ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 62

ਸਿਰੀਰਾਗੁ ਮਹਲਾ ੧ ॥ ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥ ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥ ਮਨ ਰੇ ਸਾਚੀ ਖਸਮ ਰਜਾਇ ॥ ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥ ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥ ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥ ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥ ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥ ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥ ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥ ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥ ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥ {ਪੰਨਾ 62}

ਪਦ ਅਰਥ: ਅਵਰੁ ਵੀਚਾਰੁ = ਹੋਰ ਵੀਚਾਰ। ਕਿ ਕਰੀ = ਕਰੀਂ, ਮੈਂ ਕੀਹ ਕਰਾਂ? ਪ੍ਰਭ ਰਾਤਉ = ਪ੍ਰਭੂ ਦੇ ਨਾਮ ਵਿਚ ਰੰਗਿਆ ਹੋਇਆ। ਸਾਰੁ = ਸ੍ਰੇਸ਼ਟ। ਅਧਾਰੁ = ਆਸਰਾ। ਮੈਂ = ਮੈਨੂੰ।1।

ਸਾਚੀ = ਸਦਾ-ਥਿਰ ਰਹਿਣ ਵਾਲੀ (ਕਾਰ) , ਸਹੀ (ਕਾਰ) । ਜਿਨਿ = ਜਿਸ (ਪ੍ਰਭੂ) ਨੇ।1। ਰਹਾਉ।

ਬੈਸੰਤਰਿ = ਅੱਗ ਵਿਚ। ਹੋਮੀਐ = ਅਰਪਨ ਕਰੀਏ (ਜਿਵੇਂ ਘਿਉ ਅੱਗ ਵਿਚ ਪਾਈਦਾ ਹੈ ਹਵਨ ਕਰਨ ਵੇਲੇ) । ਤੋਲਿ = ਤੋਲ ਕੇ। ਇਕ ਰਤੀ ਕਟਾਇ = ਰਤੀ ਰਤੀ ਕਟਾ ਕੇ। ਸਮਧਾ = ਹਵਨ ਵਿਚ ਵਰਤੀ ਜਾਣ ਵਾਲੀ ਲੱਕੜੀ। ਕਰੀ = ਕਰੀਂ, ਮੈਂ ਕਰਾਂ। ਅਨਦਿਨੁ = ਹਰ ਰੋਜ਼। ਕੋਟੀ = ਕ੍ਰੋੜਾਂ।1।

ਅਰਧ = ਅੱਧੋ ਅੱਧ, ਦੁ-ਫਾੜ। ਸਿਰਿ = ਸਿਰ ਉੱਤੇ। ਕਰਵਤੁ = ਆਰਾ। ਹੈਮੰਚਲਿ = ਹਿਮਾਲੇ (ਦੀ ਬਰਫ਼) ਵਿਚ। ਭੀ = ਤਾਂ ਭੀ। ਠੋਕਿ ਵਜਾਇ = ਚੰਗੀ ਤਰ੍ਹਾਂ ਪਰਖ ਕੇ।3।

ਕੰਚਨ = ਸੋਨਾ। ਕੋਟ = ਕਿਲ੍ਹੇ। ਦਤੁ ਕਰੀ = (ਕਰੀਂ) , ਮੈਂ ਦਾਨ ਕਰਾਂ। ਹੈਵਰ = {ਹਯ ਵਰ} ਵਧੀਆ ਘੋੜੇ। ਗੈਵਰ = {ਗਜ ਵਰ} ਵਧੀਆ ਹਾਥੀ। ਭੂਮਿ = ਜ਼ਮੀਨ, ਭੁਇਂ। ਘਣੀ = ਬਹੁਤੀਆਂ। ਗਰਬੁ = ਅਹੰਕਾਰ। ਬੇਧਿਆ = ਵਿੰਨ੍ਹਿਆ। ਗੁਰਿ = ਗੁਰੂ ਨੇ।4।

ਗੁਰਮੁਖਿ = ਗੁਰੂ ਦੀ ਸਰਨ ਪਿਆਂ, ਗੁਰੂ ਵਲ ਮੂੰਹ ਕੀਤਿਆਂ। ਮੋਖ = (ਮਾਇਆ ਦੇ ਮੋਹ ਅਹੰਕਾਰ ਆਦਿਕ ਤੋਂ) ਖ਼ਲਾਸੀ। ਦੁਆਰੁ = ਦਰਵਾਜ਼ਾ। ਸਚਹੁ = ਸੱਚ ਤੋਂ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ। ਓਰੈ = ਉਰੇ ਉਰੇ, ਘਟੀਆ। ਉਪਰਿ = (ਸਦ ਕਿਸਮ ਦੇ ਕਰਮ ਕਾਂਡ ਤੋਂ) ਉਤਾਂਹ ਵਧੀਆ। ਸਚੁ ਆਚਾਰੁ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਕਰਮ। ਆਚਾਰੁ = ਕਰਮ।5।

ਸਭੁ ਕੋ = ਹਰੇਕ ਜੀਵ। ਇਕਨੈ = ਇਕ ਪਰਮਾਤਮਾ ਦੀ ਰਾਹੀਂ। ਭਾਂਡੇ ਸਾਜਿਐ = ਭਾਂਡੇ ਸਾਜੇ ਜਾਣ ਕਰਕੇ। ਤਿਹੁ ਲੋਇ = ਤਿੰਨਾਂ ਹੀ ਭਵਨਾਂ ਵਿਚ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਸਚੁ = ਨਾਮ ਦਾ ਸਿਮਰਨ। ਬਖਸ = ਬਖ਼ਸ਼ਸ਼।6।

ਸਾਦੁ = ਗੁਰਮੁਖਿ। ਗੁਰ ਭਾਇ = ਗੁਰੂ ਦੇ ਅਨੁਸਾਰ ਰਿਹਾਂ। ਅਕਥ ਕਥਾ = ਅਕੱਥ ਪ੍ਰਭੂ ਦੀ ਕਥਾ। ਪੀ = ਪੀ ਕੇ। ਪੈਧਾ = ਸਿਰੋਪਾ ਲੈ ਕੇ, ਇੱਜ਼ਤ ਨਾਲ।7।

ਘਟਿ ਘਟਿ = ਹਰੇਕ ਘਟ ਵਿਚ। ਵਾਜੈ = ਵੱਜਦੀ ਹੈ। ਕਿੰਗੁਰੀ = ਬੀਨ, ਵੀਣਾ, ਜੀਵਨ-ਰੌ। ਸੁਭਾਇ = ਸੁਭਾਉ ਵਿਚ (ਜੁੜਿਆਂ) , ਸੁਭਾਉ ਵਿਚ ਇਕ-ਮਿਕ ਹੋਇਆਂ।8।

ਅਰਥ: ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ? ਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤਿ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ। (ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ।1।

ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ। (ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ।1। ਰਹਾਉ।

ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ, ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ, ਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ।2।

ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ, ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ। (ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ।3।

ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ।4।

ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ) , ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ) , ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ) ।5।

ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ।

(ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ) , ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ, ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ। ਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤਿ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ।6।

ਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ, (ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤੇ, ਸਿਫ਼ਤਿ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ।7।

ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ। ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਇਉਂ ਸਮਝਾ ਲੈਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ।8।14।

ਸਿਰੀਰਾਗੁ ਮਹਲਾ ੧ ॥ ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥ ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥ ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥ ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥ ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥ ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥ ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥ ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥ ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥ ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥ ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥ ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥ ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥ ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥ ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥ ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥ ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥ ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥ ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥ ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥ {ਪੰਨਾ 62-63}

ਪਦ ਅਰਥ: ਚਿਤੇ = ਚਿੱਤ੍ਰੇ ਹੋਏ। ਧਉਲਹਰ = ਮਹਲ-ਮਾੜੀਆਂ। ਬਗੇ = ਬੱਗੇ, ਚਿੱਟੇ। ਬੰਕ = ਬਾਂਕੇ। ਕਰਿ ਖੁਸੀ = ਖ਼ੁਸ਼ੀਆਂ ਕਰ ਕੇ, ਚਾਉ ਨਾਲ। ਮਨ = ਹੇ ਮਨ! ਦੂਜੈ ਹੇਤਿ = ਮਾਇਆ ਦੇ ਪ੍ਰੇਮ ਵਿਚ। ਅੰਦਰੁ = ਅੰਦਰਲਾ, ਹਿਰਦਾ। ਢਹਿ = ਢਹਿ ਕੇ। ਛਾਰੁ = ਸੁਆਹ।1।

ਨਿਰਮਲੋ = ਪਵਿਤ੍ਰ। ਸੋਇ = ਉਹ।1। ਰਹਾਉ।

ਪੂਛ = ਪੁੱਛ-ਪੜਤਾਲ, ਰੋਕ। ਬੇਲੀ = ਸਹਾਈ।2।

ਸੰਜੋਗੁ = ਮੇਲ। ਦੇਖਿ = ਵੇਖ ਕੇ। ਵਿਗਾਸੀਅਹਿ = ਖ਼ੁਸ਼ ਹੁੰਦੇ ਹਨ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਸਹਮ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ) । ਅਹਿ = ਦਿਨ। ਨਿਸਿ = ਰਾਤ। ਭੋਗੁ = (ਆਤਮਕ) ਭੋਜਨ।3।

ਚਲੈ = ਡੋਲਦਾ ਹੈ। ਵਿਤੁ = ਧਨੁ। ਡੋਲਾਇ = ਮੁੜ ਮੁੜ ਡੋਲਦਾ ਹੈ। ਵਿਗੁਚੀਐ = ਖ਼ੁਆਰ ਹੋਈਦਾ ਹੈ। ਵਸਤੁ = ਨਾਮ-ਧਨ। ਸੁਥਾਇ = ਥਾਂ ਸਿਰ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮੁਸੀ = ਮੁੱਸੀ, ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਪਲੈ ਪਾਇ = (ਵਸਤੁ ਨੂੰੰ) ਹਾਸਲ ਕਰ ਲੈਂਦੀ ਹੈ।4।

ਸਾਕਤ = ਹੇ ਸਾਕਤ! ਹੇ ਪ੍ਰਭੂ-ਚਰਨਾਂ ਤੋਂ ਵਿੱਛੁੜੇ ਜੀਵ! ਰਕਤੁ = (ਮਾਂ ਦਾ) ਲਹੂ। ਬਿੰਦੁ = ਪਿਤਾ ਦਾ ਵੀਰਜ। ਪਿਰਾਣੁ = ਪਛਾਣ, ਚੇਤੇ ਰੱਖ। ਪਵਣ = ਸੁਆਸ। ਮਸਤਕਿ = ਮੱਥੇ ਉੱਤੇ। ਨੀਸਾਣੁ = ਅਟੱਲ ਹੁਕਮ।5।

ਜਿਸੁ = ਜਿਸੁ (ਮਨਿ) , ਜਿਸ ਦੇ ਮਨ ਵਿਚ। ਸੋਇ = ਉਹ ਪ੍ਰਭੂ। ਕਿਆ ਗਣੀ = ਮੈਂ ਕੀਹ (ਜੀਊਂਦਾ) ਸਮਝਾਂ? 6।

ਭੁਲੀਐ = ਭੁਲੇਖਾ ਖਾ ਜਾਈਦਾ ਹੈ। ਨਿਦ੍ਰਾ = ਨੀਂਦ। ਸਰਪਨਿ = ਸਪਣੀ, ਮਾਇਆ। ਜੀਅੜਾ = ਕਮਜ਼ੋਰ ਜਿੰਦ। ਦੋਇ = ਦ੍ਵੈਤ, ਮੇਰ-ਤੇਰ। ਵੀਚਾਰੀਐ = ਸਮਝ ਪੈਂਦੀ ਹੈ। ਲੋਇ = ਲੋਕ, ਦੁਨੀਆ।7।

ਦੂਧੈ ਮਾਇ = ਮਾਂ ਦੇ ਦੁੱਧ ਨਾਲ। ਨਾ ਥੀਐ = ਨਹੀਂ ਰਹਿ ਸਕਦਾ। ਮੀਨੁ = ਮੱਛੀ। ਰਸਿ = ਰਸ ਵਿਚ।8।

ਅਰਥ: ਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ। ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤਿ ਕਰਦਾ ਹੈ।1। ਰਹਾਉ।

ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ। (ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ, ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ।1।

ਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ। (ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ।2।

(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ। (ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ) । ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ।3।

(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ। (ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ 'ਹਉ ਹਉ ਮੈਂ ਮੈਂ' ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ) , ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ।4।

ਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ। ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ) । ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ।5।

ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ। ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ। ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? 6।

ਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ) । ਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ।7।

ਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ। ਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ– ਹੇ ਪ੍ਰਭੂ! ਮਿਹਰ ਕਰ) , ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ।8।15।

TOP OF PAGE

Sri Guru Granth Darpan, by Professor Sahib Singh