ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 45 ਸ੍ਰੀਰਾਗੁ ਮਹਲਾ ੫ ॥ ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥ ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥ ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥ ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥ ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥ ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥ ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥ ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥ ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥ ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥ ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥ ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥ {ਪੰਨਾ 45} ਪਦ ਅਰਥ: ਸੋ = ਉਹ ਮਨੁੱਖ। ਤਿਸੁ = ਉਸ ਦਾ। ਊਜਲੁ = ਰੌਸ਼ਨ, ਚਮਕ ਵਾਲਾ। ਤੇ = ਤੋਂ। ਸਭਨੀ ਲੋਇ = ਸਾਰੇ ਭਵਨਾਂ ਵਿਚ। ਘਰਿ = ਘਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।1। ਸਹਾਈ = ਸਹੈਤਾ ਕਰਨ ਵਾਲਾ। ਅਗੈ = ਪਰਲੋਕ ਵਿਚ।1। ਰਹਾਉ। ਕਵਨੈ ਕਾਮਿ = ਕੇਹੜੇ ਕੰਮ? ਫਿਕਾ = ਬੇ-ਸੁਆਦਾ, ਹੋਛਾ। ਜਾਤੋ = ਜਾਂਦਾ ਹੈ। ਨਿਦਾਨਿ = ਓੜਕ ਨੂੰ। ਪਰਧਾਨੁ = ਮੰਨਿਆ-ਪ੍ਰਮੰਨਿਆ।2। ਰੇਣੁਕਾ = ਚਰਨ-ਧੂੜ। ਆਪੁ = ਆਪਾ-ਭਾਵ, ਅਹੰਕਾਰ। ਤਿਸਹਿ = ਤਿਸ ਹੀ, ਉਸੇ ਨੂੰ ਹੀ। ਮਸਤਕਿ = ਮੱਥੇ ਉੱਤੇ।3। ਭਾਈਹੋ = ਹੇ ਭਰਾਵੋ! ਜਿਸੁ ਹਉਮੈ = ਜਿਸ ਦੀ ਹਉਮੈ। ਕਉ = ਨੂੰ। ਭੇਟਿਆ = ਮਿਲਿਆ।4। ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ। ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ।1। ਰਹਾਉ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ। (ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ।1। (ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆਂ ਜਾਂਦਾ ਹੈ।2। (ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ। (ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ। ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ।3। ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ। ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ।4।8। 78। ਸਿਰੀਰਾਗੁ ਮਹਲਾ ੫ ॥ ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥ ਮਨ ਮੇਰੇ ਸਗਲ ਉਪਾਵ ਤਿਆਗੁ ॥ ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥ ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥ ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥ ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥ ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥ {ਪੰਨਾ 45} ਪਦ ਅਰਥ: ਪਛਾਣੂ = ਮਿੱਤਰ। ਜੀਅ ਕਾ = ਜਿੰਦ ਦਾ {ਨੋਟ: ਲਫ਼ਜ਼ 'ਜੀਉ' ਤੋਂ 'ਜੀਅ' ਬਣ ਜਾਂਦਾ ਹੈ 'ਸੰਬੰਧਕ' ਵਰਤਿਆਂ}। ਇਕੋ = ਇਕ (ਪ੍ਰਭੂ) ਹੀ। ਮਨਿ = ਮਨ ਵਿਚ। ਪ੍ਰਾਣ ਅਧਾਰੁ = ਪ੍ਰਾਣਾਂ ਦਾ ਆਸਰਾ, ਜਿੰਦ ਦਾ ਆਸਰਾ।1। ਉਪਾਵ = ਹੀਲੇ। ਲਿਵ = ਲਗਨ। ਲਾਗੁ = ਲਾਈ ਰੱਖ।1। ਰਹਾਉ। ਟੇਕ = ਸਹਾਰਾ। ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ। ਮਨਹੁ = ਮਨ ਤੋਂ। ਵਸਿ = ਵੱਸ ਵਿਚ।2। ਘਰਿ = ਘਰ ਵਿਚ, ਹਿਰਦੇ ਵਿਚ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਸੇਤੀ = ਨਾਲ। ਰਤਿਆ = ਰੱਤਿਆਂ, ਰੰਗੇ ਰਿਹਾਂ। ਸੰਤਾਪੁ = ਕਲੇਸ਼।3। ਤਿਸ ਕਾ {ਲਫ਼ਜ਼ 'ਤਿਸੁ' ਦਾ ੁ'ਸੰਬੰਧਕ' 'ਕਾ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'} ਗੁਰਿ = ਗੁਰੂ ਦੀ ਰਾਹੀਂ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।4। ਅਰਥ: ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ। ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ।1। ਰਹਾਉ। (ਹੇ ਭਾਈ!) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ, (ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ। ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ।1। (ਹੇ ਮਨ!) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ) । (ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ। (ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ।2। (ਹੇ ਭਾਈ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ। (ਹੇ ਭਾਈ!) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ। ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ।3। ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ। (ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ।4।9। 79। ਸਿਰੀਰਾਗੁ ਮਹਲਾ ੫ ॥ ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥ ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥ ਮਨ ਮੇਰੇ ਏਕੋ ਨਾਮੁ ਧਿਆਇ ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥ ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥ ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥ ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥ ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥ ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥ {ਪੰਨਾ 45} ਪਦ ਅਰਥ: ਸਿਉ = ਨਾਲ। ਸੇ = ਉਹ ਬੰਦੇ। ਪੂਰੇ = ਸਭ ਗੁਣਾਂ ਵਾਲੇ। ਪਰਧਾਨ = ਮੰਨੇ ਪ੍ਰਮੰਨੇ। ਮਨਿ = ਮਨ ਵਿਚ। ਉਪਜੈ = ਪਰਗਟ ਹੁੰਦਾ ਹੈ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਮਸਤਕਿ = ਮੱਥੇ ਉਤੇ।1। ਊਪਜਹਿ = ਪੈਦਾ ਹੁੰਦੇ ਹਨ {ਨੋਟ: 'ਊਪਜੈ' ਇਕ-ਵਚਨ ਹੈ, 'ਊਪਜਹਿ' ਬਹੁ-ਵਚਨ ਹੈ}। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ। ਜਾਇ = ਜਾਂਦਾ ਹੈ।1। ਰਹਾਉ। ਭਉ = ਡਰ। ਭਾਉ = ਪਿਆਰ। ਗੋਪਾਲ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਪ੍ਰਤਿਪਾਲ = ਰੱਖਿਆ। ਕਟੀਐ = ਕੱਟੀ ਜਾਂਦੀ ਹੈ। ਦੇਖਿ = ਵੇਖ ਕੇ। ਨਿਹਾਲ = ਪ੍ਰਸੰਨ।2। ਥਾਨ ਥਾਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਸੋਇ = ਉਹੀ। ਛੁਟੀਐ = (ਵਿਕਾਰਾਂ ਦੀ ਮੈਲ ਤੋਂ) ਬਚੀਦਾ ਹੈ। ਕੀਤਾ ਲੋੜੇ = ਕਰਨਾ ਪਸੰਦ ਕਰਦਾ ਹੈ।3। ਜਿਨੀ = ਜਿਨ੍ਹਾਂ ਨੇ। ਕੁਰਬਾਨ = ਸਦਕੇ।4। ਅਰਥ: ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ। (ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।1। ਰਹਾਉ। ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ ਜਾਂਦੇ ਹਨ। ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ। ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ।1। ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ, ਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ, ਗੁਰੂ ਦਾ ਦਰਸ਼ਨ ਕਰ ਕੇ (ਉਸ ਦਾ ਤਨ ਮਨ) ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ।2। (ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ। ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।3। (ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ। ਹੇ ਨਾਨਕ! (ਆਖ -) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।4।10। 80। |
Sri Guru Granth Darpan, by Professor Sahib Singh |