ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 44

ਸਿਰੀਰਾਗੁ ਮਹਲਾ ੫ ॥ ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥ ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥ ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥ ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥ ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥ {ਪੰਨਾ 44}

ਪਦ ਅਰਥ: ਥੋਕ = ਪਦਾਰਥ, ਚੀਜ਼ਾਂ। ਹਥਿ ਆਵੈ = ਮਿਲ ਜਾਏ, ਹੱਥ ਵਿਚ ਆ ਜਾਏ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਸਫਲੁ = ਫਲ ਸਹਿਤ, ਕਾਮਯਾਬ। ਕਥਿ = ਕਥੀਂ, ਮੈਂ ਉਚਾਰਾਂ। ਸਚਾ = ਸਦਾ-ਥਿਰ ਰਹਿਣ ਵਾਲਾ। ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ।1।

ਏਕਸ ਸਿਉ = ਸਿਰਫ਼ ਇੱਕ ਨਾਲ। ਧੰਧੁ = ਜੰਜਾਲ। ਮੋਹੁ ਮਾਇ = ਮਾਇਆ ਦਾ ਮੋਹ।1। ਰਹਾਉ।

ਨਦਰਿ = ਮਿਹਰ ਦੀ ਨਿਗਾਹ। ਨਿਮਖ = {inmy} = ਅੱਖ ਝਮਕਣ ਜਿਤਨਾ ਸਮਾ। ਦੇਇ = ਦੇਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) । ਤਿਨਿ = ਉਸ (ਮਨੁੱਖ) ਨੇ। ਗਹੇ = ਫੜ ਲਏ।2।

ਮੂਰਤੁ = {muhuqL} ਸਮਾ {ਨੋਟ: ਲਫ਼ਜ਼ 'ਮੂਰਤੁ' ਅਤੇ 'ਮੂਰਤਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। ਮੂਰਤਿ = ਸਰੂਪ}। ਜਿਤੁ = ਜਿਸ ਵਿਚ। ਲਗਈ = ਲਗਏ, ਲੱਗੇ। ਅਧਾਰੁ = ਆਸਰਾ। ਗੁਰਿ = ਗੁਰੂ ਨੇ।3।

ਸੰਤ ਸਭਾ = ਸਾਧ ਸੰਗਤਿ। ਢੋਈ = ਆਸਰਾ। ਨੋ = ਨੂੰ। ਜਿਨਿ = ਜਿਸ ਨੇ। ਬਧਾ ਘਰੁ = ਪੱਕਾ ਟਿਕਾਣਾ ਬਣਾ ਲਿਆ। ਮਿਰਤੁ = ਆਤਮਕ ਮੌਤ। ਜਨਮੁ = ਜਨਮ-ਮਰਨ ਦਾ ਗੇੜ। ਜਰਾ = ਬੁਢੇਪਾ, ਆਤਮਕ ਜੀਵਨ ਨੂੰ ਬੁਢੇਪਾ।4।

ਅਰਥ: ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤਿ ਜੋੜ। ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ।1। ਰਹਾਉ।

ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ) । ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।

(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ।1।

ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ (ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ) ।

ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ) , ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ।2।

ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।

ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ।3।

(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ। (ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ। ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।4।6। 76।

ਸ੍ਰੀਰਾਗੁ ਮਹਲਾ ੫ ॥ ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥ ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥ ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥ ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥ ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥ ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥ ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥ ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥ ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥ ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥ ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥ ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥ {ਪੰਨਾ 44}

ਪਦ ਅਰਥ: ਸੋਈ = ਉਹੀ। ਜੀਅੜੇ = ਹੇ ਜਿੰਦੇ! ਸਿਰਿ = ਸਿਰ ਉੱਤੇ। ਮਨ = ਹੇ ਮਨ! ਸਭਸੁ = ਸਭ ਜੀਵਾਂ ਨੂੰ। ਵੇਸਾਹੁ = ਭਰੋਸਾ। ਸਭਿ = ਸਾਰੀਆਂ। ਪਾਹੁ = ਪਉ।1।

ਸਹਜ = ਆਤਮਕ ਅਡੋਲਤਾ। ਸੇਤੀ = ਨਾਲ।1। ਰਹਾਉ।

ਪਰੁ = ਪਉ। ਜਿਸੁ = {ਨੋਟ: ਲਫ਼ਜ਼ 'ਜਿਸੁ' ਅਤੇ 'ਜਿਸ ਕਾ' ਦੇ 'ਜਿਸ' ਦਾ ਫ਼ਰਕ ਚੇਤੇ ਰੱਖਣਾ। ਲਫ਼ਜ਼ 'ਜਿਸੁ ਤਿਸੁ ਕਿਸੁ ਇਸੁ, ਉਸੁ' ਦਾ ੁ ਖ਼ਾਸ ਖ਼ਾਸ ਸੰਬੰਧਕਾਂ ਤੇ ਕ੍ਰਿਆ ਵਿਸ਼ੇਸ਼ਣ 'ਹੀ' ਨਾਲ ਉੱਡ ਜਾਂਦਾ ਹੈ। ਵੇਖੋ 'ਗੁਰਬਾਣੀ ਵਿਆਕਰਨ'}। ਘਣਾ = ਬਹੁਤ। ਮੂਲੇ = ਉੱਕਾ ਹੀ, ਬਿਲਕੁਲ। ਚਾਕਰੀ = ਸੇਵਾ, ਭਗਤੀ। ਸਾਹਿਬੁ = ਮਾਲਕ। ਸਚਾ = ਸਦਾ ਕਾਇਮ ਰਹਿਣ ਵਾਲਾ।2।

ਫਾਸ = ਫਾਸੀ। ਨਿਰਮਲਾ = ਪਵਿਤ੍ਰ ਜੀਵਨ ਵਾਲਾ। ਭੈ ਭੰਜਨੋ = ਸਾਰੇ ਡਰ ਨਾਸ ਕਰਨ ਵਾਲਾ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ।3।

ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ। ਕਹਿ ਨ ਸਕਾਉ = ਮੈਂ ਕਹਿ ਨਹੀਂ ਸਕਦਾ। ਮਇਆ = ਦਇਆ। ਸਚੁ = ਸਦਾ-ਥਿਰ ਰਹਿਣ ਵਾਲਾ।4।

ਅਰਥ: ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ। ਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ।1। ਰਹਾਉ।

ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ। ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ। (ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ।1।

ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱੱਕਾ ਹੀ ਪੋਹ ਨਹੀਂ ਸਕਦਾ। (ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ।2।

ਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। (ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।

ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ।3।

ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ। ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ) ।

ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ।4।7। 77।

TOP OF PAGE

Sri Guru Granth Darpan, by Professor Sahib Singh