ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 50 ਸਿਰੀਰਾਗੁ ਮਹਲਾ ੫ ॥ ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥ ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥ ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥ ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥ ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥ ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥ ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥ {ਪੰਨਾ 50} ਪਦ ਅਰਥ: ਉਪਜਿਆ = ਪੈਦਾ ਹੋਇਆ। ਸਾਦੁ = ਸੁਆਦ, ਸਿੱਟਾ। ਸੁਰਦਿ = {suHãd} ਮਿੱਤਰ। ਬਿਖਿਆ = ਮਾਇਆ। ਬਾਦੁ = ਝਗੜਾ। ਬਿਲਮ = ਦੇਰ, ਚਿਰ। ਹੋਵਈ = ਹੋਵਏ, ਹੋਵੈ। ਬਿਸਮਾਦੁ = ਅਸਚਰਜ (ਕੌਤਕ ਹੈ) ।1। ਵਿਣਸਣਾ = ਨਾਸਵੰਤ।1। ਰਹਾਉ। ਕੂਕਰੁ = ਕੁੱਤਾ। ਹਰਕਾਇਆ = ਹਲਕਾ ਹੋਇਆ ਹੋਇਆ। ਦਹ = ਦਸ। ਦਿਸ = ਪਾਸੇ। ਜਾਇ = ਜਾਂਦਾ ਹੈ। ਅਭਖੁ = ਜੋ ਚੀਜ਼ ਖਾਣ ਦੇ ਲਾਇਕ ਨਹੀਂ। ਮਦਿ = ਨਸ਼ੇ ਵਿਚ। ਬਿਆਪਿਆ = ਫਸਿਆ ਹੋਇਆ।2। ਪਸਾਰਿਆ = ਖਿਲਾਰਿਆ। ਭੀਤਰਿ = ਵਿਚ। ਫਾਸਿਆ = ਫਸਾਇਆ ਹੋਇਆ। ਨਿਕਸੁ = ਨਿਕਾਸ, ਖ਼ਲਾਸੀ। ਮਾਇ = ਹੇ ਮਾਂ! ਜਿਨਿ = ਜਿਸ (ਪਰਮਾਤਮਾ) ਨੇ।3। ਬਹੁ ਬਿਧਿ = ਬਹੁਤ ਤਰੀਕਿਆਂ ਨਾਲ। ਸੰਮ੍ਰਿਥੁ = ਤਾਕਤ ਵਾਲਾ। ਅਪਾਰੁ = ਬੇਅੰਤ। ਉਧਰੇ = ਬਚ ਗਏ।4। ਅਰਥ: ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ। (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ) ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ।1। ਰਹਾਉ। ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ) । ਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਂਦਾ ਹੈ, ਤੇ (ਇਹ) ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ। ਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।1। ਜਿਵਂੇ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ, (ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ। ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ।2। ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ, ਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ, (ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।3। ਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ। ਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ। (ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਬਚਦੇ ਹਨ। ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ।4। 25। 91। ਸਿਰੀਰਾਗੁ ਮਹਲਾ ੫ ਘਰੁ ੨ ॥ ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥ ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥ ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥ ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥ ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥ ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥ ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥ ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥ {ਪੰਨਾ 50} ਪਦ ਅਰਥ: ਗੋਇਲ = ਦਰਿਆਵਾਂ ਦੇ ਕੰਢੇ ਉਹ ਘਾਹ ਆਦਿਕ ਵਾਲੀ ਹਰੀ ਥਾਂ ਜਿੱਥੇ ਔੜ ਵਾਲੇ ਇਲਾਕੇ ਦੇ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦੇ ਹਨ। ਗੋਇਲਿ = ਚਰਾਗਾਹ ਵਿਚ। ਗੋਇਲੀ = ਮਾਲ-ਡੰਗਰ ਦਾ ਮਾਲਕ ਗੁੱਜਰ। ਤਿਸੁ = ਉਸ (ਗੋਇਲੀ) ਨੂੰ। ਡੰਫੁ = (ਆਪਣੇ ਕਿਸੇ ਵਡੱਪਣ ਦਾ) ਵਿਖਾਵਾ। ਪਸਾਰੁ = ਖਿਲਾਰਾ। ਮੁਹਲਤਿ = ਮਿਲਿਆ ਹੋਇਆ ਸਮਾ। ਸੰਮਲੁ = ਸੰਭਾਲ, ਸਾਂਭ। ਘਰ ਬਾਰੁ = ਘਰ ਘਾਟ।1। ਪਿਆਰਿ = ਪਿਆਰ ਨਾਲ। ਬਾਤ = ਗੱਲ। ਗੁਮਾਨ = ਮਾਣ।1। ਰਹਾਉ। ਰੈਣਿ = ਰਾਤ। ਉਠਿ = ਉੱਠ ਕੇ। ਚਲਸਹਿ = ਚਲੇ ਜਾਣਗੇ। ਸਿਉ = ਨਾਲ। ਬਾਗਾਤਿ = ਬਗ਼ੀਚੀ।2। ਜਿਨਿ = ਜਿਸ (ਪਰਮਾਤਮਾ) ਨੇ। ਲੋੜਿ = ਲੱਭ। ਸਰਪਰ = ਜ਼ਰੂਰ। ਜਾਸੀ = ਜਾਇਗਾ।3। ਭ੍ਰਮਤਿਆ = ਭਟਕਦਿਆਂ, ਭੌਂਦਿਆਂ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਿਆ ਹੋਇਆ। ਸਮਾਲਿ = ਸੰਭਾਲ, ਹਿਰਦੇ ਵਿਚ ਵਸਾ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ। ਪਿਆਰ ਨਾਲ ਗੁਰੂ ਦੀ (ਦੱਸੀ) ਸੇਵਾ ਕਰ। ਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ?।1। ਰਹਾਉ। (ਔੜ ਦੇ ਸਮੇਂ ਥੋੜੇ ਦਿਨਾਂ ਲਈ) ਗੁੱਜਰ (ਆਪਣਾ ਮਾਲ-ਡੰਗਰ ਲੈ ਕੇ) ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ, ਉੱਥੇ ਉਸ ਨੂੰ ਆਪਣੇ ਕਿਸੇ ਵਡੱਪਣ ਦਾ ਵਿਖਾਵਾ-ਖਿਲਾਰਾ ਸੋਭਦਾ ਨਹੀਂ। (ਤਿਵੇਂ, ਹੇ ਜੀਵ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ। (ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ।1। ਜਿਵੇਂ ਰਾਤ ਵੇਲੇ (ਕਿਸੇ ਘਰ ਆਏ ਹੋਏ) ਪਰਾਹੁਣੇ ਦਿਨ ਚੜ੍ਹਨ ਤੇ (ਉਥੋਂ ਉੱਠ ਕੇ ਚੱਲ ਪੈਣਗੇ (ਤਿਵੇਂ, ਹੇ ਜੀਵ! ਜ਼ਿੰਦਗੀ ਦੀ ਰਾਤ ਮੁੱਕਣ ਤੇ ਤੂੰ ਭੀ ਇਸ ਜਗਤ ਤੋਂ ਚੱਲ ਪਏਂਗਾ) । ਤੂੰ ਇਸ ਗ੍ਰਿਹਸਤ ਨਾਲ (ਬਾਗ ਪਰਵਾਰ ਨਾਲ) ਕਿਉਂ ਮਸਤ ਹੋਇਆ ਪਿਆ ਹੈਂ? ਇਹ ਸਾਰੀ ਫੁੱਲਾਂ ਦੀ ਹੀ ਬਗ਼ੀਚੀ (ਸਮਾਨ) ਹੈ।2। ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ– ਕਿਉਂ ਅਜੇਹਾ ਮਾਣ ਕਰ ਰਿਹਾ ਹੈਂ? ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ। ਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ। (ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ।3। (ਹੇ ਭਾਈ!) ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ। ਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ, ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ।4। 22। 92। ਸਿਰੀਰਾਗੁ ਮਹਲਾ ੫ ॥ ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥ ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥ ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥ ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥ ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥ ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥ ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥ ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥ {ਪੰਨਾ 50} ਪਦ ਅਰਥ: ਤਿਚਰੁ = ਉਤਨਾ ਚਿਰ। ਵਸਹਿ = ਤੂੰ ਵੱਸੇਂਗੀ। ਸੁਹੇਲੜੀ = ਸੌਖੀ। ਸਾਥੀ = (ਜੀਵਾਤਮਾ-) ਸਾਥੀ। ਜਾ = ਜਦੋਂ। ਧਨ = ਹੇ ਧਨ! ਹੇ ਕਾਇਆਂ! ਖਾਕੂ ਰਾਲਿ = ਮਿੱਟੀ ਵਿਚ ਰਲ ਗਈ।1। ਮਨਿ = ਮਨ ਵਿਚ। ਬੈਰਾਗੁ = ਪ੍ਰੇਮ। ਧੰਨੁ = ਭਾਗਾਂ ਵਾਲਾ। ਸੁ = ਉਹ (ਸਰੀਰ) । ਥਾਨੁ = ਨਿਵਾਸ।1। ਰਹਾਉ। ਘਰਿ = ਘਰ ਵਿਚ। ਕੰਤੁ = ਖਸਮ, ਜੀਵਾਤਮਾ। ਜੀਉ ਜੀਉ = ਜੀ ਜੀ, ਆਦਰ ਦੇ ਬਚਨ। ਉਠੀ = ਉਠਿ, ਉੱਠ ਕੇ। ਚਲਸੀ = ਚਲਾ ਜਾਇਗਾ। ਕੰਤੜਾ = ਵਿਚਾਰਾ ਕੰਤ, ਵਿਚਾਰਾ ਜੀਵਾਤਮਾ।2। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸਹੁ = ਖਸਮ, ਸ਼ਹੁ। ਸੇਵਿ = ਸਿਮਰ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ। ਸੁਖਿ = ਸੁਖ ਨਾਲ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਚਜੁ = ਕੰਮ ਕਰਨ ਦੀ ਜਾਚ, ਜੀਵਨ-ਜਾਚ। ਅਚਾਰੁ = ਚੰਗਾ ਚਲਨ। ਸਿਖੁ = {ਕ੍ਰਿਆ ਹੈ। ਹੁਕਮੀ ਭਵਿੱਖਤ ਮੱਧਮ ਪੁਰਖ, ਇਕ-ਵਚਨ} ਸਿੱਖੁ।3। ਵੰਞਣਾ = ਜਾਣਾ। ਸਭਿ = ਸਾਰੀਆਂ ਜੀਵ-ਇਸਤ੍ਰੀਆਂ। ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}।4। ਅਰਥ: (ਹੇ ਹਰੀ!) ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿਚ ਤੇਰਾ ਨਿਵਾਸ ਹੈ (ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ) । (ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ) ਮਨ ਵਿਚ ਤੇਰਾ ਪਿਆਰ ਪੈਦਾ ਹੋ ਗਿਆ ਹੈਂ, ਜਿਸ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ।1। ਰਹਾਉ। ਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ। ਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿਚ ਰਲ ਜਾਇਂਗੀ।1। ਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ (ਜੀਵਾਤਮਾ ਤੇਰੇ) ਘਰ ਵਿਚ ਵੱਸਦਾ ਹੈ, ਸਾਰੇ ਲੋਕ ਤੈਨੂੰ 'ਜੀ ਜੀ' ਆਖਦੇ ਹਨ (ਸਾਰੇ ਤੇਰਾ ਆਦਰ ਕਰਦੇ ਹਨ) । ਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ ਨਹੀਂ ਪੁੱਛਦਾ।2। (ਹੇ ਜਿੰਦੇ! ਜਿਤਨਾ ਚਿਰ ਤੂੰ) ਪੇਕੇ ਘਰ ਵਿਚ (ਸੰਸਾਰ ਵਿਚ ਹੈਂ, ਉਤਨਾ ਚਿਰ) ਤੂੰ ਖਸਮ-ਪ੍ਰਭੂ ਨੂੰ ਸਿਮਰਦੀ ਰਹੁ, ਸਹੁਰੇ ਘਰ ਵਿਚ (ਪਰਲੋਕ ਵਿਚ ਜਾ ਕੇ) ਤੂੰ ਸੁਖੀ ਵੱਸੇਂਗੀ। (ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ।3। ਸਭ ਜੀਵ-ਇਸਤ੍ਰੀਆਂ ਨੇ ਸਹੁਰੇ ਘਰ (ਪਰਲੋਕ ਵਿਚ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ। ਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ।4। 23। 93। |
Sri Guru Granth Darpan, by Professor Sahib Singh |