ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 52

ਸਿਰੀਰਾਗੁ ਮਹਲਾ ੫ ਘਰੁ ੧ ॥ ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥ ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥ ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥ ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥ ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥ ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥ ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥ ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥ ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥ ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥ ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥ ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥ ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥ {ਪੰਨਾ 52}

ਪਦ ਅਰਥ: ਮਿਲਿ = ਮਿਲ ਕੇ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ। ਸਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਵੂਠਾ = ਆ ਵੱਸਿਆ ਹੈ। ਭੇਟਿਆ = ਮਿਲਿਆ। ਸਭੁ = ਸਾਰਾ। ਜੰਜਾਲੁ = ਮਾਇਆ ਦੇ ਬੰਧਨ।1।

ਹਉ = ਮੈਂ। ਵਿਟਹੁ = ਤੋਂ। ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।1। ਰਹਾਉ।

ਤੂੰ = ਤੈਨੂੰ। ਭਾਉ = ਪ੍ਰੇਮ। ਸੁਜਾਨ = ਸਿਆਣੇ। ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ। ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ। ਨਿਧਾਨੁ = ਖ਼ਜ਼ਾਨਾ। ਜਿਨਿ = ਜਿਸ ਨੇ {ਨੋਟ: 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}।2।

ਹਹਿ = ਹਨ। ਸੁਭਾਇ = ਪਿਆਰ ਨਾਲ। ਸੇਤੀ = ਨਾਲ। ਬੈਸਣੁ = ਬੈਠਣ ਨੂੰ। ਜਾਇ = ਥਾਂ। ਹਥਿ = ਹੱਥ ਵਿਚ।3।

ਸਚੁ = ਸਦਾ-ਥਿਰ। ਟੇਕ = ਆਸਰਾ। ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ। ਬਿਬੇਕ ਬੁਧਿ = ਬਿਬੇਕ ਦੀ ਬੁਧਿ ਵਾਲਾ। ਜਪਿ = ਜਪ ਕੇ। ਏਕ = (ਉਸ) ਇਕ (ਦਾ ਨਾਮ) ।4।

ਅਰਥ: ਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ। ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ।1। ਰਹਾਉ।

(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ, ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ, ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।1।

(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ। ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ। (ਪਰ ਨਾਮ ਦੀ ਇਹ ਦਾਤਿ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤਿ ਦਿੱਤੀ ਹੈ।2।

ਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ। (ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ। (ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ।3।

ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ। ਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।4। 28। 98।

ਸਿਰੀਰਾਗੁ ਮਹਲਾ ੫ ॥ ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥ ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥ ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥ ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥ ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥ ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥ ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥ ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥ ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥ ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥ ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥ {ਪੰਨਾ 52}

ਪਦ ਅਰਥ: ਪੂਜੀਐ = ਪੂਜਣਾ ਚਾਹੀਦਾ ਹੈ। ਲਾਇ = ਲਾ ਕੇ। ਜੀਅ ਕਾ = ਜਿੰਦ ਦਾ, ਆਤਮਕ ਜੀਵਨ ਦਾ। ਸਭਸੈ = (ਸਰਨ ਆਏ) ਹਰੇਕ ਨੂੰ। ਦੇਇ = ਦੇਂਦਾ ਹੈ। ਅਧਾਰੁ = ਆਸਰਾ। ਸਾਧੂ = ਗੁਰੂ। ਛਾਰੁ = ਸੁਆਹ, ਵਿਅਰਥ।1।

ਸਮਾਲਿ = ਹਿਰਦੇ ਵਿਚ ਵਸਾ। ਮਨਿ = ਮਨ ਵਿਚ। ਘਾਲ = ਮਿਹਨਤ। ਪੂਰਨ = ਸਫਲ।1। ਰਹਾਉ।

ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਸੋਇ = ਸੋਭਾ। ਤੇ = ਤੋਂ। ਬਾਹਰਿ = ਆਕੀ। ਲੋੜੇ = ਚਾਹੇ।2।

ਪਾਰਜਾਤੁ = {pwirjwq} ਸਵਰਗ ਦੇ ਪੰਜ ਰੁੱਖਾਂ ਵਿਚੋਂ ਇਕ 'ਪਾਰਜਾਤ' ਰੁੱਖ ਹੈ ਜੋ ਮਨੋਕਾਮਨਾ ਪੂਰੀਆਂ ਕਰਦਾ ਹੈ। ਉਹ ਪੰਜ ਰੁੱਖ ਇਹ ਹਨ: ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਅਤੇ ਹਰੀ-ਚੰਦਨ।

ਸਮੁੰਦਰ ਰਿੜਕਨ ਤੇ ਇਹ ਪਾਰਜਾਤ ਰੁੱਖ ਦੇਵਤਿਆਂ ਨੂੰ ਚੌਦਾਂ ਰਤਨਾਂ ਵਿਚ ਹੀ ਲੱਭਾ ਸੀ। ਵੰਡ ਵੇਲੇ ਇਹ ਇੰਦ੍ਰ ਦੇ ਕਬਜ਼ੇ ਵਿਚ ਆਇਆ। ਕ੍ਰਿਸ਼ਨ ਜੀ ਨੇ ਉਸ ਤੋਂ ਖੋਹ ਕੇ ਆਪਣੀ ਪਿਆਰੀ 'ਸਤਯ ਭਾਮਾਂ' ਦੇ ਵਿਹੜੇ ਵਿਚ ਲਾ ਦਿੱਤਾ।

{pwrmÔXw ÔqIiq pwrI smuÜR ÔqqR jwq:, qÔX smuÜROÄpNnÄvwq`}।

ਮਨਸਾ = {mnIsw} ਇੱਛਾ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ। ਅਗਮ = ਅਪਹੁੰਚ।3।

ਬਾਛੀਅਹਿ = ਇੱਛੇ ਜਾਂਦੇ ਹਨ। ਤਿਤੜੇ = ਉਹ ਸਾਰੇ। ਦੇ = ਦੇਂਦਾ ਹੈ। ਰਾਸਿ = ਸਰਮਾਇਆ। ਬਿਨਾਸੁ = (ਆਤਮਕ) ਮੌਤ। ਵਿਸਰਉ = ਵਿਸਰਉਂ, ਮੈਂ ਭੁੱਲਾਂ। ਜੀਉ = ਜਿੰਦ। ਪਿੰਡੁ = ਸਰੀਰ। ਸਾਸੁ = ਸਾਹ।4।

ਅਰਥ: ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ) । ਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ।1। ਰਹਾਉ।

ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ। ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ। ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ) । ਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ।1।

ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ। ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ। ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ। ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ।2।

ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ। ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ। ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ।3।

ਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ। ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।

ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ। ਹੇ ਨਾਨਕ! (ਆਖ–) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ।4। 29। 99।

TOP OF PAGE

Sri Guru Granth Darpan, by Professor Sahib Singh