ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 48 ਸਿਰੀਰਾਗੁ ਮਹਲਾ ੫ ॥ ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥ ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥ ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥ ਮਨ ਮੇਰੇ ਸਤਿਗੁਰ ਸੇਵਾ ਸਾਰੁ ॥ ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥ ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥ ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥ ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥ ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥ ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥ ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥ ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥ {ਪੰਨਾ 48} ਪਦ ਅਰਥ: ਸਰਣਿ ਪ੍ਰਭੂ = ਪ੍ਰਭੂ ਦੀ ਸਰਨ ਵਿਚ। ਅੰਦਰੁ = ਹਿਰਦਾ {ਨੋਟ: ਲਫ਼ਜ਼ 'ਅੰਦਰੁ' ਨਾਂਵ ਹੈ। ਇਸ ਦਾ ਤੇ ਲਫ਼ਜ਼ 'ਅੰਦਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਨਾਮਿ = ਨਾਮ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਿਹਾਲੁ = ਪ੍ਰਸੰਨ, ਹਰਾ = ਭਰਾ।1। ਸਾਰੁ = ਸੰਭਾਲ। ਨਿਸਖ = ਅੱਖ ਝਮਕਣ ਜਿਤਨਾ ਸਮਾ। {inmy}। ਰਹਾਉ। ਗਾਵੀਅਹਿ = ਗਾਏ ਜਾਣੇ ਚਾਹੀਦੇ ਹਨ। ਕਟਣਹਾਰ = ਕੱਟਣ ਦੇ ਸਮਰੱਥ। ਬਿਸਥਾਰ = (ਮਾਇਆ ਦੇ) ਖਿਲਾਰੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ (ਟਿਕ ਕੇ) । ਭਵਜਲੁ = ਸੰਸਾਰ-ਸਮੁੰਦਰ।2। ਸੰਜਮਾ = ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਣ ਦੇ ਸਾਧਨ। ਸਾਧੂ = ਗੁਰੂ। ਲੂਕਿ = ਲੁਕ ਕੇ। ਕਿਸ ਤੇ = ਕਿਸ ਤੋਂ {ਨੋਟ: ਲਫ਼ਜ਼ ਕਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਜਾ = ਕਿਉਂਕਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਭਰਪੂਰਿ = ਪੂਰੇ ਤੌਰ ਤੇ।3। ਸਚੁ = ਸਦਾ-ਥਿਰ ਰਹਿਣ ਵਾਲੀ। ਅਮਰੁ = ਹੁਕਮ। ਸਚੇ = ਸਦਾ-ਥਿਰ ਰਹਿਣ ਵਾਲੇ ਦਾ। ਧਾਰੀਅਨੁ = ਧਾਰੀ ਹੈ ਉਸ ਨੇ। ਸਚਿ = ਸਚਾ-ਥਿਰ ਪ੍ਰਭੂ ਨੇ। ਸਿਰਜਿਓਨੁ = ਪੈਦਾ ਕੀਤਾ ਹੈ ਉਸ ਨੇ।4। ਅਰਥ: ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ, ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ। ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ।1। ਰਹਾਉ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ; ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ।1। (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ। ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।2। (ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ। (ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ? ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ।3। ਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ। ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! (ਆਖ–) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ।4।16। 86। ਸਿਰੀਰਾਗੁ ਮਹਲਾ ੫ ॥ ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥ ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥ ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥ ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥ ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥ ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥ ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥ ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥ {ਪੰਨਾ 48} ਪਦ ਅਰਥ: ਕਰਿ = ਕਰ ਕੇ। ਵਡਭਾਗੀ = ਵੱਡੇ ਭਾਗਾਂ ਨਾਲ। ਖਾਟਿ = ਖੱਟ, ਇਕੱਠਾ ਕਰ। ਸੰਗਿ = ਸੰਗਤਿ ਵਿਚ।1। ਮਨ ਇਛੇ = ਮਨ-ਭਾਉਂਦੇ। ਭੁੰਚਿ = ਖਾਹ। ਚੂਕੈ = ਮੁੱਕ ਜਾਇਗਾ। ਸੋਗੁ = ਚਿੰਤਾ। ਸੰਤਾਪੁ = ਦੁੱਖ। ਰਹਾਉ। ਜਿਸੁ ਕਾਰਣਿ = ਜਿਸ ਮਨੋਰਥ ਵਾਸਤੇ, ਇਸੇ ਮਨੋਰਥ ਵਾਸਤੇ। ਤਨੁ ਧਾਰਿਆ = ਜਨਮ ਲਿਆ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, {ਮਹੀ = ਧਰਤੀ} ਧਰਤੀ ਦੇ ਤਲ ਉਤੇ, ਆਕਾਸ਼ ਵਿਚ, ਪੁਲਾੜ ਵਿਚ। ਨਿਹਾਲਿ = ਨਿਹਾਲੇ, ਵੇਖਦਾ ਹੈ।2। ਨਿਰਮਲੁ = ਪਵਿਤ੍ਰ। ਸਾਚੁ = ਸਦਾ-ਥਿਰ ਪ੍ਰਭੂ। ਸਭਿ = ਸਾਰੇ। ਤਿਨ ਹੀ = ਤਿਨਿ ਹੀ, ਉਸੇ ਨੇ {ਨੋਟ: ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ। ਵੇਖੋ 'ਗੁਰਬਾਣੀ ਵਿਆਕਰਣ'}।3। ਮਾਣਿਕਾ = ਮੋਤੀ। ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਸਹਜ = ਆਤਮਕ ਅਡੋਲਤਾ। ਜਨ ਨਾਨਕ = ਹੇ ਦਾਸ ਨਾਨਕ!।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ। (ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ। ਰਹਾਉ। (ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ। ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ।1। (ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ। (ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ।2। ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) । ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ।3। ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ, (ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ। ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ।4।17। 87। ਸਿਰੀਰਾਗੁ ਮਹਲਾ ੫ ॥ ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥ ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥ ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥ ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥ ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥ ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥ ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥ ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥ ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥ ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥ ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥ ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥ ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥ ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥ ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥ {ਪੰਨਾ 48-49} ਪਦ ਅਰਥ: ਸੋਈ = ਉਹ (ਗੁਰੂ) ਹੀ। ਸਾਸਤੁ = ਸ਼ਾਸਤ੍ਰ। ਸਉਣੁ = ਸ਼ੌਣਕ ਦਾ ਬਣਾਇਆ ਹੋਇਆ ਜੋਤਿਸ਼ ਦਾ ਸ਼ਾਸਤ੍ਰ। ਜਿਤੁ = ਜਿਸ (ਗੁਰੂ) ਦੀ ਰਾਹੀਂ। ਚਰਨ ਕਮਲੁ = ਕੌਲ ਫੁੱਲ ਵਰਗਾ ਸੋਹਣਾ ਚਰਨ। ਗੁਰਿ = ਗੁਰੂ ਨੇ। ਸਾਚੀ = ਸਦਾ-ਥਿਰ ਰਹਿਣ ਵਾਲੀ। ਪੂੰਜੀ = ਰਾਸ, ਸਰਮਾਇਆ। ਸੰਜਮੋ = ਸੰਜਮੁ, ਇੰਦ੍ਰੀਆਂ ਨੂੰ ਵੱਸ ਕਰਨ ਦਾ ਜਤਨ। ਆਵਣੁ ਜਾਉ = ਜੰਮਣਾ ਮਰਨਾ।1। ਇਕ ਰੰਗਿ = ਇੱਕ ਦੇ ਰੰਗ ਵਿਚ, ਪ੍ਰਭੂ ਦੇ ਪਿਆਰ ਵਿਚ।1। ਰਹਾਉ। ਮਿਤਿ = ਮਿਣਤੀ, ਹੱਦ-ਬੰਨਾ। ਗਣੀ = ਗਣੀਂ, ਮੈਂ ਗਿਣਾਂ। ਸਿਮਰੀ = ਸਿਮਰੀਂ, ਮੈਂ ਸਿਮਰਦਾ ਹਾਂ। ਜਿਨ = ਜਿਨ੍ਹਾਂ ਬੰਦਿਆਂ ਨੇ। ਉਹ = {ਨੋਟ: ਇਹ ਲਫ਼ਜ਼ ਇਸਤ੍ਰੀ ਲਿੰਗ ਹੋਣ ਕਰਕੇ ਲਫ਼ਜ਼ 'ਜਿੰਦੁ' ਦਾ ਵਿਸ਼ੇਸ਼ਣ ਹੈ}। ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ}। ਨਰਿੰਦੁ = ਰਾਜਾ। ਰਾਜ ਨਰਿੰਦੁ = ਰਾਜਿਆਂ ਦਾ ਰਾਜਾ।2। ਅਉਸਰਿ = ਸਮੇ ਵਿਚ। ਜਿਤੁ ਅਉਸਰਿ = ਜਿਸ ਸਮੇ ਵਿਚ। ਮਜਨ = ਇਸ਼ਨਾਨ। ਰਸਨਾ = ਜੀਭ। ਗੁਣਵਤੀ ਰਸਨਾ = ਭਾਗਾਂ ਵਾਲੀ ਜੀਭ। ਧਾਰਿ = ਧਾਰ ਕੇ। ਮਨਿ = ਮਨ ਵਿਚ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = ਉਸ ਪ੍ਰਭੂ ਦਾ (ਦਿਤਾ ਹੋਇਆ) {ਨੋਟ: ਲਫ਼ਜ਼ 'ਤਿਸ' ਦਾ ਸੰਬੰਧਕ 'ਦਾ' ਦੇ ਕਾਰਨ ਡਿੱਗ ਪਿਆ ਹੈ}। ਹਉ = ਮੈਂ।3। ਕਰਤਾਰਿ = ਕਰਤਾਰ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਸਿਰਜਣਹਾਰਿ = ਸਿਰਜਨਹਾਰ ਨੇ। ਮਾਰਗਿ = (ਸਹੀ) ਰਸਤੇ ਉੱਤੇ। ਪਾਇਓਨੁ = ਪਾਇਆ ਉਨਿ, ਉਸ ਨੇ ਪਾ ਦਿੱਤਾ। ਬੀਚਾਰਿ = ਵਿਚਾਰ ਕੇ। ਜਿ = ਜੇਹੜਾ (ਪ੍ਰਭੂ) । ਘਟਾ = ਘਟਾਂ, ਸਰੀਰਾਂ ਦਾ। ਆਧਾਰੁ = ਆਸਰਾ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ। ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ।1। ਰਹਾਉ। (ਪਰ ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ। (ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ।1। ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ। ਪ੍ਰੀਤਮ ਬਖ਼ਸ਼ਣਹਾਰ ਪ੍ਰਭੂ ਸਾਧ ਸੰਗਤਿ ਵਿਚ ਟਿਕਿਆਂ ਹੀ ਮਨ ਵਿਚ ਵੱਸਦਾ ਹੈ। ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ।2। ਜਿਸ ਸਮੇਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾਏ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ (ਉਸ ਸਮੇਂ, ਮਾਨੋ) ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਜੇ ਕੋਈ ਭਾਗਾਂ ਵਾਲੀ ਜੀਭ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ (ਇਸ ਕੰਮ ਦੀ) ਬਰਾਬਰੀ ਨਹੀਂ ਕਰ ਸਕਦਾ। (ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ) ਮਨ ਵਿਚ ਸਰੀਰ ਵਿਚ ਮਿਹਰਬਾਨ ਦਇਆਲ ਅਕਾਲ ਪੁਰਖ ਮਿਹਰ ਦੀ ਨਿਗਾਹ ਕਰ ਕੇ ਆ ਵੱਸਦਾ ਹੈ। ਇਹ ਜਿੰਦ, ਇਹ ਸਰੀਰ, ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ।3। ਜਿਸ ਮਨੁੱਖ ਨੂੰ ਕਰਤਾਰ ਨੇ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ) ਕਦੇ (ਪ੍ਰਭੂ ਤੋਂ) ਨਹੀਂ ਵਿੱਛੁੜਦਾ। ਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ। (ਜੇ ਉਸ ਦਾ ਦਾਸ ਪਹਿਲਾਂ) ਕੁਰਾਹੇ ਭੀ ਪੈ ਗਿਆ (ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ) ਉਸ ਪ੍ਰਭੂ ਨੇ ਉਸ ਦੇ (ਪਹਿਲੇ) ਗੁਣ ਔਗੁਣ ਨਾਹ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ। ਹੇ ਨਾਨਕ! ਉਸ ਪ੍ਰਭੂ ਦੀ ਸਰਨ ਪਉ ਜੋ ਸਾਰੇ ਸਰੀਰਾਂ ਦਾ (ਜੀਵਾਂ ਦਾ) ਆਸਰਾ ਹੈ।4।18। 88। |
Sri Guru Granth Darpan, by Professor Sahib Singh |