ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 39 ਸਿਰੀਰਾਗੁ ਮਹਲਾ ੩ ॥ ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥ ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥ ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥ ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥ ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥ ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥ ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥ ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥ ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥ ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥ ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥ {ਪੰਨਾ 39} ਪਦ ਅਰਥ: ਜਗਿ = ਜਗਤ ਨੇ, ਮਾਇਆ-ਮੋਹੇ ਜੀਵ ਨੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਭਾਉ = ਪਿਆਰ। ਕਿਵੈ = ਕਿਸੇ ਤਰੀਕੇ ਨਾਲ ਭੀ। ਤੀਰਥ = ਤੀਰਥਾਂ ਉੱਤੇ। ਨਾਇ = ਨ੍ਹਾਇ, ਇਸ਼ਨਾਨ ਕਰੇ। ਬਹੁ ਬਿਧਿ = ਕਈ ਕਿਸਮਾਂ ਦੇ। ਕਰਮ = ਧਾਰਮਿਕ ਕੰਮ। ਆਇ = ਆ ਕੇ। ਪੜਿਐ = (ਵਿਦਿਆ) ਪੜ੍ਹਨ ਨਾਲ। ਜਾਇ = ਜਾ ਕੇ। ਗਿਆਨੀਆ = ਗਿਆਨ ਵਾਲਿਆਂ ਨੂੰ, ਪੜ੍ਹਿਆਂ ਨੂੰ। ਮਨ = ਹੇ ਮਨ! ਹੋਇ = ਹੁੰਦਾ ਹੈ। ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ।1। ਰਹਾਉ। ਮਨਿ ਮੈਲੈ = ਮੈਲੈ ਮਨ ਨਾਲ। ਹੋਵਈ = ਹੋਵਏ, ਹੋਵੈ। ਮੁਏ = ਆਤਮਕ ਮੌਤੇ ਮਰ ਜਾਂਦੇ ਹਨ। ਜਾਸਨਿ = ਜਾਣਗੇ। ਪਤਿ = ਇਜ਼ਤ। ਮਨਿ = ਮਨ ਵਿਚ। ਜਾਇ = ਦੂਰ ਹੋ ਜਾਂਦੀ ਹੈ। ਸਮਾਇ = ਲੀਨ ਹੋ ਜਾਂਦਾ ਹੈ। ਦੀਪਕੁ = ਦੀਵਾ। ਗਿਆਨਿ = ਗਿਆਨ ਨਾਲ। ਤਜਾਇ ਦੂਰ ਕੀਤਾ ਜਾਂਦਾ ਹੈ।2। ਗਵਾਰ = ਉਜੱਡ ਬੰਦੇ। ਸਭਿ = ਸਾਰੇ ਜੀਵ। ਭਵਿ = ਭਟਕ ਭਟਕ ਕੇ। ਉਰ = ਹਿਰਦਾ।3। ਜਾਉ = ਜਾਉਂ, ਮੈਂ ਜਾਂਦਾ ਹਾਂ। ਏ = ਹੇ! ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨਿਜ = ਆਪਣਾ, (ਜਿਥੋਂ ਕੋਈ ਧੱਕਾ ਨਹੀਂ ਦੇ ਸਕਦਾ) । ਮਨਿ = ਮਨ ਵਿਚ। ਸਚੇ = ਸਦਾ-ਥਿਰ ਪ੍ਰਭੂ ਦੇ। ਸਮਾਉ = ਸਮਾਈ।4। ਅਰਥ: ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ। ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ। ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ। (ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ।1। ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ।1। ਰਹਾਉ। ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ) । ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ। ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ।2। (ਇਹ ਕੰਮ) 'ਅਸਾਂ' ਕੀਤਾ ਹੈ, 'ਅਸੀ' ਹੀ ਕਰ ਸਕਦੇ ਹਾਂ, (ਇਉਂ) 'ਅਸੀਂ ਅਸੀਂ' ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ। ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ। (ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ। ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ।3। (ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ। ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ। ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ 'ਆਪਣਾ ਘਰ' ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ) । ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ।4। 33। 31। 64। ਨੋਟ: ਅੰਕ 33 ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ। ਅੰਕ 31 ਗੁਰੂ ਅਮਰਦਾਸ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਪਰਗਟ ਕਰਦਾ ਹੈ। ਕੁਲ ਜੋੜ 64 ਬਣਿਆ ਹੈ। ਇਥੇ ਗੁਰੂ ਅਮਰਦਾਸ ਜੀ ਦੇ ਸ਼ਬਦ ਮੁੱਕ ਗਏ ਹਨ। ਸਿਰੀਰਾਗੁ ਮਹਲਾ ੪ ਘਰੁ ੧ ॥ ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥ ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥ ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥ ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥ ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥ ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥ ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥ ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥ ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥ ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥ {ਪੰਨਾ 39-40} ਪਦ ਅਰਥ: ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ। ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ। ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ।1। ਅਵਰੁ = ਕੋਈ ਹੋਰ (ਸਹਾਰਾ) । ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ।1। ਰਹਾਉ। ਸੋਇ = ਉਹ ਹੀ। ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ। ਪਵਾ = ਪਵਾਂ।2। ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ। ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ। ਕੂੜਿ = ਮਾਇਆ ਦੇ ਮੋਹ ਵਿਚ (ਫਸੇ ਰਿਹਾਂ) । ਕਪਟਿ = ਠੱਗੀ ਨਾਲ।3। ਪ੍ਰਭ = ਹੇ ਪ੍ਰਭੂ! ਰਾਸਿ = ਪੂੰਜੀ, ਸਰਮਾਇਆ। ਦਰਿ = (ਤੇਰੇ) ਦਰ ਤੇ। ਸਾਬਾਸਿ = ਆਦਰ। ਬਿਖੁ = (ਬਿਕਾਰਾਂ ਦੀ) ਜ਼ਹਰ। ਭਉਜਲ = ਸੰਸਾਰ-ਸਮੁੰਦਰ।4। ਅਰਥ: ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ। ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।1। ਰਹਾਉ। ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ। ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ। (ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ।1। ਗੁਰੂ ਹਰਿ ਨਾਮ ਦੀ ਦਾਤਿ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤਿ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ। (ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।2। ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ। (ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ।3। ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ। ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ। ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ।4।1। 65। |
Sri Guru Granth Darpan, by Professor Sahib Singh |