ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 55 ਸਿਰੀਰਾਗੁ ਮਹਲਾ ੧ ॥ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥ ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥ ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥ ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥ ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥ ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥ ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥ ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥ ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥ ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥ ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥ ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥ ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥ ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥ ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥ {ਪੰਨਾ 55} ਪਦ ਅਰਥ: ਸਰੁ = ਸਰੋਵਰ, ਸਾਗਰ, ਸਮੁੰਦਰ। ਅਸਗਾਹੁ = ਬਹੁਤ ਡੂੰਘਾ। ਅਤਿ = ਬਹੁਤ। ਵੇਸਾਹੁ = ਇਤਬਾਰ। ਕੀਤੇ ਕਾਰਣਿ = ਵਿਸਾਹ ਕਰਨ ਕਰਕੇ। ਪਾਕੜੀ = ਫੜੀ ਗਈ। ਸਿਰਾਹੁ = ਸਿਰ ਤੋਂ।1। ਇਉ = ਇਸੇ ਤਰ੍ਹਾਂ ਹੀ। ਸਿਰਿ = ਸਿਰ ਉੱਤੇ। ਮਾਣਸਾ = ਮਨੁੱਖਾਂ ਨੂੰ। ਅਚਿੰਤਾ = ਅਚਨਚੇਤ।1। ਰਹਾਉ। ਬਾਧੋ ਕਾਲ ਕੋ = ਕਾਲ ਦਾ ਬੱਝਾ ਹੋਇਆ। ਅਫਾਰੁ = ਅਮੋੜ, ਅਮਿੱਟ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਦੁਬਿਧਾ = ਮੇਰ-ਤੇਰ, ਦੁਚਿੱਤਾ ਪਨ, ਮਨ ਦੀ ਡਾਵਾਂ-ਡੋਲ ਅਵਸਥਾ। ਸਚਿਆਰ = ਸੁਰਖ਼ਰੂ।2। ਸੀਚਾਨਾ = {ਸੀਚੁਗ਼ਨਹ} ਇਕ ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ ਹਾਥਿ = ਸ਼ਿਕਾਰੀ ਦੇ ਹੱਥ ਵਿਚ। ਗੁਰਿ = ਗੁਰੂ ਨੇ। ਸਾਥਿ = ਨਾਲ। ਸੰਗੀ ਸਾਥਿ = ਸੰਗੀ ਸਾਥੀ।3। ਮਨਿ = ਮਨ ਵਿਚ। ਮੁਖਿ = ਮੂੰਹ ਵਿਚ।4। ਦੇਇ ਮਿਲਾਇ = ਮਿਲਾ ਦੇਂਦਾ ਹੈ। ਸਾਜਨਿ ਮਿਲਿਐ = ਜੇ ਸੱਜਣ-ਪ੍ਰਭੂ ਮਿਲ ਪਏ। ਬਿਖ = ਜ਼ਹਰ। ਹਉ = ਮੈਂ।5। ਗੁਬਾਰੁ = (ਮਾਇਆ ਦੇ ਮੋਹ ਦਾ) ਹਨੇਰਾ। ਬੂਝ = ਸਮਝ। ਸੰਚਰੈ = ਅੱਪੜਦਾ।6। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ।7। ਊਪਜਹਿ = ਪੈਦਾ ਹੁੰਦੇ ਹਨ। ਕਾਲੈ ਵਸਿ = ਮੌਤ ਦੇ ਵੱਸ ਵਿਚ।8। ਅਰਥ: ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ ਜਿਵੇਂ ਮੱਛੀ ਨੂੰ ਅਚਨਚੇਤ (ਮਾਛੀ ਦਾ) ਜਾਲ ਆ ਪੈਂਦਾ ਹੈ, ਤਿਵੇਂ ਮਨੁੱਖਾਂ ਦੇ ਸਿਰ ਉੇੱਤੇ ਅਚਨਚੇਤ ਮੌਤ ਆ ਪੈਂਦੀ ਹੈ।1। ਰਹਾਉ। ਅੰਞਾਣ ਮੱਛੀ ਨੇ ਜਾਲ ਨੂੰ ਨਾਹ ਸਮਝਿਆ (ਕਿ ਜਾਲ ਉਸ ਦੀ ਮੌਤ ਦਾ ਕਾਰਣ ਬਣਦਾ ਹੈ) ਅਤੇ ਨਾਹ ਹੀ ਉਸ ਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ (ਕਿ ਸਮੁੰਦਰ ਵਿਚ ਟਿਕੇ ਰਿਹਾਂ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ) । (ਵੇਖਣ ਨੂੰ ਮੱਛੀ) ਬੜੀ ਸੋਹਣੀ ਤੇ ਸਿਆਣੀ (ਜਾਪਦੀ) ਹੈ, ਪਰ ਉਸ ਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ। (ਜਾਲ ਉੱਤੇ) ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ, ਤੇ ਉਸ ਦੇ ਸਿਰ ਉਤੋਂ ਮੌਤ ਟਲਦੀ ਨਹੀਂ (ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿਚ ਲੀਨ ਰਿਹਾਂ ਹੀ ਆਤਮਕ ਜੀਵਨ ਕਾਇਮ ਰਹਿੰਦਾ ਹੈ। ਮੋਹਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ, ਤੇ ਆਤਮਕ ਮੌਤ ਸਹੇੜਦਾ ਹੈ, ਮੌਤ ਦਾ ਸਹਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ) ।1। ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਮੌਤ ਦਾ ਸਹਮ (ਹਰੇਕ ਦੇ ਸਿਰ ਉੱਤੇ) ਅਮਿੱਟ ਹੈ। ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ ਮਨ ਦੀ ਮਾਇਆ ਵਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ। ਮੈਂ ਉਹਨਾਂ ਤੋਂ ਸਦਕੇ ਹਾਂ, ਜੇਹੜੇ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।2। ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ) , ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ-ਜਾਲ ਵਿਚੋਂ ਬਚ ਨਿਕਲੇ, ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿਚ ਫਸ ਗਏ। ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ-ਜਾਲ ਵਿਚ ਸੁੱਟੇ ਜਾਂਦੇ ਹਨ, ਉਹਨਾਂ ਦਾ ਕੋਈ ਭੀ ਐਸਾ ਸੰਗੀ ਸਾਥੀ ਨਹੀਂ ਬਣਦਾ (ਜੋ ਉਹਨਾਂ ਨੂੰ ਇਸ ਜਾਲ ਵਿਚੋਂ ਕੱਢ ਸਕੇ) ।3। (ਮੌਤ ਦੇ ਸਹਮ ਤੋਂ ਅਤੇ ਆਤਮਕ ਮੌਤ ਤੋਂ ਬਚਣ ਲਈ, ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਦਾ ਤਖ਼ਤ ਅਟੱਲ ਹੈ। ਜਿਨ੍ਹਾਂ ਦਾ ਮਨ ਸਿਮਰਨ ਵਿਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ। ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵ੍ਰਿਤ ਸਮਝੇ ਜਾਂਦੇ ਹਨ।4। (ਹੇ ਮੇਰੇ ਮਨ! ਸੱਜਣ-ਪ੍ਰਭੂ ਨੂੰ ਮਿਲਣ ਵਾਸਤੇ ਸਦਾ ਆਪਣੇ) ਗੁਰੂ ਅੱਗੇ ਅਰਦਾਸ ਕਰਦਾ ਰਹੁ, (ਗੁਰੂ) ਸੱਜਣ-ਪ੍ਰਭੂ ਮਿਲਾ ਦੇਂਦਾ ਹੈ। ਜੇ ਸੱਜਣ-ਪ੍ਰਭੂ ਮਿਲ ਪਏ ਤਾਂ ਆਤਮਕ ਆਨੰਦ ਮਿਲ ਜਾਂਦਾ ਹੈ, ਜਮਦੂਤ ਤਾਂ (ਇਉਂ ਸਮਝੋ ਕਿ) ਜ਼ਹਰ ਖਾ ਕੇ ਮਰ ਜਾਂਦੇ ਹਨ (ਭਾਵ, ਜਮਦੂਤ ਨੇੜੇ ਹੀ ਨਹੀਂ ਢੁਕਦੇ) । (ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿਚ ਆ ਵੱਸਦਾ ਹੈ।5। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ) ਘੁੱਪ ਹਨੇਰਾ (ਰਹਿੰਦਾ) ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮੈਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹਾਂ) । ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੀ ਸਿੱਖਿਆ ਨਾਲ ਆਤਮਕ ਚਾਨਣ ਹੁੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਉਸ ਆਤਮਕ ਅਵਸਥਾ ਵਿਚ ਮੌਤ ਦਾ ਡਰ ਪਹੁੰਚਦਾ ਹੀ ਨਹੀਂ, (ਕਿਉਂਕਿ) ਜੀਵ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ।6। ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ (ਮੇਰੇ ਦੁਖ-ਦਰਦ) ਜਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਆਪਣੇ ਚਰਨਾਂ ਵਿਚ) ਮਿਲਾਣ ਦੇ ਸਮਰਥ ਹੈਂ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਉਂਵ ਤਾਂ) ਤੇਰੇ ਗੁਣਾਂ ਦਾ ਅੰਤ ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ। ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ ਉਥੇ ਮੌਤ ਦਾ ਡਰ ਪਹੁੰਚ ਨਹੀਂ ਸਕਦਾ।7। (ਮਾਇਆ ਦੇ ਮੋਹ ਦੇ ਜਾਲ ਵਿਚੋਂ ਨਿਕਲਣਾ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ) ਪਰਮਾਤਮਾ ਦੇ ਹੁਕਮ ਵਿਚ ਸਾਰੇ ਜੀਵ ਪੈਦਾ ਹੁੰਦੇ ਹਨ, ਉਸ ਦੇ ਹੁਕਮ ਵਿਚ ਹੀ ਕਾਰ ਕਰਦੇ ਹਨ। ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ, ਹੁਕਮ ਅਨੁਸਾਰ ਹੀ ਜੀਵ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕਦੇ ਹਨ। ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ।8।4। |
Sri Guru Granth Darpan, by Professor Sahib Singh |