ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 63 ਸਿਰੀਰਾਗੁ ਮਹਲਾ ੧ ॥ ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥ ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥ ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥ ਭਾਈ ਰੇ ਭਵਜਲੁ ਬਿਖਮੁ ਡਰਾਂਉ ॥ ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥ ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥ ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥ ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥ ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥ ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥ ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥ ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥ ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥ ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥ ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥ ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥ ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥ ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥ ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥ ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥ ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥ ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥ ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥ ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥ ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥ ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥ {ਪੰਨਾ 63-64} ਪਦ ਅਰਥ: ਡੂੰਗਰੁ = ਪਹਾੜ। ਪੇਈਅੜੈ = ਪੇਕੇ ਘਰ ਵਿਚ। ਗਾਖੜੋ = ਔਖਾ। ਤਿਤੁ = ਉਸ ਵਿਚ। ਤਾਸੁ = {qÔX} ਉਸ ਦੀ। ਗੁਰਿ = ਗੁਰੂ ਨੇ।1। ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਡਰਾਉ = ਡਰਾਉਣਾ। ਰਸਿ = ਆਨੰਦ ਨਾਲ।1। ਰਹਾਉ। ਚਲਾ = ਚੱਲਾਂ। ਅਮਰ = ਮੌਤ-ਰਹਿਤ। ਭੀ = ਤਾਂ ਤੇ। ਸਚੈ ਥਾਨਿ = ਸੱਚੇ ਥਾਂ ਵਿਚ, ਸਤਸੰਗ ਵਿਚ।2। ਕੋਟ = ਕਿਲ੍ਹੇ। ਹਸਤੀ = ਹਾਥੀ। ਪਾਖਰੇ = ਕਾਠੀਆਂ। ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ।3। ਸੰਚੀਐ = ਇਕੱਠਾ ਕਰੀਏ। ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ। ਖੇਲਸੀ = ਖੇਡ ਖੇਡ ਜਾਇਗਾ, ਖੇਡ ਮੁਕਾ ਜਾਇਗਾ। ਪਿੰਡੁ = ਸਰੀਰ। ਪੜੈ = ਢਹਿ ਪੈਂਦਾ ਹੈ। ਬਦਫੈਲੀ = ਵਿਕਾਰੀ, ਬੁਰੇ ਫੇਲਾਂ ਵਾਲੇ।4। ਵਿਗਸੀਐ = ਖ਼ੁਸ਼ ਹੋਈਦਾ ਹੈ। ਚੋਆ = ਅਤਰ। ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ।5। ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ। ਡਵਿ = ਡਵ ਨਾਲ, ਜੰਗਲ ਦੀ ਅੱਗ ਨਾਲ। ਦਧਾ = ਦੱਧਾ, ਸੜਿਆ ਹੋਇਆ। ਕਾਨੁ = ਕਾਨਾ।6। ਦੇਹਿ = ਸਰੀਰ। ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਭਾਹਿ = ਅੱਗ, ਤ੍ਰਿਸ਼ਨਾ।7। ਵੇਸਾਹੁ = ਪੂੰਜੀ। ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ। ਪਚਿ = ਖ਼ੁਆਰ ਹੋ ਕੇ। ਅਥਾਹੁ = ਜਿਸ ਦੀ ਡੂੰਘਾਈ ਨਾਹ ਲੱਭ ਸਕੇ।8। ਅਰਥ: ਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ।1। ਰਹਾਉ। (ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ) । (ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ।1। ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ, ਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ, ਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ।2। ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ, ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ = ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ। ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ।3। ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ। ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ। ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ।4। ਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ। (ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ) ; ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ।5। ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ। (ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ) । (ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ।6। ਜਗਤ ਵਿਚ ਜੋ ਭੀ ਆਇਆ ਹੈ 'ਮੈਂ ਵੱਡਾ, ਮੈਂ ਵੱਡਾ' ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ। ਇਹ ਸਾਰਾ ਜਗਤ ਕੱਜਲ ਦੀ ਕੋਠੜੀ (ਸਮਾਨ) ਹੈ (ਜੇਹੜਾ ਭੀ ਇਸ ਦੇ ਮੋਹ ਵਿਚ ਫਸਦਾ ਹੈ, ਉਸ ਦਾ) ਤਨ ਮਨ ਸਰੀਰ ਸੁਆਹ ਵਿਚ ਮਿਲ ਜਾਂਦਾ ਹੈ। ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਦੂਰ ਕਰ ਦਿੱਤੀ, ਉਹ (ਇਸ ਕੱਜਲ-ਕੋਠੜੀ ਵਿਚੋਂ) ਸਾਫ਼-ਸੁਥਰੇ ਹੀ ਰਹੇ।7। ਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ। ਹੇ ਨਾਨਕ! (ਅਰਦਾਸ ਕਰ ਕੇ ਆਖ–) ਮੈਨੂੰ ਪਰਮਾਤਮਾ ਦਾ ਨਾਮ ਕਦੇ ਨਾ ਭੁੱਲੇ, ਪਰਮਾਤਮਾ ਦਾ ਨਾਮ-ਰਤਨ ਨਾਮ-ਪੂੰਜੀ (ਮੇਰੇ ਪਾਸ ਸਦਾ-ਥਿਰ ਰਹੇ) । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ-ਸਮੁੰਦਰ ਵਿਚ ਖਪ ਖਪ ਕੇ ਆਤਮਕ ਮੌਤੇ ਮਰਦੇ ਹਨ, ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ (ਉਹ ਵਿਕਾਰਾਂ ਦੀਆਂ ਲਹਿਰਾਂ ਵਿਚ ਨਹੀਂ ਡੁੱਬਦੇ) ।8।16। |
Sri Guru Granth Darpan, by Professor Sahib Singh |