ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 46 ਸਿਰੀਰਾਗੁ ਮਹਲਾ ੫ ॥ ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥ ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥ ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥ ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥ ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥ ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥ ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥ ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥ ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥ {ਪੰਨਾ 46} ਪਦ ਅਰਥ: ਸਭੁ = ਸਾਰਾ। ਹਰਿ ਸੁਖੁ = ਪਰਮਾਤਮਾ (ਦੇ ਮਿਲਾਪ) ਦਾ ਸੁਖ। ਮਨਿ = ਮਨ ਵਿਚ। ਆਇ = ਆ ਕੇ। ਅੰਤਰਿ = ਅੰਦਰ, ਮਨ ਵਿਚ। ਏਕਸੁ ਸਿਉ = ਇਕ (ਪਰਮਾਤਮਾ) ਨਾਲ। ਲਾਇ = ਲਾ ਕੇ। ਮਿਲਿ = ਮਿਲ ਕੇ। ਸਾਧੂ = ਗੁਰੂ। ਊਜਲਾ = ਰੋਸ਼ਨ। ਪੂਰਬਿ = ਪਹਿਲੇ (ਜਨਮ ਦੇ) ਸਮੇਂ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।1। ਮਨ = ਹੇ ਮਨ! ਚਾਕਰੀ = ਸੇਵਾ। ਬਿਰਥਾ = {vãQw} ਖ਼ਾਲੀ।1। ਰਹਾਉ। ਨਿਧਾਨੁ = ਖ਼ਜ਼ਾਨਾ। ਅੰਤਰਜਾਮੀ = (ਜੀਵਾਂ ਦੇ ਦਿਲ ਦੇ) ਅੰਦਰ ਪਹੁੰਚ ਜਾਣ ਵਾਲਾ। ਸੰਗਿ = ਅੰਗ-ਸੰਗ। ਪਛਾਨੁ = ਪਛਾਣੂ, ਮਿੱਤਰ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਪਿ = ਜਪ ਕੇ। ਦਾਨੁ = ਸੇਵਾ। ਇਸਨਾਨੁ = ਪਵਿਤ੍ਰ ਆਚਰਨ। ਅਭਿਮਾਨੁ = ਅਹੰਕਾਰ।2। ਲਾਹਾ = ਲਾਭ, ਨਫ਼ਾ। ਕਾਮ = (ਸਾਰੇ) ਕੰਮ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਹਿ ਗਇਆ = ਮੁੱਕ ਗਿਆ। ਸਚੁ = ਸਦਾ-ਥਿਰ ਰਹਿਣ ਵਾਲਾ। ਮਹਲੁ = ਟਿਕਾਣਾ। ਪਛਾਨੁ = ਪਛਾਣੂ, ਸਾਥੀ।3। ਕਉ = ਨੂੰ। ਧਾਰਿ = ਧਾਰ ਕੇ। ਹਲਤਿ = ਹਲਤ ਵਿਚ, {A>} ਇਸ ਲੋਕ ਵਿਚ। ਪਲਤਿ = ਪਲਤ ਵਿਚ, {pr>} ਪਰਲੋਕ ਵਿਚ। ਮੁਖ = {ਲਫ਼ਜ਼ 'ਮੁਖ' ਬਹੁ-ਵਚਨ ਹੈ, ਇਕ-ਵਚਨ 'ਮੁਖੁ' ਹੈ}। ਸਾਰਿ = ਸੰਭਾਲ ਕੇ। ਸਾਰਦੇ = ਸੰਭਾਲਦੇ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਸੁਖ ਸਾਗਰੋ = ਸੁਖ ਸਾਗਰੁ, ਸੁਖਾਂ ਦਾ ਸਮੁੰਦਰ, ਸੁਖਾਂ ਦਾ ਸੋਮਾ। ਸਦ = ਸਦਾ।4। ਅਰਥ: ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ।1। ਰਹਾਉ। ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ। ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) , ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ, ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ।1। (ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ) । ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ। ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ, ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ।2। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ, ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ) । ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ।3। ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ। ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ। ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ।4।11। 81। ਸਿਰੀਰਾਗੁ ਮਹਲਾ ੫ ॥ ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥ ਮੇਰੇ ਮਨ ਪ੍ਰਭ ਸਰਣਾਈ ਪਾਇ ॥ ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥ ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥ ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥ ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥ {ਪੰਨਾ 46} ਪਦ ਅਰਥ: ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਨਿਧਾਨੁ = ਖ਼ਜ਼ਾਨਾ। ਪ੍ਰਭੂ = ਹੇ ਪ੍ਰਭੂ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਨਮ ਮਰਣ ਦੁਖੁ = ਜਨਮ ਮਰਨ (ਦੇ ਗੇੜ ਵਿਚ ਪੈਣ) ਦਾ ਦੁੱਖ। ਸਹਜਿ = ਆਤਮਕ ਅਡੋਲਤਾ ਵਿਚ।1। ਪ੍ਰਭ ਸਰਣਾਈ = ਪ੍ਰਭੂ ਦੀ ਸਰਨ ਵਿਚ। ਪਾਇ = ਪਉ।1। ਰਹਾਉ। ਸਾਗਰੁ ਗੁਣੀ = ਗੁਣਾਂ ਦਾ ਸਮੁੰਦਰ। ਵਡਭਾਗੀ = ਹੇ ਵੱਡੇ ਭਾਗਾਂ ਵਾਲੇ (ਮਨ) ! ਵਿਸਾਹੁ = ਵਿਹਾਝ। ਸੁਖ ਸਾਗਰੈ = ਸੁਖਾਂ ਦੇ ਸਮੁੰਦਰ ਪ੍ਰਭੂ ਦੀ। ਸਿਰਿ = ਸਿਰ ਉੱਤੇ।2। ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਠਾਉ = ਥਾਂ, ਆਸਰਾ। ਮੈ = ਮੈਨੂੰ। ਧਰ = ਆਸਰਾ। ਤੇਰੈ ਤਾਣਿ = ਤੇਰੇ ਤਾਣ ਵਿਚ, ਤੇਰੇ ਆਸਰੇ। ਰਹਾਉ = ਰਹਾਉ, ਮੈਂ ਰਹਿੰਦਾ ਹਾਂ। ਪ੍ਰਭ = ਹੇ ਪ੍ਰਭੂ!।3। ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ। ਦੋਖ = ਪਾਪ। ਉਤਾਰਿਅਨੁ = ਉਤਾਰੇ ਉਨਿ, ਉਸ ਨੇ ਉਤਾਰ ਦਿੱਤੇ ਹਨ।4। ਅਰਥ: ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ। ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ।1। ਰਹਾਉ। (ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ। ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ, ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤਿ ਆਤਮਕ ਅਡੋਲਤਾ ਵਿਚ ਟਿਕ ਜਾਏ।1। ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ) । ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ। (ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।2। (ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ। ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ।3। (ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ। ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ। ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ।4।12। 82। ਸਿਰੀਰਾਗੁ ਮਹਲਾ ੫ ॥ ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥ ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥ ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥ ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥ ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥ ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥ ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥ ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥ ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥ {ਪੰਨਾ 46-47} ਪਦ ਅਰਥ: ਸਚ ਸਿਉ = ਸਦਾ-ਥਿਰ ਪ੍ਰਭੂ ਨਾਲ। ਜਾਇ = ਜਾਂਦਾ, ਨਾਸ ਹੁੰਦਾ। ਆਵੈ = ਜੰਮਦਾ। ਭੰਜਨਾ = ਨਾਸ ਕਰਨ ਵਾਲਾ। ਭਾਉ = ਪ੍ਰੇਮ। ਸਤ ਭਾਇ = ਭਲੀ ਭਾਵਨਾ ਦੀ ਰਾਹੀਂ। ਨਿਰੰਜਨੁ = ਨਿਰੰਜਨੁ, {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਗੁਰਿ = ਗੁਰੂ ਨੇ। ਮਾਇ = ਹੇ ਮਾਂ!।1। ਧ੍ਰਿਗੁ = ਫਿਟਕਾਰ-ਜੋਗ।1। ਰਹਾਉ। ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ। ਸਖਾ = ਮਿੱਤਰ। ਬਿਰਧਿ = ਬੁੱਢਾ। ਨਿਹਚਲੁ = ਅਟੱਲ। ਨਿਧਾਰਾ ਆਧਾਰੁ = ਨਿਆਸਰਿਆਂ ਦਾ ਆਸਰਾ।2। ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਇਕ ਮਨਿ = ਏਕਾਗ੍ਰ ਮਨ ਨਾਲ, ਮਨ ਲਾ ਕੇ। ਭਰਾਂਤਿ = ਭਟਕਣਾ। ਨਵਤਨੁ = ਨਵਾਂ ਨਿਰੋਆ। ਵਿਸਰਹੁ = ਭੁਲਾਵੋ।3। ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ। ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ। ਵਾਰੀਐ = ਸਦਕੇ ਕਰ ਦੇਈਏ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ। ਅਕਿਰਤਘਣ = {øqÆn = ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। ਨੋ = ਨੂੰ। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!।4। ਅਰਥ: ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ। (ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ। ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ।1। ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ। ਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ।1। ਰਹਾਉ। (ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ, ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱਚਾ ਹੈ, ਵੱਡਾ ਹੈ, ਬੇਅੰਤ ਹੈ। ਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ) । ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ) । (ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ। 21। (ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ, ਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ। (ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤਿ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ।3। (ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ। ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ। ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ।4।13। 83। |
Sri Guru Granth Darpan, by Professor Sahib Singh |