ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 51

ਸਿਰੀਰਾਗੁ ਮਹਲਾ ੫ ਘਰੁ ੬ ॥ ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥ ਗੁਰ ਕੇ ਚਰਨ ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥ ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥੨॥ ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥ ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥ ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥ ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥ {ਪੰਨਾ 51}

ਪਦ ਅਰਥ: ਕਰਣ = ਜਗਤ। ਕਾਰਣ = ਮੂਲ। ਜਿਨਿ = ਜਿਸ ਨੇ। ਆਕਾਰੁ = ਦਿੱਸਦਾ ਜਗਤ। ਕੋ = ਦਾ। ਆਧਾਰੁ = ਆਸਰਾ।1।

ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।1। ਰਹਾਉ।

ਨ ਬਿਆਪੈ = ਦਬਾਉ ਨਹੀਂ ਪਾਂਦਾ। ਗੁਰ ਮੰਤ੍ਰੁ = ਗੁਰ ਦਾ ਉਪਦੇਸ਼। ਕੋਟਿ = ਕ੍ਰੋੜਾਂ।2।

ਸਾਧਾਰੈ = ਆਧਾਰ ਸਹਿਤ ਹੁੰਦਾ ਹੈ। ਪਾਹਿ = ਪੈਂਦੇ ਹਨ।3।

ਮਨਿ = ਮਨ ਵਿਚ। ਸਾਚੁ = ਸਦਾ-ਥਿਰ ਰਹਿਣ ਵਾਲਾ। ਭਾਉ = ਪ੍ਰੇਮ।4।

ਅਰਥ: (ਹੇ ਭਾਈ!) ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ (ਭਾਵ, ਹਉਮੈ ਛੱਡ ਕੇ ਗੁਰੂ ਵਿਚ ਸਰਧਾ ਬਣਾ) । (ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੋੜ।1। ਰਹਾਉ।

ਹੇ ਮੇਰੇ ਮਨ! ਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਤੇ ਜੀਵਾਂ ਦਾ ਆਸਰਾ ਹੈ। ਉਸੇ ਨੂੰ ਸਦਾ ਸਿਮਰਦਾ ਰਹੁ।1।

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ। ਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ।2।

ਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ। ਮੈਂ ਉਹਨਾਂ (ਭਾਗਾਂ ਵਾਲੇ) ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ।3।

ਸਾਧ ਸੰਗਤਿ ਵਿਚ ਰਿਹਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ। ਹੇ ਨਾਨਕ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤਿ ਵਿਚ ਟਿਕਣ ਦਾ) ਇਹ ਪ੍ਰੇਮ ਹੈ।4। 24। 94।

ਸਿਰੀਰਾਗੁ ਮਹਲਾ ੫ ॥ ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥ ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥ ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥ ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥ ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥ ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥ ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥ {ਪੰਨਾ 51}

ਪਦ ਅਰਥ: ਸੰਚਿ = ਇਕੱਠਾ ਕਰ। ਪੂਜਿ = ਆਦਰ-ਸਤਕਾਰ ਨਾਲ ਹਿਰਦੇ ਵਿਚ ਵਸਾ। ਜਿਨਿ = ਜਿਸ (ਪਰਮਾਤਮਾ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ ਹੈ। ਉਧਾਰੁ = (ਵਿਕਾਰਾਂ ਤੋਂ) ਬਚਾਉ।1।

ਅਪਾਰੁ = ਬੇਅੰਤ। ਜਿਨਹਿ = ਜਿਸ ਨੇ। ਰਿਦੇ ਕਾ = ਹਿਰਦੇ ਦਾ। ਆਧਾਰੁ = ਆਸਰਾ।1। ਰਹਾਉ।

ਕਾਮਿ = ਕਾਮ ਵਿਚ। ਮਾਤੇ = ਮਸਤ। ਵਿਆਪਿਆ = ਜ਼ੋਰ ਪਾਈ ਰੱਖਦਾ ਹੈ। ਸੰਸਾਰੁ = ਜਗਤ (ਦਾ ਮੋਹ) । ਅੰਧਾਰੁ = ਘੁੱਪ ਹਨੇਰਾ।2।

ਸਤੁ = ਦਾਨ, ਸੇਵਾ। ਸਾਰ = ਸ੍ਰੇਸ਼ਟ। ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ।3।

ਪਸਰਿਆ = ਖਿਲਾਰਿਆ ਹੋਇਆ। ਗੁਰਿ = ਗੁਰੂ ਨੇ। ਬੀਚਾਰੁ = ਸੋਚ।4।

ਅਰਥ: ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ, ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ।1।

ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ। (ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ।2।

ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ, ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ।3।

ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ, ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ, ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।4। 25। 95।

ਸਿਰੀਰਾਗੁ ਮਹਲਾ ੫ ॥ ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥ ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥ ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥ ਕਹਨ ਕਹਾਵਨ ਇਹੁ ਕੀਰਤਿ ਕਰਲਾ ॥ ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥ ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥ {ਪੰਨਾ 51}

ਪਦ ਅਰਥ: ਦੁਕ੍ਰਿਤ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮਾੜੇ ਕਰਮ। ਸੁਕ੍ਰਿਤ = (ਮਿਥੇ ਹੋਏ) ਚੰਗੇ ਕੰਮ। ਮੰਧੇ = ਵਿਚ। ਸਗਲਾਣਾ = ਸਾਰਾ। ਜਾਣਾ = ਜਾਣਿਆ।1।

ਠਾਕੁਰੁ = ਪਾਲਣਹਾਰ। ਸਰਬੇ = ਸਭ ਜੀਵਾਂ ਵਿਚ। ਕਿਆ ਕਹਉ = (ਕਹਉਂ) ਮੈਂ ਕੀਹ ਆਖਾਂ? ਕਿਆ ਸੁਣਉ = (ਸੁਣਉਂ) , ਮੈਂ ਕੀਹ ਸੁਣਾ? ਸੁਆਮੀ = ਹੇ ਸੁਆਮੀ! ਸੁਜਾਣਾ = ਸਭ ਦੇ ਦਿਲ ਦੀ ਜਾਣਨ ਵਾਲਾ।1। ਰਹਾਉ।

ਮਾਨ = ਆਦਰ। ਅਭਿਮਾਨ = ਅਪਮਾਨ, ਨਿਰਾਦਰੀ। ਤਤ = ਮੂਲ-ਪ੍ਰਭੂ। ਤਤ ਦਰਸੀ = ਹਰ ਥਾਂ ਮੂਲ-ਪ੍ਰਭੂ ਨੂੰ ਵੇਖਣ ਵਾਲਾ। ਸਮ ਦਰਸੀ = ਸਭ ਨੂੰ ਇਕੋ ਜਿਹਾ ਵੇਖਣ ਵਾਲਾ। ਕੋਟਿ = ਕ੍ਰੋੜਾਂ। ਮੰਧਾਹੀ = ਵਿਚ।2।

ਕੀਰਤਿ = ਸੋਭਾ, ਵਡਿਆਈ। ਕਰਲਾ = ਰਸਤਾ। ਤੇ = ਤੋਂ। ਮੁਕਤਾ = ਆਜ਼ਾਦ, ਬਚਿਆ ਹੋਇਆ। ਗੁਰਮੁਖਿ = ਗੁਰੂ ਦੀ ਸਰਨ ਪਿਆ ਹੋਇਆ ਮਨੁੱਖ।3।

ਗਤਿ = ਮੁਕਤੀ। ਅਵਿਗਤਿ = ਮੁਕਤੀ ਦੇ ਉਲਟ ਹਾਲਤ। ਰੇਣੁ = ਚਰਨ-ਧੂੜ।4।

ਅਰਥ: ਹੇ ਸੁਆਮੀ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਤੇ ਸਭ ਦਾ ਪਾਲਣ ਵਾਲਾ ਹੈਂ। ਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, (ਹੇ ਸੁਆਮੀ! ਇਸ ਤੋਂ ਵੱਧ ਤੇਰੀ ਬਾਬਤ) ਮੈਂ (ਹੋਰ ਕੀਹ ਆਖਾਂ ਤੇ ਕੀਹ ਸੁਣਾਂ?।1। ਰਹਾਉ।

(ਹੇ ਭਾਈ!) ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੁੱਝਾ ਹੋਇਆ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ (ਕਿ ਸ਼ਾਸਤ੍ਰ ਅਨੁਸਾਰ 'ਦੁਕ੍ਰਿਤ' ਕੇਹੜੇ ਹਨ ਤੇ 'ਸੁਕ੍ਰਿਤ' ਕੇਹੜੇ ਹਨ) , ਪਰ ਅਜੇਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ।1।

ਹੇ ਸੰਤ ਜਨੋ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ। ਜੇਹੜਾ ਬੰਦਾ (ਜਗਤ ਵਲੋਂ ਮਿਲਦੇ) ਆਦਰ ਜਾਂ ਨਿਰਾਦਰੀ (ਦੇ ਅਹਿਸਾਸ) ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ (ਅਖਵਾ ਸਕਦਾ) । 2

(ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ) ਆਖਣੀਆਂ ਜਾਂ ਅਖਵਾਣੀਆਂ = ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ। ਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ (ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ) ਆਖਣ ਤੋਂ ਆਜ਼ਾਦ ਰਹਿੰਦਾ ਹੈ।3।

ਹੇ ਨਾਨਕ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ, ਉਸ ਨੂੰ ਇਸ ਗੱਲ ਵਲ ਧਿਆਨ ਹੀ ਨਹੀਂ ਹੁੰਦਾ ਕਿ ਮੁਕਤੀ ਕੀਹ ਹੈ ਤੇ ਨਾ-ਮੁਕਤੀ ਕੀਹ ਹੈ (ਉਸ ਨੂੰ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ।4। 26। 96।

ਸਿਰੀਰਾਗੁ ਮਹਲਾ ੫ ਘਰੁ ੭ ॥ ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥ ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥ ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥ {ਪੰਨਾ 51-52}

ਪਦ ਅਰਥ: ਲਾਡ ਲਡਾਇਆ = ਲਾਡ ਕਰਦਾ ਰਿਹਾ, ਲਾਡਾਂ ਵਿਚ ਦਿਨ ਕੱਟਦਾ ਰਿਹਾ। ਚੂਕਹਿ = ਉਕਾਈ ਕਰਦੇ ਹਨ। ਮਾਇਆ = ਮਾਂ।1।

ਸੁਹੇਲਾ = ਸੌਖਾ। ਬਿਖਮੁ = ਔਖਾ। ਭਾਵੁਨ = ਭਾਣਾ ਮੰਨਣਾ।1। ਰਹਾਉ।

ਹਉ ਕਰਉ = ਮੈਂ ਕਰਦਾ ਹਾਂ। ਜਾਨਉ ਆਪਾ = ਤੈਨੂੰ ਆਪਣਾ ਜਾਣਦਾ ਹਾਂ। ਮਧਿ = ਵਿਚ।2।

ਜੁਗਤਾ = ਤਰੀਕਾ। ਤੇਰੀ ਕਵਨ ਜੁਗਤਾ = ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ? ਬੰਧਨ ਮੁਕਤੁ = ਬੰਧਨਾਂ ਤੋਂ ਆਜ਼ਾਦ ਕਰਨ ਵਾਲਾ। ਮਮਤਾ = 'ਮੇਰਾ' ਆਖਣ ਦਾ ਦਾਹਵਾ।3।

ਆਵਣ ਜਾਣਾ = ਜੰਮਣਾ ਮਰਨਾ। ਗੁਰ ਮਿਲਿ = ਗੁਰੂ ਨੂੰ ਮਿਲ ਕੇ।4।

ਅਰਥ: ਹੇ ਪ੍ਰਭੂ! ਤੇਰਾ ਭਾਣਾ ਮੰਨਣਾ (ਤੇਰੀ ਮਰਜ਼ੀ ਵਿਚ ਤੁਰਨਾ) ਔਖਾ ਹੈ, (ਪਰ ਇਹ) ਆਖਣਾ ਅਖਵਾਣਾ ਸੌਖਾ ਹੈ (ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ) ।1। ਰਹਾਉ।

ਹੇ ਪਿਆਰੇ (ਪ੍ਰਭੂ-ਪਿਤਾ) ! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ ਦਿੱਤੇ ਹਨ। (ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ।1।

ਹੇ ਮੇਰੇ ਬੇ-ਮੁਥਾਜ ਪਿਤਾ (-ਪ੍ਰਭੂ) ! ਮੈਂ ਤੇਰਾ (ਹੀ) ਮਾਣ ਕਰਦਾ ਹਾਂ (ਮੈਨੂੰ ਇਹ ਫ਼ਖ਼ਰ ਹੈ ਕਿ ਤੂੰ ਮੇਰੇ ਸਿਰ ਤੇ ਹੈਂ) , ਮੈਂ ਤੇਰਾ (ਹੀ) ਆਸਰਾ ਰੱਖਦਾ ਹਾਂ। ਮੈਂ ਜਾਣਦਾ ਹਾਂ ਕਿ ਤੂੰ ਮੇਰਾ ਆਪਣਾ ਹੈਂ। ਤੂੰ ਸਭ ਜੀਵਾਂ ਦੇ ਅੰਦਰ ਵੱਸਦਾ ਹੈਂ, ਤੇ ਸਭਨਾਂ ਤੋਂ ਬਾਹਰ ਭੀ ਹੈਂ (ਨਿਰਲੇਪ ਭੀ ਹੈਂ) ।

ਹੇ ਪਿਤਾ-ਪ੍ਰਭੂ! ਮੈਨੂੰ ਪਤਾ ਨਹੀਂ ਕਿ ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ। ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ।3।

ਹੇ ਨਾਨਕ! ਪਾਲਣਹਾਰ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਗੁਰੂ ਨੂੰ ਮਿਲ ਕੇ ਹੀ ਉਹ ਮਨੁੱਖ ਉਸ ਬੇਅੰਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।4। 27। 97।

TOP OF PAGE

Sri Guru Granth Darpan, by Professor Sahib Singh