ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 54

ਮਹਲਾ ੧ ॥ ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥ ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥ ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥ ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥ ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥ ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥ ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥ ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥ ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥ ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥ ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥ ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥ ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥ ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥ ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥ ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥ ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥ ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥ ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥ ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥ {ਪੰਨਾ 54}

ਨੋਟ: ਇਸ ਸ਼ਬਦ ਦੇ ਸਿਰਲੇਖ ਵਿਚ ਲਫ਼ਜ਼ 'ਸਿਰੀਰਾਗੁ' ਨਹੀਂ ਹੈ।

ਪਦ ਅਰਥ: ਕੰਤ ਮਹੇਲੀਆ = ਖਸਮ (ਪ੍ਰਭੂ) ਦੀਆਂ (ਜੀਵਾਂ-) ਇਸਤ੍ਰੀਆਂ। ਗਣਤ = ਗਿਣਤੀ-ਮਿਣਤੀ, ਵਿਖਾਵਾ। ਸੂਹਾ = ਲਾਲ, ਮਨ ਨੂੰ ਖਿੱਚ ਪਾਣ ਵਾਲਾ ਗੂੜ੍ਹਾ ਲਾਲ। ਵੇਸੁ = ਪਹਿਰਾਵਾ। ਪਾਖੰਡਿ = ਪਖੰਡ ਨਾਲ। ਪਾਜੁ = ਵਿਖਾਵਾ।1।

ਹਰਿ ਜੀਉ = ਹੇ ਪ੍ਰਭੂ ਜੀ! ਇਉ = ਇਸ ਤਰੀਕੇ ਨਾਲ, ਇਸ ਸਰਧਾ ਨਾਲ, ਇਹ ਸਰਧਾ ਧਾਰਿਆਂ। ਰਾਵੈ = ਮਾਣਦਾ ਹੈ, ਮਿਲਦਾ ਹੈ, ਪਿਆਰ ਕਰਦਾ ਹੈ। ਤੁਧੁ = ਤੈਨੂੰ। ਸੋਹਾਗਣੀ = ਸੋਹਾਗ ਵਾਲੀਆਂ, ਚੰਗੇ ਭਾਗਾਂ ਵਾਲੀਆਂ। ਲੈਹਿ ਸਵਾਰਿ = ਤੂੰ ਸਵਾਰ ਲੈਂਦਾ ਹੈਂ।1। ਰਹਾਉ।

ਸੀਗਾਰੀਆ = ਜੇਹੜੀ ਜੀਵ-ਇਸਤ੍ਰੀ ਸਿੰਗਾਰੀ ਗਈ ਹੈ। ਕਰ = ਹੱਥ। ਖੜੀ = ਖਲੋਤੀ ਹੋਈ, ਸਾਵਧਾਨ ਹੋ ਕੇ, ਸੁਚੇਤ ਰਹਿ ਕੇ। ਲਾਲਿ = ਲਾਲ ਵਿਚ, ਪਿਆਰੇ (ਦੇ ਪ੍ਰੇਮ) ਵਿਚ। ਸਚ ਭੈ = ਸੱਚੇ ਪ੍ਰਭੂ ਦੇ ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ। ਰੰਗਿ = ਰੰਗ ਵਿਚ। ਰਾਸਿ = ਰਸੀ ਹੋਈ।2।

ਚੇਰੀ = ਦਾਸੀ। ਕਾਂਢੀਐ = ਕਹੀ ਜਾਂਦੀ ਹੈ। ਲਾਲੀ = ਚੇਰੀ, ਦਾਸੀ। ਮੇਲਿ = ਮੇਲ ਵਿਚ, ਸੰਗਤਿ ਵਿਚ। ਮਿਲਾਉ = ਮਿਲਾਪ। ਵੇਧਿਆ = ਵਿੰਨ੍ਹਿਆ ਹੋਇਆ।3।

ਸਾਧਨ = ਜੀਵ-ਇਸਤ੍ਰੀ। ਰੀਸਾਲੂ = ਰਸਾਂ ਦਾ ਘਰ, ਅਨੰਦ ਦਾ ਸੋਮਾ। ਨਉਤਨੋ = ਨਵਾਂ, ਜਿਸ ਦਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ। ਨ ਜਾਇ = ਨਹੀਂ ਜੰਮਦਾ।4।

ਧੜੀ = ਪੱਟੀਆਂ। ਮਾਡੀਐ = ਸਜਾਂਦੀ ਹੈ। ਚੀਤਿ = ਚਿੱਤ ਵਿਚ। ਦੀਪਕੁ = ਦੀਵਾ। ਸਬਦਿ = ਗੁਰੂ ਦੇ ਸ਼ਬਦ ਵਿਚ। ਵਿਗਾਸਿਆ = (ਆਪਣਾ ਹਿਰਦਾ) ਹੁਲਾਰੇ ਵਿਚ ਲਿਆਂਦਾ ਹੈ। ਉਰ ਹਾਰੁ = ਹਿਰਦੇ ਦਾ (ਛਾਤੀ ਦਾ) ਹਾਰ।5।

ਮਸਤਕਿ = ਮੱਥੇ ਉਤੇ। ਮਣੀ = ਰਤਨ, ਜੜਾਊ ਟਿੱਕਾ। ਹੇਤਿ = ਪ੍ਰੇਮ ਵਿਚ।6।

ਨਿਸਿ ਅੰਧਿਆਰੀ = ਹਨੇਰੀ ਰਾਤ ਵਿਚ, ਮਾਇਆ ਦਾ ਮੋਹ ਦੀ ਹਨੇਰੀ ਰਾਤ ਵਿਚ। ਰੈਣਿ = ਜ਼ਿੰਦਗੀ ਦੀ ਰਾਤ। ਅੰਕੁ = ਹਿਰਦਾ। ਜਲਉ = ਸੜ ਜਾਏ। ਜਾਲੀਅਉ = ਸਾੜਿਆ ਜਾਏ। ਜਾ = ਜਦੋਂ। ਕੰਤਿ = ਕੰਤ ਨੇ। ਨ ਰਾਵੀਆ = ਪਿਆਰ ਨ ਕੀਤਾ।7।

ਸੇਜੈ ਕੰਤ = ਕੰਤ ਦੀ ਸੇਜ ਉਤੇ। ਮਹੇਲੜੀ = ਅੰਞਾਣ ਮਹੇਲੀ, ਅੰਞਾਣ ਜੀਵ-ਇਸਤ੍ਰੀ। ਬੂਝ = ਸਮਝ। ਪੂਛਉ = ਪੂਛਉਂ, ਮੈਂ ਪੁੱਛਾਂ। ਸਤਿਗੁਰਿ = ਸਤਿਗੁਰੂ ਨੇ। ਸਖਾਇ = ਸਖਾ, ਮਿਤ੍ਰ, ਸਾਥੀ।8।

ਅਰਥ: ਹੇ ਪ੍ਰਭੂ ਜੀ! ਉਹੀ ਜੀਵ-ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜੀਆਂ ਬਣਾ ਲੈਂਦਾ ਹੈਂ = ਇਹ ਸਰਧਾ ਧਾਰਿਆਂ ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।1। ਰਹਾਉ।

ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ, ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ, ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ।1।

ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ) , ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ, ਉਹ ਪ੍ਰਭੂ-ਪ੍ਰੀਤਮ (ਦੇ ਪਿਆਰ) ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ।2।

ਜੇਹੜੀ (ਪ੍ਰਭੂ-ਚਰਨਾਂ ਦੀ) ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ (ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ) ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤਿ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ, ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ (ਚਰਨਾਂ ਵਿਚ) ਉਸ ਦਾ ਮਿਲਾਪ ਬਣਿਆ ਰਹਿੰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪ੍ਰੋਤਾ ਰਹਿੰਦਾ ਹੈ। ਮੈਂ ਅਜੇਹੀ ਜੀਵ-ਇਸਤ੍ਰੀ ਤੋਂ ਕੁਰਬਾਨ ਹਾਂ।3।

ਜੇ ਜੀਵ-ਇਸਤ੍ਰੀ ਗੁਰੂ (ਦੇ ਸ਼ਬਦ) ਵਿਚ ਸੁਰਤਿ ਜੋੜੀ ਰੱਖੇ, ਤਾਂ ਉਹ ਕਦੇ ਰੰਡੀ (ਹੋ ਕੇ) ਨਹੀਂ ਬੈਠਦੀ (ਭਾਵ, ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ, ਫਿਰ ਉਹ) ਖਸਮ (ਭੀ ਐਸਾ ਹੈ ਜੋ) ਆਨੰਦ ਦਾ ਸੋਮਾ ਹੈ (ਜਿਸ ਦਾ ਪਿਆਰ ਨਿੱਤ) ਨਵਾਂ (ਹੈ, ਜੋ) ਸਦਾ ਕਾਇਮ ਰਹਿਣ ਵਾਲਾ (ਹੈ, ਜੋ) ਮਰਦਾ ਹੈ ਨਾਹ ਜੰਮਦਾ ਹੈ, ਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ ਉਸ ਸੋਹਾਗਣ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।4।

ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ, ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ, ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ) , ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ।5।

ਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤਿ (ਜੋੜ ਕੇ) ਸੋਹਣੀ ਬਣਾ ਲਈ ਹੈ (ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ) , ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ, ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿਚ ਰਹਿ ਕੇ ਸਦਾ-ਥਿਰ ਸਰਬ-ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ-ਪਛਾਣ ਨਹੀਂ ਪਾਂਦੀ।6।

ਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ। ਸੜ ਜਾਏ ਉਹ ਹਿਰਦਾ ਤੇ ਉਹ ਸਰੀਰ (ਜਿਸ ਵਿਚ ਪ੍ਰਭੂ ਦੀ ਯਾਦ ਨਹੀਂ) । ਪ੍ਰਭੂ ਦੀ ਯਾਦ ਤੋਂ ਬਿਨਾ ਮਨ (ਵਿਕਾਰਾਂ ਵਿਚ) ਸੜ ਬਲ ਜਾਂਦਾ ਹੈ, ਮਾਇਆ-ਧਨ ਭੀ ਵਿਅਰਥ ਹੀ ਜਾਂਦਾ ਹੈ। ਜੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਨਹੀਂ ਕੀਤਾ, ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ।7।

ਭਾਗ-ਹੀਣ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਸੇਜ ਉਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ (ਹਿਰਦੇ-ਸੇਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ-ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ) ।

ਹੇ ਪ੍ਰਭੂ-ਪਤੀ! ਮੈਂ ਜੀਵ-ਇਸਤ੍ਰੀ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ, ਤੂੰ ਪਤੀ ਸਦਾ ਜਾਗਦਾ ਹੈਂ (ਤੈਨੂੰ ਮਾਇਆ ਵਿਆਪ ਨਹੀਂ ਸਕਦੀ) ; ਮੈਂ ਕਿਸ ਪਾਸੋਂ ਜਾ ਕੇ ਪੁੱਛਾਂ (ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ) ?

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ।8।2।

ਸਿਰੀਰਾਗੁ ਮਹਲਾ ੧ ॥ ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥ ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥ ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥ ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥ ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥ ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥ ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥ ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥ ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥ ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥ ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥ ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥ ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥ {ਪੰਨਾ 54-55}

ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਕਥੈ = ਬਿਆਨ ਕਰਦਾ ਹੈ। ਸੁਣਿ = ਸੁਣ ਕੇ। ਪਰਖਿ = ਪਰਖਹਿ, ਪਰਖਦਾ ਹੈਂ। ਸਚਾਉ = ਸਦਾ ਕਾਇਮ ਰਹਿਣ ਵਾਲਾ। ਮਹਤੁ = ਵਡਿਆਈ।1।

ਆਚਾਰੁ = ਧਾਰਮਿਕ ਰਸਮ।1। ਰਹਾਉ।

ਊਜਲੋ = ਚਮਕੀਲਾ। ਬਸੀਠੁ = ਵਕੀਲ, ਵਿਚੋਲਾ। ਡੀਠੁ = ਦਿੱਸਦਾ। ਅਡੀਠੁ = ਅਦ੍ਰਿਸ਼ਟ।2।

ਬੋਹਿਥਾ = ਜਹਾਜ਼। ਅਪਾਰੁ = ਉਰਲਾ ਕੰਢਾ। ਵਾਟ = ਪੈਂਡਾ। ਸਬਦਿ = ਸ਼ਬਦ ਦੀ ਰਾਹੀਂ। ਗੁਬਾਰੁ = ਘੁੱਪ ਹਨੇਰਾ।3।

ਕੇਤੀ = ਬੇਅੰਤ (ਸ੍ਰਿਸ਼ਟੀ) । ਧੰਧੈ = ਧੰਧੇ ਵਿਚ, ਬੰਧਨ ਵਿਚ। ਗੁਰਿ = ਗੁਰੂ ਨੇ।4।

ਵਾਕਿ = ਵਾਕ ਦੀ ਰਾਹੀਂ। ਤਿਤੁ ਤਨਿ = ਉਸ ਸਰੀਰ ਵਿਚ। ਓਤਾਕੁ = ਬੈਠਕ, ਟਿਕਾਣਾ।5।

ਜੁਗ ਚਾਰਿ = ਸਦਾ ਹੀ। ਉਰ = ਹਿਰਦਾ। ਲਾਹਾ = ਲਾਭ।6।

ਰਾਸਿ = ਪੂੰਜੀ। ਬੈਸਈ = ਬੈਠਦਾ ਹੈ। ਪਤਿ = ਇੱਜ਼ਤ।7।

ਕਹਉ = ਕਹਉਂ, ਮੈਂ ਆਖਦਾ ਹਾਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸਤਿਗੁਰਿ = ਸਤਿਗੁਰੂ ਨੇ। ਨਿਰੰਤਰਿ = ਅੰਤਰ ਤੋਂ ਬਿਨਾ, ਵਿੱਥ ਤੋਂ ਬਿਨਾ, ਇਕ-ਰਸ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ।8।

ਅਰਥ: ਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ। ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ।1। ਰਹਾਉ।

ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤਿ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤਿ ਜੋੜਦਾ ਹੈ) । ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ। ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ।1।

ਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ, ਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤਿ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ।2।

ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ। (ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ। ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ। ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ।3।

(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ। ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ। ਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਬਚ ਗਏ ਹਨ।4।

ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ। (ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ। ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ।5।

ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ, ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।

ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ।6।

(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ) । ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ, (ਉਸ ਦੇ ਤੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ, ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ।7।

ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ– (ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ। ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ।

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ।8।3।

TOP OF PAGE

Sri Guru Granth Darpan, by Professor Sahib Singh