ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 47

ਸਿਰੀਰਾਗੁ ਮਹਲਾ ੫ ॥ ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥ ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥ ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥ ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥ ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥ ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥ ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥ ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥ ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥ ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥ ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥ {ਪੰਨਾ 47}

ਪਦ ਅਰਥ: ਜਿਨਿ = ਜਿਸ ਨੇ। ਪ੍ਰਭਿ = ਪ੍ਰਭੂ ਨੇ। ਸਹਜਿ = ਅਡੋਲਤਾ ਵਿਚ। ਸਵਾਰਿ = ਸੰਵਾਰ ਕੇ, ਸਜਾ ਕੇ। ਕਲਾ = ਤਾਕਤਾਂ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।1।

ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।1। ਰਹਾਉ।

ਰੁਪਾ = ਚਾਂਦੀ। ਮਾਣਕ = ਮੋਤੀ। ਖਾਕੁ = ਮਿੱਟੀ (ਸਮਾਨ) , ਨਾਸਵੰਤ। ਸੁਤ = ਪੁੱਤਰ। ਬੰਧਪਾ = ਰਿਸ਼ਤੇਦਾਰ। ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ। ਤਿਸਹਿ = ਉਸ ਨੂੰ। ਜਾਣਈ = ਜਾਣਏ, ਜਾਣੈ, ਜਾਣਦਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਾਪਾਕ = ਅਪਵਿਤ੍ਰ, ਗੰਦੇ ਜੀਵਨ ਵਾਲਾ।2।

ਰਵਿ ਰਹਿਆ = ਮੌਜੂਦ ਹੈ। ਤਿਸ ਨੋ = ਉਸ ਨੂੰ {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਕੂਰਿ = ਕੂੜੀ, ਝੂਠੀ। ਵੰਞਹਿ = ਚਲੇ ਜਾਂਦੇ ਹਨ। ਪੂਰ = ਭਰੀ ਹੋਈ ਬੇੜੀ ਦੇ ਸਾਰੇ ਮੁਸਾਫ਼ਿਰ, ਅਨੇਕਾਂ ਜੀਵ।3।

ਪ੍ਰਭ = ਹੇ ਪ੍ਰਭੂ! ਕਰਿ = ਕਰ ਕੇ। ਬਿਕਟ = ਔਖਾ। ਜਮ ਭਇਆ = ਜਮ ਦਾ ਡਰ। ਵੀਸਰਉ = ਵੀਸਰਉਂ, ਮੈਂ ਭੁਲਾਵਾਂ। ਮਇਆ = ਦਇਆ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ। ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ, ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ।1। ਰਹਾਉ।

ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ।1।

ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ) । ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ = ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ। (ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ।2।

(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ। ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।

ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ।3।

(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ।4।14। 84।

ਸਿਰੀਰਾਗੁ ਮਹਲਾ ੫ ॥ ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥ ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥ ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥ ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥ ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥ ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥ ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥ ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥ ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥ ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥ {ਪੰਨਾ 47-48}

ਪਦ ਅਰਥ: ਤਨੁ = ਸਰੀਰ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ- ਜੋਗ ਹੈ। ਅਰਿ = ਵੈਰੀ}। ਮੈ = ਮੇਰਾ। ਸੁਤ = ਪੁੱਤਰ। ਦਾਰਾ = ਇਸਤ੍ਰੀ। ਰੰਗ = ਮੌਜਾਂ। ਵੇਸ = ਪਹਿਰਾਵੇ। ਰਿਦੈ = ਹਿਰਦੇ ਵਿਚ। ਵਸਈ = ਵਸਏ, ਵਸੈ। ਕਾਰਜਿ ਕਿਤੈ = ਕਿਸੇ ਕੰਮ ਵਿਚ। ਲੇਖਿ = ਜਾਣ, ਸਮਝ।1।

ਨਿਤ = ਸਦਾ। ਸਾਧ = ਗੁਰੂ।1। ਰਹਾਉ।

ਨਿਧਾਨੁ = ਖ਼ਜ਼ਾਨਾ। ਮਸਤਕਿ = ਮੱਥੇ ਉਤੇ। ਸਭਿ = ਸਾਰੇ। ਸਵਾਰੀਅਹਿ = ਸੰਵਾਰੇ ਜਾਂਦੇ ਹਨ। ਲਾਗੁ = ਲੱਗ। ਭ੍ਰਮੁ = ਭਟਕਣਾ। ਜਾਗੁ = ਜਾਏਗਾ, ਮਰੇਗਾ।2।

ਅਠਸਠਿ = ਅਠਾਹਠ, ਸੱਠ ਤੇ ਅੱਠ। ਨਾਉ = ਇਸ਼ਨਾਨ। ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ। ਥਾਉ = ਆਦਰ, ਥਾਂ।3।

ਤਿਸ ਹੀ ਹਾਥਿ = ਉਸ ਹੀ ਦੇ ਹੱਥ ਵਿਚ {ਨੋਟ: ਲਫ਼ਜ਼ ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮਾਰਿ = ਮਾਰ ਕੇ। ਪ੍ਰਭ = ਹੇ ਪ੍ਰਭੂ! ਨਾਥ = ਹੇ ਨਾਥ!।4।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ। ਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ।1। ਰਹਾਉ।

(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ। ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ।1।

ਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ। (ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ। (ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ।2।

(ਹੇ ਭਾਈ!) ਗੁਰੂ ਦੀ ਸੰਗਤਿ ਕਰ = ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। (ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ। ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ।3।

(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ। ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।

ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤਿ ਦੇਹ) ।4।15। 85।

TOP OF PAGE

Sri Guru Granth Darpan, by Professor Sahib Singh