ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 43

ਸਿਰੀਰਾਗੁ ਮਹਲਾ ੫ ॥ ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥ ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥ ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥ ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥ ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥ ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥ {ਪੰਨਾ 43}

ਪਦ ਅਰਥ: ਭਲਕੇ = ਨਿੱਤ, ਹਰ ਰੋਜ਼। ਉਠਿ = ਉੱਠ ਕੇ, ਉੱਦਮ ਨਾਲ। ਪਪੋਲੀਐ = ਪਾਲੀ ਪੋਸੀਦੀ ਹੈ। ਮੁਗਧ = ਮੂਰਖ। ਅਜਾਣਿ = ਬੇ-ਸਮਝ। ਚਿਤਿ = ਚਿੱਤ ਵਿਚ। ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ। ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ। ਸੇਤੀ = ਨਾਲ। ਰੰਗੁ = ਆਤਮਕ ਆਨੰਦ।1।

ਲਾਹਾ = ਲਾਭ। ਲੈਣਿ = ਲੈਣ ਵਾਸਤੇ। ਕਿਤੁ = ਕਿਸ ਵਿਚ? ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ। ਰੈਣਿ = (ਉਮਰ ਦੀ) ਰਾਤ।1। ਰਹਾਉ।

ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ। ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤਰ੍ਹਾਂ ਦਾ। ਜਾਲਿ = ਜਾਲ ਵਿਚ। ਮੁਕਤੇ = (ਜਾਲ ਵਿਚੋਂ) ਆਜ਼ਾਦ। ਸੇਈ = ਉਹੀ ਬੰਦੇ। ਭਾਲੀਅਹਿ = ਮਿਲਦੇ ਹਨ। ਜਿ = ਜਿਹੜੇ।2।

ਤੁਧੁ = ਤੂੰ। ਚਿੰਤਾ = ਖ਼ਿਆਲ। ਪਾਹਿ = ਪੈਂਦੇ ਹਨ।3।

ਨ ਦਿਖਾਇ = ਨਹੀਂ ਦਿੱਸ ਆਉਂਦਾ। ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ) । ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ।4।

ਅਰਥ: ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ।1। ਰਹਾਉ।

ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ। ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।

(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ।1।

ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ, (ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ। ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ।2।

(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ। (ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ।3।

(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ। ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ। ਹੇ ਨਾਨਕ (ਆਖ–) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ।4।3। 73।

ਸਿਰੀਰਾਗੁ ਮਹਲਾ ੫ ॥ ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥ ਅੰਧੇ ਤੂੰ ਬੈਠਾ ਕੰਧੀ ਪਾਹਿ ॥ ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥ ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥ ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥ ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥ ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥ ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥ ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥ {ਪੰਨਾ 43}

ਪਦ ਅਰਥ: ਮੁਹਤ = {muhuqL} ਦੋ ਘੜੀਆਂ। ਪਾਹੁਣਾ = ਪ੍ਰਾਹੁਣਾ। ਕਾਮਿ = ਕਾਮ-ਵਾਸਨਾ ਵਿਚ। ਵਿਆਪਿਆ = ਫਸਿਆ ਹੋਇਆ। ਗਾਵਾਰੁ = ਮੂਰਖ। ਉਠਿ = ਉੱਠ ਕੇ। ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ। ਜੰਦਾਰ = {ਜੰਦਾਲ} ਅਵੈੜਾ (ਜਮ) ।1।

ਕੰਧੀ = ਨਦੀ ਦਾ ਕੰਡਾ। ਪਾਹਿ = ਪਾਸ। ਪੂਰਬਿ = ਮੁੱਢ ਤੋਂ।1। ਰਹਾਉ।

ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ। ਦਾਤ = ਦਾਤਰੇ। ਪਹੁਤਿਆ = ਪਹੁੰਚ ਗਏ। ਲਾਵੇ = ਵਾਢੇ, ਫ਼ਸਲ ਵੱਢਣ ਵਾਲੇ। ਕਰਿ = ਕਰ ਕੇ। ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ।2।

ਧੰਧੈ = ਧੰਧੇ ਵਿਚ, ਜੰਜਾਲ ਵਿਚ। ਭਰਿ = ਰੱਜ ਕੇ। ਝਾਖ ਝਖਾਇਆ = ਵਿਸ਼ੇ ਭੋਗੇ। ਭੋਰੁ = ਦਿਨ। ਚਿਤਿ = ਚਿੱਤ ਵਿਚ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।3।

ਵਾਰਿਆ = ਕੁਰਬਾਨ, ਸਦਕੇ। ਮਨਿ = ਮਨ ਵਿਚ। ਸੁਜਾਣੁ = ਸਿਆਣਾ। ਜਾਣੁ = ਸਿਆਣਾ।4।

ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ) । ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ।1। ਰਹਾਉ।

(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ। ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ।1।

ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ। ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, ਉਹ ਵਾਢੇ ਤਿਆਰ ਕਰਦਾ ਹੈ ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ। (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ।2।

(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ, ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ) । ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ।3।

ਹੇ ਨਾਨਕ! (ਆਖ–) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ, ਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ। ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ।4। 4। 74।

ਸਿਰੀਰਾਗੁ ਮਹਲਾ ੫ ॥ ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥ ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥ ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥ ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥ ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥ ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥ ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥ ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥ ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥ ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥ ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥ ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥ ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥ {ਪੰਨਾ 43-44}

ਪਦ ਅਰਥ: ਵਿਸਰਨੁ = {ਲਫ਼ਜ਼ 'ਵਿਸਰਨਿ' ਅਤੇ 'ਵਿਸਰਨੁ' ਦਾ ਫ਼ਰਕ ਸਮਝਣ-ਜੋਗ ਹੈ। ਲਫ਼ਜ਼ 'ਵਿਸਰਨੁ' ਹੁਕਮੀ ਭਵਿੱਖਤ ਅੱਨ ਪੁਰਖ ਬਹੁ-ਵਚਨ ਹੈ} ਬੇ-ਸ਼ੱਕ ਵਿਸਰ ਜਾਣ। ਗੁਰਿ = ਗੁਰੂ ਨੇ। ਸਚੁ = ਸਦਾ-ਥਿਰ ਰਹਿਣ ਵਾਲਾ। ਸੁਆਉ = ਮਨੋਰਥ। ਲਾਹਿ ਕੈ = ਦੂਰ ਕਰ ਕੇ। ਕਮਾਉ = ਮੈਂ ਕਮਾਂਦਾ ਹਾਂ। ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤਿਨ = ਉਹਨਾਂ ਨੂੰ। ਅਗੈ = ਪ੍ਰਭੂ ਦੀ ਦਰਗਾਹ ਵਿਚ। ਥਾਉ = ਥਾਂ, ਆਦਰ।1।

ਨੋ = ਨੂੰ। ਪਾਹਿ = ਪਾਉ।1। ਰਹਾਉ।

ਵਿਆਪਈ = ਜ਼ੋਰ ਪਾ ਸਕਦਾ। ਮਨਿ = ਮਨ ਵਿਚ। ਕਿਤੁ = ਕਿਸੇ ਵਿਚ। ਕੰਮਿ = ਕੰਮ ਵਿਚ। ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {ਲ਼ਫ਼ਜ਼ 'ਕਿਤੁ' ਦਾ ੁ ਲਫ਼ਜ਼ 'ਹੀ' ਦੇ ਕਾਰਨ ਲੋਪ ਹੋ ਗਿਆ ਹੈ}। ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ। ਦੇ = ਦੇ ਕੇ। ਸਭਿ = ਸਾਰੇ। ਧੋਇ = ਧੋ ਕੇ।2।

ਮਸਕਤੇ = ਮਸੱਕਤੇ, ਮਸ਼ਕੱਤਿ, ਸੇਵਾ-ਘਾਲ। ਤੂਠੈ = ਜੇ ਤੂੰ ਪ੍ਰਸੰਨ ਹੋਵੇਂ। ਦੇਵ = ਹੇ ਪ੍ਰਭੂ! ਵਸਗਤਿ = ਵੱਸ ਵਿਚ। ਕਰਣ ਕਰੇਵ = ਕਰਨ-ਕਰਾਣ ਜੋਗਾ। ਮਨਸਾ = {mnIsw} ਲੋੜਾਂ। ਪੂਰੇਵ = ਪੂਰੀਆਂ ਕਰਦਾ ਹੈ।3।

ਇਕੋ = ਇੱਕ ਹੀ। ਸਾਮਗਰੀ = ਸਾਰੇ ਪਦਾਰਥ। ਰੀਤਿ = ਮਰਯਾਦਾ। ਸਿਉ = ਨਾਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਖਾਣਾ = ਆਤਮਕ ਖ਼ੁਰਾਕ। ਟੇਕ = ਆਸਾਰਾ।4।

ਅਰਥ: ਹੇ ਮੇਰੇ ਮਨ! ਕਰਤਾਰ ਦੀ ਸਿਫ਼ਤਿ-ਸਾਲਾਹ ਕਰ। (ਪਰ ਇਹ ਸਿਫ਼ਤਿ-ਸਾਲਾਹ ਦੀ ਦਾਤਿ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ।1। ਰਹਾਉ।

(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ। ਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ। ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ।1।

ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ। ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ। (ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ।2।

ਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ। ਹੇ ਪ੍ਰਭੂ! ਜੇ ਤੂੰ ਹੀ ਮਿਹਰ ਕਰੇਂ ਤਾਂ ਮੈਨੂੰ ਸਾਧ ਸੰਗਤਿ ਦੀ ਪ੍ਰਾਪਤੀ ਹੋਵੇ ਤੇ ਸੇਵਾ ਦੀ ਦਾਤਿ ਮਿਲੇ।

(ਹੇ ਭਾਈ!) ਹਰੇਕ (ਦਾਤਿ) ਮਾਲਕ ਦੇ ਆਪਣੇ ਇਖ਼ਤਿਆਰ ਵਿਚ ਹੈ, ਉਹ ਆਪ ਹੀ ਸਭ ਕੁਝ ਕਰਨ ਕਰਾਣ ਜੋਗਾ ਹੈ। ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ। ਸਤਿਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ।3।

(ਹੇ ਭਾਈ! ਜਗਤ ਵਿਚ) ਇਕ ਪਰਮਾਤਮਾ ਹੀ (ਅਸਲ) ਸੱਜਣ ਦਿੱਸਦਾ ਹੈ, ਉਹੀ ਇਕ (ਅਸਲੀ) ਭਰਾ ਹੈ ਤੇ ਮਿੱਤਰ ਹੈ। ਦੁਨੀਆ ਦਾ ਸਾਰਾ ਧਨ-ਪਦਾਰਥ ਉਸ ਇਕ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਸੇ ਦੀ ਹੀ ਮਰਯਾਦਾ (ਜਗਤ ਵਿਚ) ਚੱਲ ਰਹੀ ਹੈ

ਹੇ ਨਾਨਕ! ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ। ਉਹ ਪਰਮਾਤਮਾ ਦੇ ਸਦਾ-ਥਿਰ ਨਾਮ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾ ਲੈਂਦਾ ਹੈ, ਨਾਮ ਨੂੰ ਹੀ ਆਪਣੀ (ਆਤਮਕ) ਪੁਸ਼ਾਕ ਬਣਾਂਦਾ ਹੈ ਤੇ ਸਦਾ-ਥਿਰ ਨਾਮ ਨੂੰ ਹੀ ਆਪਣਾ ਆਸਰਾ ਬਣਾਂਦਾ ਹੈ।4।5। 75।

TOP OF PAGE

Sri Guru Granth Darpan, by Professor Sahib Singh