ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 42 ਸਿਰੀਰਾਗੁ ਮਹਲਾ ੫ ਘਰੁ ੧ ॥ ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥ ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥ ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥ ਮੇਰੇ ਮਨ ਸੁਖਦਾਤਾ ਹਰਿ ਸੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥ ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥ ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥ ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥ ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥ ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥ ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥ {ਪੰਨਾ 42} ਪਦ ਅਰਥ: ਰਤਾ = ਰੱਤਾ, ਮਸਤ। ਭੋਗਹਿ = ਤੂੰ ਭੋਗਦਾ ਹੈਂ। ਅਪਾਰ = ਬੇਅੰਤ। ਫੁਰਮਾਇਸੀ = {ਲਫ਼ਜ਼ 'ਫੁਰਮਾਇਸਿ' ਤੋਂ ਬਹੁ-ਵਚਨ} ਹੁਕਮ। ਅਫਾਰ = ਅਹੰਕਾਰੀ, ਆਫਰਿਆ ਹੋਇਆ। ਚਿਤਿ = (ਤੇਰੇ) ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਮਨਮੁਖ = ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ! ਅੰਧ = ਹੇ ਅੰਨ੍ਹੇ! ਗਵਾਰ = ਹੇ ਮੂਰਖ!।1। ਸੋਇ = ਉਹ ਹੀ। ਗੁਰੁ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਕਰਮਿ = {ਕਰਮੁ = ਬਖ਼ਸ਼ਸ਼} ਮਿਹਰ ਨਾਲ।1। ਰਹਾਉ। ਕਪੜਿ = ਕੱਪੜੇ ਵਿਚ, ਕੱਪੜੇ ਹੰਢਾਣ ਵਿਚ। ਭੋਗਿ = ਭੋਗ ਵਿਚ, ਖਾਣ ਵਿਚ। ਲਪਟਾਇਆ = ਮਸਤ, ਫਸਿਆ ਹੋਇਆ। ਰੁਪਾ = ਰੁੱਪਾ, ਚਾਂਦੀ। ਖਾਕੁ = ਧਰਤੀ। ਹੈਵਰ = {hXvr} ਵਧੀਆ ਘੋੜੇ। ਗੈਵਰ = {gj vr} ਵਧੀਆ ਹਾਥੀ। ਬਹੁ ਰੰਗੇ = ਕਈ ਰੰਗਾਂ ਦੇ, ਕਈ ਕਿਸਮਾਂ ਦੇ। ਅਥਾਕ = ਅਥੱਕ, ਨਾਹ ਥੱਕਣ ਵਾਲੇ। ਪਾਵਹੀ = ਪਾਵਹਿ, ਤੂੰ ਪਾਂਦਾ, ਲਿਆਉਂਦਾ। ਸਾਕ = ਸਨਬੰਧੀ। ਸਿਰਜਣਹਾਰਿ = ਸਿਰਜਨਹਾਰ ਨੇ। ਨਾਪਾਕ = ਗੰਦਾ, ਮਲੀਨ, ਅਪਵਿਤ੍ਰ।2। ਬਦ ਦੁਆਇ = ਬਦ ਅਸੀਸਾਂ। ਇਕਤ = ਇਕਤ੍ਰ, ਇਕੱਠੀ। ਜਿਸ ਨੋ = ਜਿਸ (ਕੁਟੰਬ) ਨੂੰ। ਪਤੀਆਇਦਾ = ਖ਼ੁਸ਼ ਕਰਦਾ ਹੈਂ। ਸਣੁ = ਸਮੇਤ। ਸਣੁ ਤੁਝੈ = ਤੇਰੇ ਸਮੇਤ। ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ। ਵਿਆਪਿਆ = ਫਸਿਆ ਹੋਇਆ, ਦਬਾ ਵਿਚ ਆਇਆ ਹੋਇਆ। ਤਿਨਿ = ਉਸ ਨੇ। ਪ੍ਰਭ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਤਿ = (ਦੁਨੀਆਵੀ) ਇੱਜ਼ਤ।3। ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਸਤਿਗੁਰਿ ਪੁਰਖਿ = ਅਕਾਲ ਪੁਰਖ ਦੇ ਰੂਪ ਗੁਰੂ ਨੇ। ਮਾਣਸ = (ਬਹੁ-ਬਚਨ) ਮਨੁੱਖ। ਰੋਇ = ਰੋਂਦਾ ਹੈ। ਦਰਿ = ਦਰ ਤੇ। ਫੇਰੁ = ਮੋੜਾ। ਰੰਗਿ = ਪ੍ਰੇਮ ਵਿਚ। ਚਾਨਣੁ = ਚਾਨਣ (-ਮੁਨਾਰਾ) ।4। ਅਰਥ: ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ। (ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ।1। ਰਹਾਉ। ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ? ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ। ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ। ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ।1। (ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ। ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ। (ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ।2। (ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ। (ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ। ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ। ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ।3। ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ। ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ। ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ। ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ।4।1। 71। ਨੋਟ: ਅੰਕ ਨੰ: 1 ਦੱਸਦਾ ਹੈ ਕਿ ਮ: 5 ਦਾ ਇਹ ਪਹਿਲਾ ਸ਼ਬਦ ਹੈ। ਸਿਰੀਰਾਗੁ ਮਹਲਾ ੫ ॥ ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥ ਭਾਈ ਰੇ ਸੁਖੁ ਸਾਧਸੰਗਿ ਪਾਇਆ ॥ ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥ ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥ ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥ ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥ ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥ ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥ {ਪੰਨਾ 42} ਪਦ ਅਰਥ: ਮਨਿ = ਮਨ ਵਿਚ। ਬਿਲਾਸੁ = ਖੇਲ-ਤਮਾਸ਼ਾ। ਬਹੁ ਰੰਗੁ = ਕਈ ਰੰਗਾਂ ਦਾ। ਘਣਾ = ਬਹੁਤ। ਦ੍ਰਿਸਟਿ = ਨਜ਼ਰ, ਨਿਗਾਹ। ਭੂਲਿ = ਭੁੱਲ ਕੇ। ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ। ਸਾਧ ਸੰਗਿ = ਸਾਧ ਸੰਗ ਵਿਚ। ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ।1। ਰਹਾਉ। ਥਾਨ ਥਨੰਤਰਾ = ਥਾਨ ਥਾਨ ਅੰਤਰਾ, ਧਰਤੀ ਦੇ ਹੋਰ ਹੋਰ ਥਾਂ, ਅਨੇਕਾਂ ਥਾਂ। ਭਵਿ ਆਇਆ = ਭਉਂ ਕੇ (ਵੇਖ) ਆਇਆ। ਧਨਪਾਤੀ = ਧਨਾਢ। ਭੂਮੀਆ = ਭੁਇਂ ਦਾ ਮਾਲਕ।2। ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ। ਸਭੁ ਕੋ = ਹਰੇਕ ਜੀਵ। ਵਸਗਤਿ = ਵੱਸ ਵਿਚ। ਲਇਓਨੁ = ਲਿਆ ਹੈ ਉਸ ਨੇ। ਖਾਕੁ = ਮਿੱਟੀ (ਵਿਚ) ।3। ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ) । ਦਰਿ = ਦਰ ਤੇ। ਗਿਰੰਬਾਰੀ = ਗਿਰਾਂ ਬਾਰੀ, ਭਾਰੀ ਜ਼ਿੰਮੇਵਾਰੀ ਵਾਲੀ। ਗਿਰਾਂ = ਭਾਰੀ। ਬਾਰ = ਬੋਝ, ਜ਼ਿੰਮੇਵਾਰੀ। ਸਾਹਬੀ = ਹਕੂਮਤਿ। ਥੀਆ = ਹੋ ਜਾਂਦਾ ਹੈ।4। ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ। ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ।1। ਰਹਾਉ। ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ, ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ।1। ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ, ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ।2। ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ, ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ।3। ਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ।4।2। 72। |
Sri Guru Granth Darpan, by Professor Sahib Singh |