ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 41

ਸਿਰੀਰਾਗੁ ਮਹਲਾ ੪ ॥ ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥ ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥ ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥ ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥ ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥ ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥ ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥ ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥ ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥ ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥ {ਪੰਨਾ 41}

ਪਦ ਅਰਥ: ਹਉ = ਮੈਂ। ਪੰਥੁ = ਰਸਤਾ। ਦਸਾਈ = ਦਸਾਈਂ, ਪੁੱਛਦੀ ਹਾਂ। ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ। ਜਾਉ = ਜਾਉਂ, ਮੈਂ ਜਾਵਾਂ। ਰਾਵਿਆ = ਮਾਣਿਆ। ਲਾਗਿ = ਲੱਗ ਕੇ। ਫਿਰਾਉ = ਫਿਰਉਂ। ਮਿੰਨਤਿ = ਤਰਲਾ। ਜੋਦੜੀ = ਸੇਵਾ-ਘਾਲ।1।

ਮੋ ਕਉ = ਮੈਨੂੰ। ਵਿਟਹੁ = ਤੋਂ। ਵਾਰਿਆ = ਸਦਕੇ। ਜਿਨਿ = ਜਿਸ ਨੇ।1। ਰਹਾਉ।

ਸਾਬਾਸਿ = ਆਦਰ। ਪਾਸਿ = ਨੇੜੇ ਹੀ।2।

ਨੋ = ਨੂੰ। ਸਭੁ ਕੋ = ਹਰੇਕ ਜੀਵ। ਜੇਤਾ = ਜਿਤਨਾ। ਥੀਐ = ਹੁੰਦਾ। ਭਾਗਹੀਣ = ਮੰਦ-ਭਾਗਣ ਜੀਵ-ਇਸਤ੍ਰੀ। ਬਹਿ = ਬੈਠ ਕੇ।3।

ਕਰਿ = ਕਰ ਕੇ। ਮੇਲਸੀ = ਮਿਲਾਵੇਗਾ। ਪਾਇ = ਪਾ ਕੇ। ਸਭੁ = ਹਰ ਥਾਂ। ਜਗਜੀਵਨੁ = ਜਗਤ ਦਾ ਜੀਵਨ। ਜਗਿ = ਜਗਤ ਵਿਚ। ਜਲਹਿ = ਜਲ ਹੀ, ਜਲ ਵਿਚ ਹੀ।4।

ਅਰਥ: ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਮਿਲਾ ਦਿਉ। (ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ।1। ਰਹਾਉ।

ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ। ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਅੱਗੇ ਤਰਲਾ ਕਰਾਂ ਉਹਨਾਂ ਦੀ ਸੇਵਾ ਕਰ ਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ, ਕਿਉਂਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ।1।

(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ। ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ। ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ।2।

ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ) । (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ। (ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ।3।

ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ। ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ। ਹੇ ਨਾਨਕ! ਜਗਤ (ਦੇ-ਜੀਵਾਂ) -ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ।4। 4। 68।

ਸਿਰੀਰਾਗੁ ਮਹਲਾ ੪ ॥ ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥ ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥ ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥ ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥ ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥ ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥ ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥ ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥ ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥ ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥ ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥ ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥ ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥ {ਪੰਨਾ 41}

ਪਦ ਅਰਥ: ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਅਤਿ ਭਲਾ = ਬਹੁਤ ਚੰਗਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਜਾਇ = ਜਾ ਕੇ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ। ਕਿਉਕਰਿ = ਕਿਸ ਤਰ੍ਹਾਂ? ਓਇ = {ਲਫ਼ਜ਼ 'ਓਇ' ਲਫ਼ਜ਼ 'ਓਹ' ਤੋਂ ਬਹੁ-ਵਚਨ}। ਬੋਲਨੀ = ਬੋਲਨਿ, ਬੋਲਦੀਆਂ। ਮਲਿ = ਮਲ ਕੇ। ਤਿਨ ਪਾਇ = ਉਹਨਾਂ ਦੇ ਪੈਰ।1।

ਮਿਲਿ ਸਜਣ = ਸੱਜਣ (-ਗੁਰੂ) ਨੂੰ ਮਿਲ ਕੇ। ਸਾਰਿ = (ਹਿਰਦੇ ਵਿਚ) ਸੰਭਾਲ।1। ਰਹਾਉ।

ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ = ਮਨ ਵਿਚ। ਦਇਆ = ਤਰਸ। ਰਤੰਨੁ = ਕੀਮਤੀ ਪਦਾਰਥ। ਜਾਣੀਅਹਿ = ਜਾਣੇ ਜਾਂਦੇ ਹਨ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ (ਰਹਿ ਕੇ) ।2।

ਵਣਿ = ਵਣ ਵਿਚ। ਤਿਣਿ = ਤਿਣ ਵਿਚ, ਤੀਲੇ ਵਿਚ। ਸਭਤੁ = ਹਰ ਥਾਂ। ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬਲਾਇ = ਆਫ਼ਤ।3।

ਆਪੇ = ਆਪਿ ਹੀ। ਦੇਵਸੀ = ਦੇਵੇਗਾ। ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ। ਚੋਇ = ਚੋ ਕੇ।4।

ਅਰਥ: ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ।1। ਰਹਾਉ।

ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ? (ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।

(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ।1।

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ (ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ।2।

(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।

ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ। ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ।3।

(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।

ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ।4।5। 69।

ਸਿਰੀਰਾਗੁ ਮਹਲਾ ੪ ॥ ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥ ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥ ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥ ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥ ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥ ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥ ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥ ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥ {ਪੰਨਾ 41-42}

ਪਦ ਅਰਥ: ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ। ਆਂਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {l^ju} ਰੱਸੀ। ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ ਪਚਾਇ = ਖ਼ੁਆਰ ਹੁੰਦਾ ਹੈ।1।

ਮੈ = ਮੇਰੇ ਵਾਸਤੇ, ਮੇਰਾ। ਸਖਾ = ਸਾਥੀ, ਮਿੱਤਰ। ਕਲਤੁ = {kl>} ਇਸਤ੍ਰੀ, ਵਹੁਟੀ। ਬਿਖੁ = ਜ਼ਹਰ।1। ਰਹਾਉ।

ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ। ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ। ਗਲਿ = ਗਲ ਨਾਲ।2।

ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ। ਮਨਿ = ਮਨ ਵਿਚ। ਨਾਮਿੁ = ਨਾਮ ਵਿਚ। ਅਨਹਦ ਧੁਨੀ = ਇਕ-ਰਸ ਸੁਰ ਨਾਲ ਵੱਜਣ ਵਾਲੇ। ਅਨਹਦ = {Anwhq} ਬਿਨਾ ਵਜਾਏ ਵੱਜਣ ਵਾਲੇ। ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ।3।

ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ। ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ। ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ।4।

ਅਰਥ: ਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ। ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ।1। ਰਹਾਉ।

ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ (ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ। (ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ।1।

(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ। ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ।2।

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ। ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ। ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ।3।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ। ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ।4। 33। 31।6। 70।

ਨੋਟ:
. . . .ਗੁਰੂ ਨਾਨਕ ਦੇਵ ਜੀ ਦੇ ਸ਼ਬਦ . . . . 33
. . . .ਗੁਰੂ ਅਮਰ ਦਾਸ ਜੀ ਦੇ ਸ਼ਬਦ . . . . 31
. . . . ਗੁਰੂ ਰਾਮ ਦਾਸ ਜੀ ਦੇ ਸ਼ਬਦ . . . . . 6
. . . . . . . . ਜੋੜ . . . . . . . . . . . . . . . .70

TOP OF PAGE

Sri Guru Granth Darpan, by Professor Sahib Singh