ਜੀਵ-ਇਸਤ੍ਰੀਓ! ਮੈ = ਮੈਨੂੰ। ਸਚਿ = ਸਦਾ-ਥਿਰ ਪ੍ਰਭੂ ਵਿਚ।3। ਸਹੀਆ = ਸਖੀਆਂ, ਸਹੇਲੀਆਂ, ਸਤਸੰਗੀ ਜੀਵ-ਇਸਤ੍ਰੀਆਂ। ਦੇਇ = ਦੇ ਕੇ, ਅਰਪਨ ਕਰ ਕੇ। ਘਰਿ = ਹਿਰਦੇ-ਘਰ ਵਿਚ। ਕਰੇਇ = ਕਰਦੀ ਹੈ। ਅਨਦਿਨੁ = ਹਰ ਰੋਜ਼।4। ਅਰਥ: ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ) । ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ।1। ਰਹਾਉ। ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ? (ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ? ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ (ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ।1। ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ) । ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ। (ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ।2। ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ। ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ। ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ। ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ।3। ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ। ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ। ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ। ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ।4। 28। 61। ਸਿਰੀਰਾਗੁ ਮਹਲਾ ੩ ॥ ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥ ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥ ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥ ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥ ਮੁੰਧੇ ਤੂ ਚਲੁ ਗੁਰ ਕੈ ਭਾਇ ॥ ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥ ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥ ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥ ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥ ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥ ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥ ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥ ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥ {ਪੰਨਾ 38} ਪਦ ਅਰਥ: ਇਕਿ = ਕਈ (ਜੀਵ-ਇਸਤ੍ਰੀਆਂ) {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ ਹੈ}। ਰਾਵਹਿ = ਮਾਣਦੀਆਂ ਹਨ, ਪ੍ਰਸੰਨ ਕਰਦੀਆਂ ਹਨ। ਹਉ = ਮੈਂ। ਕੈ ਦਰਿ = ਕਿਸ ਦੇ ਦਰ ਤੇ? ਜਾਇ = ਜਾ ਕੇ। ਸੇਵੀ = ਮੈਂ ਸੇਵਾਂ। ਭਾਉ = ਪ੍ਰੇਮ। ਮੈ = ਮੈਨੂੰ। ਪਿਰੁ = ਪਤੀ। ਸਭੁ = ਸਾਰਾ ਜਗਤ। ਵੇਖੈ = ਸੰਭਾਲ ਕਰਦਾ ਹੈ। ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ? ਕਿਸ ਤੋਂ ਦੂਰ ਹੈ? (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ) । ਜਿਨਿ = ਜਿਸ ਨੇ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।1। ਮੁੰਧੇ = ਹੇ ਜੀਵ-ਇਸਤ੍ਰੀਏ! ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ।1। ਰਹਾਉ। ਸਬਦਿ = ਸ਼ਬਦ ਵਿਚ। ਸੋਹਾਗਣੀ = ਭਾਗਾਂ ਵਾਲੀਆਂ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਸੀਗਾਰਿ = ਸਿੰਗਾਰ ਕੇ, ਆਪਣੇ ਜੀਵਨ ਨੂੰ ਸੋਹਣਾ ਬਣਾ ਕੇ। ਵਰੁ = ਖਸਮ। ਪਾਇਨਿ = ਪ੍ਰਾਪਤ ਕਰ ਲੈਂਦੀਆਂ ਹਨ। ਘਰਿ = ਹਿਰਦੇ-ਘਰ ਵਿਚ। ਹੇਤਿ = ਹਿਤ ਵਿਚ। ਪਿਆਰਿ = ਪਿਆਰ ਵਿਚ। ਸੇਜ = ਹਿਰਦਾ। ਰੰਗਿ = ਪਿਆਰ ਨਾਲ। ਸਭਸੈ = ਹਰੇਕ ਜੀਵ ਨੂੰ। ਅਧਾਰੁ = ਆਸਰਾ।2। ਸਾਲਾਹਨਿ = ਸਲਾਹੁੰਦੀਆਂ ਹਨ। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ। ਅਰਪੀ = ਮੈਂ ਭੇਟਾ ਕਰਦਾ ਹਾਂ। ਦੇਈ = ਦੇਈਂ, ਮੈਂ ਦੇਂਦਾ ਹਾਂ। ਲਾਗਾ = ਲਾਗਾਂ, ਮੈਂ ਲੱਗਦਾ ਹਾਂ। ਪਾਇ = ਚਰਨੀਂ। ਚੁਕਾਇ = ਦੂਰ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ।3। ਅਰਥ: ਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ। (ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ।1। ਰਹਾਉ। ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ। ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ। ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ।1। ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ, ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ। ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ। ਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ।2। ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ, ਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾ ਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ ਕਿਉਂਕਿ ਉਹਨਾਂ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ।4। 29। 62। ਸਿਰੀਰਾਗੁ ਮਹਲਾ ੩ ॥ ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥ ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥ ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥ ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥ ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥ ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥੧॥ ਰਹਾਉ ॥ ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥ ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥ ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥ ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥ ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥ ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥ ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥ ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥ {ਪੰਨਾ 38-39} ਪਦ ਅਰਥ: ਸਚਾ = ਸਦਾ-ਥਿਰ ਰਹਿਣ ਵਾਲਾ। ਚੀਰੈ = ਹੱਦ-ਬੰਨੇ ਵਿਚ, ਵੱਸ ਵਿਚ। ਬਿਨੁ ਭੇਟੇ = ਮਿਲਣ ਤੋਂ ਬਿਨਾ। ਸਰੀਰੈ = ਸਰੀਰ ਵਿਚ। ਕਰੀ = ਮੈਂ ਕਰਾਂ, ਕਰੀਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ।1। ਨਾਮਿ = ਨਾਮ ਵਿਚ। ਰਤੇ = ਰੰਗੇ ਜਾਈਏ। ਅਵਰੁ = ਹੋਰ (ਵਸੀਲਾ) ।1। ਰਹਾਉ। ਨੋ = ਨੂੰ। ਬਹਿ = ਬੈਠ ਕੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੁਸਟੁ = ਭੈੜਾ, ਵਿਕਾਰੀ। ਓਹੁ = ਉਹ ਬੰਦਾ। ਸਰਕਾਰ = ਰਈਅਤ। ਅਧਿਆਤਮੀ-ਆਤਮਕ ਜੀਵਨ ਦਾ ਮਾਲਕ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਮਨਿ = ਮਨ ਵਿਚ। ਮੁਰਾਰਿ = {mur-Air} ਪਰਮਾਤਮਾ। ਧੰਨੁ = ਸਲਾਹਣ-ਯੋਗ।2। ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ। ਆਤਮਾਰਾਮੁ = ਸਰਬ-ਵਿਆਪਕ ਪ੍ਰਭੂ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਮਾਨੁ = ਸਮਾਈ, ਲੀਨਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਦਿਵਾਨੁ = ਦਿਵਾਨਾ, ਝੱਲਾ, ਪਾਗਲ। ਚੀਨੈ = ਪਛਾਣਦਾ। ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ। ਬਿਖਿਆ = ਮਾਇਆ।3। ਜਾ = ਜਦੋਂ। ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ। ਸੋਇ = ਉਹ (ਪ੍ਰਭੂ) ਹੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬਾਣੀ = ਸਿਫ਼ਤਿ-ਸਾਲਾਹ ਦੀ ਰਾਹੀਂ। ਬ੍ਰਹਮੁ = ਪਰਮਾਤਮਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਨਾਨਕ = ਹੇ ਨਾਨਕ! ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵੀਐ = ਜਿਸ ਦੇ ਸਿਮਰਨ ਨਾਲ। ਸੁਖੁ = ਆਤਮਕ ਆਨੰਦ।4। ਅਰਥ: ਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ। (ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ। (ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ।1। ਰਹਾਉ। ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ। (ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ। ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। (ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ।1। ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ। ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ। ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ।2। ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ। (ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ, ਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ।3। (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ। (ਆਪਣੀ ਸਿਫ਼ਤਿ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤਿ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ। ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ। ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।4। 30। 63। |
Sri Guru Granth Darpan, by Professor Sahib Singh |