ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 56

ਸਿਰੀਰਾਗੁ ਮਹਲਾ ੧ ॥ ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥ ਮੁੰਧੇ ਗੁਣਹੀਣੀ ਸੁਖੁ ਕੇਹਿ ॥ ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥ ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥ ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥ ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥ ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥ ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥ ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥ ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥ ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥ ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥ ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥ ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥ ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥ ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥ ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥ {ਪੰਨਾ 56}

ਪਦ ਅਰਥ = ਮਨਿ = ਮਨ ਦੀ ਰਾਹੀਂ। ਜੂਠੈ = ਜੂਠੇ ਦੀ ਰਾਹੀਂ। ਮਨਿ ਜੂਠੈ = ਜੂਠੇ ਮਨ ਦੀ ਰਾਹੀਂ, ਜੇ ਮਨ ਜੂਠਾ ਹੈ {ਨੋਟ: ਲਫ਼ਜ਼ 'ਜੂਠੈ' ਲਫ਼ਜ਼ 'ਜੂਠਾ' ਤੋਂ ਬਣਿਆ ਹੈ, ਇਹ 'ਜੂਠਾ' ਵਿਸ਼ੇਸ਼ਣ ਹੈ। ਲਫ਼ਜ਼ 'ਜੂਠਿ' ਨਾਂਵ ਹੈ}। ਤਨਿ = ਸਰੀਰ ਵਿਚ । ਜਿਹਵਾ = ਜੀਭ।

ਅਭ = ਪਾਣੀ। ਅਭ ਸਬਦ = ਗੁਰ ਸ਼ਬਦ ਰੂਪ ਪਾਣੀ {AzBs` = ਪਾਣੀ}।1।

ਮੁੰਧੇ = ਹੇ ਭੋਲੀ ਜੀਵ-ਇਸ੍ਰਤੀ! ਕੇਹਿ = ਕਾਹਦੇ ਵਿਚ? ਪਿਰੁ ਰਲੀਆ = ਪਤੀ ਮਿਲਾਪ ਦੇ ਸੁਖ। ਰਸਿ = ਆਨੰਦ ਨਾਲ। ਨੇਹਿ = ਪਿਆਰ ਵਿਚ।1। ਰਹਾਉ।

ਧਨ = ਜੀਵ-ਇਸਤ੍ਰੀ। ਵਾਂਢੀ = ਪਰਦੇਸਣ, ਵਿੱਛੁੜੀ ਹੋਈ। ਕਰਣ ਪਲਾਵ = {k}xwpRlwp} ਉਹ ਕੀਰਨੇ ਜੋ ਸੁਣਨ ਵਾਲੇ ਦੇ ਮਨ ਵਿਚ ਤਰਸ ਪੈਦਾ ਕਰ ਦੇਣ, ਤਰਲੇ, ਹਾੜੇ। ਪਿਰ ਭਾਵੈ = ਪਿਰ ਨੂੰ ਚੰਗੀ ਲੱਗੇ।2।

ਸਾਲਾਹੀ = ਸਾਲਾਹਿ, ਸਿਫ਼ਤਿ-ਸਾਲਾਹ ਕਰ। ਤਨਿ = ਤਨ ਵਿਚ। ਨਿਹਾਲਿ = ਨਿਹਾਲੇ, ਵੇਖਦੀ ਹੈ। ਰਾਵੈ = ਮਾਣਦੀ ਹੈ।3।

ਕਾਮਣਿ = ਇਸਤ੍ਰੀ। ਕਾਮਿ ਨ ਆਵਈ = ਕਿਸੇ ਕੰਮ ਨਹੀਂ ਆਉਂਦੀ, ਜੀਵਨ ਵਿਅਰਥ ਜਾਂਦਾ ਹੈ। ਪੇਈਐ = ਪੇਕੇ ਘਰ ਵਿਚ, ਇਸ ਜਗਤ ਵਿਚ। ਜਲੀ = ਸੜੀ ਹੋਈ। ਆਵਣੁ ਵੰਞਣੁ = ਜਨਮ ਮਰਨ (ਦਾ ਗੇੜ) । ਡਾਖੜੋ = ਔਖਾ, ਦੁਖਦਾਈ। ਕੰਤਿ = ਕੰਤ ਨੇ। ਵਿਸਾਰਿ ਛੋਡੀ = ਭੁਲਾ ਦਿੱਤੀ।4।

ਮੁਤੀ = ਛੱਡੀ ਗਈ, ਛੁੱਟੜ ਕੀਤੀ ਗਈ। ਕਿਤੁ ਸਾਦਿ = ਕਿਸ ਸੁਆਦ ਦੇ ਕਾਰਨ? ਫਾਦਿਲੁ = ਫ਼ਜ਼ੂਲ ਬੋਲ। ਬਾਦਿ = ਵਿਅਰਥ ਹੀ। ਦਰਿ = ਦਰ ਤੇ। ਘਰਿ = ਘਰ ਵਿਚ। ਛੁਟੀ = ਛੁੱਟੜ ਹੋ ਗਈ।5।

ਵਾਚਹਿ = ਪੜ੍ਹਦੇ ਹਨ। ਅਨ ਕਉ = ਹੋਰਨਾਂ ਨੂੰ। ਭਵੈ = ਭਟਕਦਾ ਹੈ। ਸਬਦੁ = ਗੁਰੂ ਦਾ ਸ਼ਬਦ (ਹਿਰਦੇ ਵਿਚ ਟਿਕਾਣਾ) , ਪਰਮਾਤਮਾ ਦੀ ਸਿਫ਼ਤਿ-ਸਾਲਾਹ। ਸਾਰੁ = ਸ੍ਰੇਸ਼ਟ।6।

ਜੋਤਕੀ = ਜੋਤਸ਼ੀ। ਕਰਹਿ = ਕਰਦੇ ਹਨ। ਵਾਦਿ = ਵਾਦ ਵਿਚ, ਝਗੜੇ ਬਹਸ ਵਿਚ। ਵਾਦੇ = ਵਾਦ ਵਿਚ ਹੀ। ਕਰਮ = ਬਖ਼ਸ਼ਸ਼। ਨ ਛੁਟਸੀ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕਹਿ = ਕਹਿ ਕੇ। ਸੁਣਿ = ਸੁਣ ਕੇ। ਵਖਾਣੁ = ਵਖਿਆਨ, ਉਪਦੇਸ਼।7।

ਸਭਿ = ਸਾਰੀਆਂ। ਵਰੁ = ਖਸਮ।8।

ਅਰਥ: ਹੇ ਭੋਲੀ ਜੀਵ-ਇਸਤ੍ਰੀਏ! ਜੋ (ਆਪਣੇ ਅੰਦਰ, ਆਤਮਕ ਸੁਖ ਦੇਣ ਵਾਲੇ) ਗੁਣਾਂ ਤੋਂ ਸੱਖਣੀ ਹੈ ਉਸ ਨੂੰ (ਬਾਹਰੋਂ) ਕਿਸੇ ਹੋਰ ਤਰੀਕੇ ਨਾਲ ਆਤਮਕ ਸੁਖ ਨਹੀਂ ਮਿਲ ਸਕਦਾ। ਆਤਮਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਲੀਨ ਰਹਿੰਦੀ ਹੈ) ਜੋ ਗੁਰੂ ਦੇ ਸ਼ਬਦ ਵਿਚ (ਜੁੜੀ ਹੋਈ) ਹੈ, ਜੋ ਪ੍ਰਭੂ ਦੇ ਪਿਆਰ ਵਿਚ (ਮਸਤ) ਹੈ। ਪਤੀ-ਪ੍ਰਭੂ ਦੇ ਮਿਲਾਪ ਦੇ ਸੁਖ (ਉਹੀ ਜੀਵ-ਇਸਤ੍ਰੀ) ਆਨੰਦ ਨਾਲ ਮਾਣਦੀ ਹੈ।1। ਰਹਾਉ।

ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁਕਾ ਹੈ, ਤਾਂ ਉਸ ਦੇ ਸਰੀਰ ਵਿਚ ਭੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਦੌੜਦੇ ਹਨ) ਉਸ ਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਬੋਲਣ ਦਾ ਹੀ ਸੁਭਾਉ ਬਣ ਜਾਂਦਾ ਹੈ। ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ। ਗੁਰੂ ਦੇ ਸ਼ਬਦ-ਜਲ ਤੋਂ ਬਿਨਾ (ਮਨ) ਮਾਂਜਿਆ ਨਹੀਂ ਜਾ ਸਕਦਾ, (ਤੇ) ਇਹ ਸੱਚ (ਸਿਮਰਨ) ਸਦਾ-ਥਿਰ ਪ੍ਰਭੂ ਤੋਂ ਹੀ ਮਿਲਦਾ ਹੈ।1।

ਜੇ ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-ਦੇਸ ਵਿਚ ਪਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ) ਹੋਰ ਹੋਰ ਹਿਰਦੇ-ਦੇਸ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿੱਛੁੜੀ ਹੋਈ ਉਹ ਜੀਵ-ਇਸਤ੍ਰੀ ਝੂਰਦੀ ਰਹਿੰਦੀ ਹੈ (ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ) । ਜਿਵੇਂ ਥੋੜ੍ਹੇ ਪਾਣੀ ਵਿਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ। ਆਤਮਕ ਸੁਖ ਤਦੋਂ ਹੀ ਮਿਲਦਾ ਹੈ, ਜਦੋਂ ਪ੍ਰਭੂ-ਪਤੀ ਨੂੰ (ਜੀਵ-ਇਸਤ੍ਰੀ) ਚੰਗੇ ਲੱਗੇ, ਜਦੋਂ ਉਹ ਆਪ (ਉਸ ਉਤੇ) ਮਿਹਰ ਦੀ ਨਜ਼ਰ ਕਰੇ।2।

(ਹੇ ਜੀਵ-ਇਸਤ੍ਰੀ!) ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ (ਭਾਵ, ਸਾਧ-ਸੰਗਤਿ ਵਿਚ ਬੈਠ ਕੇ) ਆਪਣੇ ਪਤੀ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ। (ਜੇਹੜੀ ਜੀਵ-ਇਸਤ੍ਰੀ ਸਿਫ਼ਤਿ-ਸਾਲਾਹ ਕਰਦੀ ਹੈ, ਉਸ ਦੇ) ਹਿਰਦੇ ਵਿਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਉਸ ਦਾ ਮਨ (ਪ੍ਰਭੂ ਦੇ ਪ੍ਰੇਮ ਵਿਚ) ਮੋਹਿਆ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ, ਗੁਰੂ ਦੇ ਸ਼ਬਦ (ਦੀ ਬਰਕਤਿ) ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ।3।

(ਗੁਣ ਤੋਂ ਸੱਖਣੀ ਹੋਣ ਕਰਕੇ) ਜੇਹੜੀ ਜੀਵ-ਇਸਤ੍ਰੀ (ਅੰਦਰੋਂ) ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ; ਝੂਠ ਵਿਚ ਵਿਕਾਰ ਵਿਚ ਉਹ ਸੜ ਜਾਂਦੀ ਹੈ (ਉਸ ਦਾ ਆਤਮਕ ਜੀਵਨ ਸੜ ਜਾਂਦਾ ਹੈ) ; (ਉਸ ਦੇ ਵਾਸਤੇ) ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ ਕਿਉਂਕਿ) ਕੰਤ-ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ।4।

ਪਰ ਉਹ ਪਤੀ-ਪ੍ਰਭੂ ਦੀ ਸੋਹਣੀ ਨਾਰ ਸੀ, ਉਹ ਕਿਸ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋ ਗਈ? ਉਹ ਕਿਉਂ ਵਿਅਰਥ ਫ਼ਜ਼ੂਲ ਬੋਲ ਬੋਲਦੀ ਹੈ ਜੋ ਪਤੀ-ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦਾ?

ਉਹ ਜੀਵ-ਇਸਤ੍ਰੀ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਸੁਆਦ ਵਿਚ (ਫਸਣ ਕਰਕੇ) ਛੁੱਟੜ ਹੋਈ ਹੈ, (ਤਾਹੀਏਂ ਉਸ ਨੂੰ) ਪ੍ਰਭੂ ਦੇ ਮਹਲ ਵਿਚ (ਟਿਕਣ ਲਈ) ਆਸਰਾ ਨਹੀਂ ਮਿਲਦਾ (ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ) ।5।

ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ; ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।

ਸਾਰਾ ਜਗਤ ਝੂਠੀ ਕਥਨੀ ਵਿਚ ਹੀ ਭਟਕਦਾ ਰਹਿੰਦਾ ਹੈ (ਭਾਵ, ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ-ਫਰੇਬ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਹਨ) । ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਹਿਰਦੇ ਵਿਚ ਟਿਕਾਈ ਰੱਖਣਾ) ਹੀ ਸ੍ਰੇਸ਼ਟ ਰਹਿਣੀ ਹੈ।6।

ਅਨੇਕਾਂ ਹੀ ਪੰਡਿਤ ਜੋਤਸ਼ੀ (ਆਦਿਕ) ਵੇਦਾਂ (ਦੇ ਮੰਤ੍ਰਾਂ) ਨੂੰ ਵਿਚਾਰਦੇ ਹਨ, ਆਪੋ ਵਿਚ ਮਤ-ਭੇਦ ਹੋਣ ਦੇ ਕਾਰਨ (ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ) ਵਾਹ ਵਾਹ ਅਖਵਾਂਦੇ ਹਨ, ਪਰ ਨਿਰੇ ਇਸ ਮਤ-ਭੇਦ ਵਿਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ।

ਕੋਈ ਭੀ ਮਨੁੱਖ (ਨਿਰਾ ਚੰਗਾ) ਵਖਿਆਨ ਕਰ ਕੇ ਜਾਂ ਸੁਣ ਕੇ (ਆਤਮਕ ਆਨੰਦ ਨਹੀਂ ਲੈ ਸਕਦਾ, ਤੇ ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ। (ਹਉਮੈ ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪੈਣ ਦੀ ਲੋੜ ਹੈ) ਗੁਰੂ ਦੀ ਬਖ਼ਸ਼ਸ਼ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ।7।

(ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ) ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ। ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ (ਜਿਸ ਦੀ ਬਰਕਤਿ ਨਾਲ ਮੈਂ ਪ੍ਰਭੂ-ਪਿਆਰ ਨੂੰ ਆਪਣੇ ਹਿਰਦੇ ਵਿਚ ਵਸਾ ਸਕਾਂ) । ਜੇ ਉਹ ਹਰੀ-ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਤਾਂ ਮੈਂ ਭੀ ਉਸ ਦੀ ਸੋਹਣੀ ਨਾਰ ਬਣ ਜਾਵਾਂ।

ਹੇ ਨਾਨਕ! ਗੁਰੂ ਦੇ ਸ਼ਬਦ ਵਿਚ (ਜੁੜ ਕੇ ਜਿਸ ਨੇ ਪ੍ਰਭੂ-ਚਰਨਾਂ ਨਾਲ) ਸੋਹਣਾ ਮਿਲਾਪ ਹਾਸਲ ਕਰ ਲਿਆ ਹੈ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ।8।5।

ਸਿਰੀਰਾਗੁ ਮਹਲਾ ੧ ॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥ ਮੁੰਧੇ ਗੁਣ ਦਾਸੀ ਸੁਖੁ ਹੋਇ ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥ ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥ ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥ ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥ ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥ ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥ ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥ ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥ ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥ ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥ ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥ ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥ ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥ ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥ ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥ ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥ {ਪੰਨਾ 56-57}

ਪਦ ਅਰਥ: ਜਪੁ = ਮੰਤ੍ਰਾਂ ਦਾ ਪਾਠ (ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ) । ਤਪੁ = ਪੁੱਠਾ ਲਟਕ ਕੇ ਜਾਂ ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਵਿਚ ਰੱਖਣ ਦਾ ਕੋਈ ਸਾਧਨ। ਤੀਰਥਿ = ਤੀਰਥ ਉੱਤੇ। ਕਿਆ ਤਾਸੁ = ਉਸ ਦਾ ਕੀਹ (ਲਾਭ) ? ਰਾਧੇ = ਬੀਜਦਾ ਹੈ। ਲੁਣੈ = ਵੱਢਦਾ ਹੈ, ਫਲ ਹਾਸਲ ਕਰਦਾ ਹੈ।1।

ਮੁੰਧੇ = ਹੇ ਭੋਲੀ ਜੀਵ-ਇਸਤ੍ਰੀ! ਤਿਆਗਿ = ਤਿਆਗ ਕੇ। ਸਮਾਈਐ = ਲੀਨ ਹੋਈਦਾ ਹੈ। ਸੋਇ = ਉਹ ਪਰਮਾਤਮਾ।1। ਰਹਾਉ।

ਰਾਸੀ = ਪੂੰਜੀ, ਸਰਮਾਇਆ। ਕੁੰਡਾ = ਕੁੰਡਾਂ, ਤਰਫਾਂ, ਪਾਸੇ। ਵਸਤੁ = (ਅਸਲ) ਸੌਦਾ। ਰਹੀ = ਪਈ ਰਹੀ, ਬੇ-ਕਦਰੀ ਪਈ ਰਹੀ। ਘਰ ਬਾਰਿ = ਅੰਦਰੇ ਹੀ। ਵਖਰ = ਸੌਦਾ। ਅਗਲਾ = ਬਹੁਤ। ਕੂੜਿਆਰ = ਨਾਸਵੰਤ ਪਦਾਰਥਾਂ ਦੀ ਗਾਹਕ।2।

ਲਾਹਾ = ਲਾਭ। ਅਹਿ = ਦਿਨ। ਨਿਸਿ = ਰਾਤ। ਨਉਤਨਾ = ਨਵਾਂ। ਵੀਚਾਰਿ = ਵੀਚਾਰ ਕੇ। ਘਰਿ = ਘਰ ਵਿਚ। ਸਾਰਿ = ਸੰਭਾਲ ਕੇ, ਸਿਰੇ ਚਾੜ੍ਹ ਕੇ, ਸੰਵਾਰ ਕੇ। ਕਰਿ = ਕਰ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬ੍ਰਹਮੁ ਬੀਚਾਰਿ = ਪਰਮਾਤਮਾ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆ ਕੇ।3।

ਜਿਸੁ ਅੰਤਰਿ = ਜਿਸ (ਮਨੁੱਖ) ਦੇ ਅੰਦਰ। ਸਚੈ ਆਸਣਿ = ਅਡੋਲ ਆਸਣ ਉੱਤੇ।4।

ਆਪੁ = ਆਪਣੇ ਆਪ ਨੂੰ। ਮਹਲੁ = ਪਰਮਾਤਮਾ ਦਾ ਮਹਲ। ਸੁਥਾਇ = (ਹਿਰਦੇ-ਰੂਪ) ਸ੍ਰੇਸ਼ਟ ਥਾਂ ਵਿਚ। ਪਲੈ ਪਾਇ = ਪ੍ਰਾਪਤ ਕਰ ਲੈਂਦਾ ਹੈ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।5।

ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ। ਮਹਲੀ = ਉਹ ਜੀਵ-ਇਸਤ੍ਰੀ। ਮਹਿਲ = ਪ੍ਰਭੂ ਦੇ ਮਹਲ ਵਿਚ। ਰਾਵੈ = ਮਾਣਦਾ ਹੈ, ਪਿਆਰ ਕਰਦਾ ਹੈ। ਰੰਗਿ = ਪ੍ਰੇਮ ਵਿਚ (ਆ ਕੇ) । ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ।6।

ਥਲਿ = ਧਰਤੀ ਉਤੇ। ਚੜਿ = ਚੜ੍ਹ ਕੇ। ਡੂਗਰਿ = ਪਹਾੜ ਉੱਤੇ। ਜਾਉ = ਜਾਉਂ, (ਜੇ) ਮੈਂ ਜਾਵਾਂ। ਬੂਝ = ਸਮਝ। ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ।7।

ਪਧਾਊ = ਮੁਸਾਫ਼ਿਰ, ਰਾਹੀ, ਪਾਂਧੀ। ਚਾਕਰ = ਸੇਵਕ, ਦਾਸ। ਰਾਜਨੁ = ਰਾਜਾ, ਪਰਮਾਤਮਾ। ਦਰਿ = ਦਰ ਤੇ। ਘਰਿ = ਘਰ ਵਿਚ। ਠਾਕ = ਰੋਕ। ਰਵਿ ਰਹਿਆ = ਵਿਆਪਕ ਹੈ।8।

ਅਰਥ: ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ। ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ।1। ਰਹਾਉ।

ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ, (ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ।1।

ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ। ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ। ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ।2।

ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ। ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ।3।

(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ, ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ, ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ।4।

(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ। ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ। (ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ।5।

(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ। ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ, ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ।6।

(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ) (ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ। ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ।7।

(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ, ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ। ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।8।6।

TOP OF PAGE

Sri Guru Granth Darpan, by Professor Sahib Singh