ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 40 ਸਿਰੀਰਾਗੁ ਮਹਲਾ ੪ ॥ ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥ ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥ ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥ ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥ ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥ ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥ ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥ ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥ ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥ {ਪੰਨਾ 40} ਪਦ ਅਰਥ: ਤ੍ਰਿਪਤੀਐ = ਤ੍ਰਿਪਤ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ। ਧ੍ਰਿਗੁ = ਫਿਟਕਾਰ-ਜੋਗ। ਜੀਵਾਸੁ = {jIvn-Aw_X} ਜੀਵਨ ਦਾ ਮਨੋਰਥ, ਜੀਊਣਾ। ਮੈ = ਮੈਨੂੰ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ। ਵਿਟਹੁ = ਤੋਂ। ਚਉ ਖੰਨੀਐ = ਚਾਰ ਟੋਟੇ ਹੁੰਦਾ ਹਾਂ। ਨਾਮ ਪਰਗਾਸੁ = ਨਾਮ ਦਾ ਚਾਨਣ।1। ਹਉ = ਮੈਂ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਥੀਐ = ਹੋ ਸਕਦਾ। ਜੀਵਣੁ = ਆਤਮਕ ਜੀਵਨ। ਸਤਿਗੁਰ = ਹੇ ਸਤਿਗੁਰ! ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ।1। ਰਹਾਉ। ਅਮੋਲਕੁ = ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਾਹ ਹੋਵੇ। ਕਢਿ = ਕੱਢ ਕੇ। ਪਰਗਾਸਿ = ਪਰਕਾਸ਼ ਕਰ ਕੇ, ਆਤਮਕ ਚਾਨਣ ਕਰ ਕੇ। ਧੰਨੁ = ਸ਼ਲਾਘਾ-ਜੋਗ।1। ਜਿਨਾ = ਜਿਨ੍ਹਾਂ ਨੂੰ। ਭੇਟਿਓ = ਮਿਲਿਆ। ਵਸਿ ਕਾਲ = ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਕਾਬੂ ਵਿਚ। ਓਇ = ਉਹ ਬੰਦੇ (ਲਫ਼ਜ਼ 'ਓਇ' ਲਫ਼ਜ਼ 'ਓਹੁ' ਤੋਂ ਬਹੁ-ਵਚਨ ਹੈ) । ਭਵਾਈਅਹਿ = ਭਵਾਏ ਜਾਂਦੇ ਹਨ। ਵਿਸਟਾ = ਵਿਕਾਰਾਂ ਦਾ ਗੰਦ। ਵਿਕਰਾਲ = ਡਰਾਉਣੇ (ਜੀਵਨ ਵਾਲੇ) । ਪਾਸਿ ਦੁਆਸਿ = ਨੇੜੇ ਤੇੜੇ। ਨ ਭਿਟੀਐ = ਨਾਹ ਛੁਹੀਏ, ਨਾਹ ਢੁੱਕੀਏ।3। ਅੰਮ੍ਰਿਤਸਰੁ = ਨਾਮੁ-ਅੰਮ੍ਰਿਤ ਦਾ ਸਰੋਵਰ। ਆਇ = ਆ ਕੇ। ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਕੇ। ਪਦੁ = ਆਤਮਕ ਜੀਵਨ ਦਾ ਦਰਜਾ। ਲਿਵ ਲਾਇ = ਸੁਰਤਿ ਜੋੜ ਕੇ, ਧਿਆਨ ਧਰ ਕੇ।4। ਅਰਥ: ਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ। ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ।1। ਰਹਾਉ। (ਜਿਸ ਮਨੁੱਖ ਨੂੰ ਪਰਮਾਤਮਾ ਦਾ) ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ। ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ) । ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ, ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ।1। ਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ। ਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ। (ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ।2। (ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ। ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ। (ਹੇ ਭਾਈ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ।3। (ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ, (ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਹੇ ਦਾਸ ਨਾਨਕ! (ਆਖ–) ਸਤਿਗੁਰੁ ਦੀ ਸਿੱਖਿਆ ਵਿਚ ਸੁਰਤਿ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ।4।2। 66। ਸਿਰੀਰਾਗੁ ਮਹਲਾ ੪ ॥ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥ ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥ ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥ ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥ ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥ ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥ ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥ ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥ ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥ ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥ ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥ ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥ ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥ {ਪੰਨਾ 40} ਪਦ ਅਰਥ: ਗਾਵਾ = ਗਾਵਾਂ, ਮੈਂ ਗਾਵਾਂ। ਵਿਥਰਾ = ਵਿਥਰਾਂ, ਮੈਂ ਵਿਸਥਾਰ ਕਰਾਂ। ਬੋਲੀ = ਬੋਲੀਂ, ਮੈਂ ਬੋਲਾਂ। ਮਾਇ = ਹੇ ਮਾਂ! ਗੁਣਕਾਰੀਆ = ਗੁਣ ਪੈਦਾ ਕਰਨ ਵਾਲਾ। ਮਿਲਿ ਸਜਣ = (ਉਸ) ਸੱਜਣ ਨੂੰ ਮਿਲ ਕੇ। ਹੀਰੈ = ਹੀਰੇ (ਗੁਰੂ) ਨੂੰ। ਹੀਰੁ = (ਮਨ) ਹੀਰਾ। ਬੇਧਿਆ = ਵਿੰਨ੍ਹਿਆ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਨਾਇ = ਨਾਮ ਦੀ ਰਾਹੀਂ।1। ਤ੍ਰਿਪਤਿ = ਰਜੇਵਾਂ, ਸੰਤੋਖ। ਮਨਿ = ਮਨ ਵਿਚ। ਤੁਸਿ = ਪ੍ਰਸੰਨ ਹੋ ਕੇ।1। ਰਹਾਉ। ਤੁਠਾ = ਪ੍ਰਸੰਨ ਹੋਇਆ ਹੋਇਆ। ਪਸਾਉ = ਪ੍ਰਸਾਦ, ਕਿਰਪਾ। ਰੰਗ ਸਿਉ = ਪਿਆਰ ਨਾਲ। ਕੋਟੀ = ਕ੍ਰੋੜਾਂ।2। ਘਰਿ = ਘਰ ਵਿਚ। ਨਿਕਟਿ = ਨੇੜੇ। ਨਿਤ = ਸਦਾ। ਭਰਮੁ = ਭਟਕਣਾ। ਪੜਦਾ = ਵਿੱਥ। ਕੰਚਨੁ = ਸੋਨਾ। ਥੀਐ = ਹੁੰਦਾ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬੂਡਾ = ਡੁੱਬ ਗਿਆ।3। ਬੋਹਿਥੁ = ਜਹਾਜ਼। ਨਾਵ = ਨਾਮ ਦਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਭਾਣੈ = ਰਜ਼ਾ ਵਿਚ।4। ਅਰਥ: ਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ। ਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ।1। ਰਹਾਉ। ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ।1। ਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ। ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ। ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ। (ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ, ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।2। ਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ।3। ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ? ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ। ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ।4।3। 67। |
Sri Guru Granth Darpan, by Professor Sahib Singh |