ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 64

ਸਿਰੀਰਾਗੁ ਮਹਲਾ ੧ ਘਰੁ ੨ ॥ ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥ ਦੁਨੀਆ ਕੈਸਿ ਮੁਕਾਮੇ ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥ ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥ ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥ ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥ ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥ ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥ {ਪੰਨਾ 64}

ਪਦ ਅਰਥ: ਮੁਕਾਮੁ = ਪੱਕਾ ਟਿਕਾਣਾ, ਤਕੀਆ। ਕਰਿ = ਕਰ ਕੇ, ਬਣਾ ਕੇ। ਘਰਿ = ਘਰ ਵਿਚ। ਧੋਖ = ਧੁਖ-ਧੁਖੀ, ਚਿੰਤਾ। ਤਾ ਪਰੁ = ਤਦੋਂ ਹੀ। ਲੋਕ = ਜਗਤ। ਨਿਹਚਲੁ = ਅਟੱਲ।1।

ਕੈਸਿ = ਕਿਵੇਂ? ਮੁਕਾਮੇ = ਪੱਕਾ ਟਿਕਾਣਾ। ਸਿਦਕੁ = ਸਰਧਾ। ਕਰਣੀ = ਉੱਚਾ ਆਚਰਨ। ਨਾਮੇ = ਨਾਮਿ, ਨਾਮ ਵਿਚ।1। ਰਹਾਉ।

ਮੁਕਾਮਿ = ਤਕੀਏ ਵਿਚ। ਦੇਵ ਸਥਾਨਿ = ਦੇਵਤੇ ਦੇ ਮੰਦਰ ਵਿਚ। ਸਿਧ = ਕਰਾਮਾਤੀ ਜੋਗੀ।2।

ਸੁਰ = ਦੇਵਤੇ। ਗਣ = ਸ਼ਿਵਜੀ ਦੇ ਉਪਾਸ਼ਕ। ਗੰਧਰਵ = ਦੇਵਤਿਆਂ ਦੇ ਰਾਗੀ। ਸਲਾਰ = ਸਰਦਾਰ। ਦਰਿ ਕੂਚ ਕੂਚਾ = ਕੂਚ ਦਰਿ ਕੂਚ, ਆਪੋ ਆਪਣੀ ਵਾਰੀ ਕੂਚ। ਅਵਰੇ ਭਿ = ਬਾਕੀ ਹੋਰ ਭੀ।3।

ਮਲੂਕ = ਰਾਜੇ, ਮਲਕ। ਉਮਰੇ = ਅਮੀਰ ਲੋਕ। ਮੁਹਤਿ = ਦੋ ਘੜੀ ਦੇ ਸਮੇਂ ਵਿਚ। ਦਿਲ = ਹੇ ਦਿਲ! ਪਹੂਚੁ = ਪਹੁੰਚਣ ਵਾਲਾ।4।

ਸਬਦਾਹ ਮਾਹਿ = ਲਫ਼ਜ਼ਾਂ ਵਿਚ, ਜ਼ਬਾਨੀ ਜ਼ਬਾਨੀ, ਗੱਲਾਂ ਨਾਲ। ਵਖਾਣੈ = ਆਖਦਾ ਹੈ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ।5।

ਅਗੰਮ = ਅਪਹੁੰਚ। ਕਾਦਰੁ = ਕੁਦਰਤਿ ਦਾ ਮਾਲਕ। ਕਰੀਮੁ = ਬਖ਼ਸ਼ਸ਼ ਕਰਨ ਵਾਲਾ। ਮੁਕਾਮੁ = ਪੱਕਾ ਟਿਕਾਣਾ, ਸਦਾ ਕਾਇਮ। ਰਹੀਮੁ = ਰਹਿਮ ਕਰਨ ਵਾਲਾ ਪ੍ਰਭੂ।6।

ਤਿਸ ਨੋ = ਉਸ ਨੂੰ (ਪਰਮਾਤਮਾ) ਨੂੰ। ਜਿਸੁ ਸਿਸਿ = ਜਿਸ ਦੇ ਸੀਸ ਉੱਤੇ। ਲੇਖੁ = ਮੌਤ ਦਾ ਲੇਖ। ਓਹੀ ਏਕੁ = ਉਹ ਇਕ ਪਰਮਾਤਮਾ ਹੀ।7।

ਰਵਿ = ਸੂਰਜ। ਨਿਸਿ = ਰਾਤਿ। ਸਸਿ = ਚੰਦ੍ਰਮਾ। ਪਲੋਇ = ਚਲੇ ਜਾਣ ਵਾਲੇ, ਨਾਸਵੰਤ। ਬਗੋਇ = ਆਖ, ਕਹੁ।8।

ਅਰਥ: (ਹੇ ਭਾਈ!) ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ। (ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ।1। ਰਹਾਉ।

(ਦੁਨੀਆ ਨੂੰ ਆਪਣੇ ਰਹਿਣ ਲਈ) ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਭੀ (ਮਨੁੱਖ ਨੂੰ ਮੌਤ ਵਲੋਂ ਬੇ-ਫ਼ਿਕਰ ਨਹੀਂ ਕਰ ਸਕਦਾ, ਕਿਉਂਕਿ ਇਥੋਂ) ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ। ਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਭੀ ਸਦਾ ਕਾਇਮ ਰਹਿਣ ਵਾਲਾ ਹੋਵੇ (ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ) ।1।

ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ, ਪੰਡਿਤ (ਧਰਮ ਅਸਥਾਨਾਂ ਵਿਚ ਬੈਠ ਕੇ) ਧਰਮ-ਪੋਥੀਆਂ (ਹੋਰਨਾਂ ਨੂੰ) ਸੁਣਾਂਦੇ ਹਨ, ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿਚ ਬੈਠਦੇ ਹਨ (ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ) ।2।

ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਜੋਗੀ, (ਸ਼ਿਵਜੀ ਦੇ ਉਪਾਸਕ) ਗਣ, ਦੇਵਤਿਆਂ ਦੇ ਗਵਈਏ, (ਸਮਾਧੀਆਂ ਵਿਚ ਚੁੱਪ ਟਿਕੇ ਰਹਿਣ ਵਾਲੇ) ਮੁਨੀ ਜਨ, ਸੇਖ਼, ਪੀਰ ਅਤੇ ਸਰਦਾਰ (ਅਖਵਾਣ ਵਾਲੇ) ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ।3।

ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ। ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ) , ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ।4।

ਨਾਨਕ ਬੇਨਤੀ ਕਰਦਾ ਹੈ– ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ ਤੇ ਇਥੇ ਸਿਰਫ਼) ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ।5।

ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ) , ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ ਜੋ ਅੱਲਾਹ (ਅਖਵਾਂਦਾ) ਹੈ ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ।6।

ਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ। ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ।7।

ਹੇ ਨਾਨਕ! ਇਹ ਅਟੱਲ ਬਚਨ ਕਹਿ ਦੇ = ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ। ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ।8।17।

ਮਹਲੇ ਪਹਿਲੇ ਸਤਾਰਹ ਅਸਟਪਦੀਆ ॥ ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥ ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥ ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥ ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥ ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥ ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥ ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥ ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥ ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥ ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥ ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥ ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥ ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥ ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥ ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥ ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥ ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥ ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥ ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥ ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥ ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥ {ਪੰਨਾ 64-65}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਕੀਜੈ = ਕੀਤੀ ਜਾ ਸਕਦੀ ਹੈ। ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ। ਬੂਝੈ = ਸਮਝ ਲੈਂਦਾ ਹੈ। ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਬਦਿ = ਸ਼ਬਦ ਦੀ ਰਾਹੀਂ।1।

ਜਗਿ = ਜਗਤ ਵਿਚ। ਬਿਰਥਾ = ਵਿਅਰਥ {vãQw}।1। ਰਹਾਉ।

ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ। ਬਖਸਿ = ਮਿਹਰ ਕਰ ਕੇ। ਆਖਿ = ਆਖ ਕੇ। ਗੁਰਮੁਖਿ = ਗੁਰੂ ਦੀ ਰਾਹੀਂ।2।

ਦੇਖਿ = ਵੇਖ ਕੇ। ਮੋਹਿ = ਮੋਹ ਵਿਚ। ਸੇਵਿ = ਸੇਵ ਕੇ, ਸਰਨ ਪੈ ਕੇ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਤਿਸ ਕੀ = {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਕੀਮ = ਕੀਮਤ। ਸਖਾ = ਮਿੱਤਰ।3।

ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਪਤਿ = ਇੱਜ਼ਤ। ਮਗੁ = ਮਾਰਗ, ਰਸਤਾ। ਕਾਈ = {ਨੋਟ: ਲਫ਼ਜ਼ 'ਕਾਈ' ਇਸਤ੍ਰੀ-ਲਿੰਗ ਹੈ, ਲਫ਼ਜ਼ 'ਕੋਈ' ਪੁਲਿੰਗ ਹੈ}। ਠਉਰ = ਥਾਂ, ਸਹਾਰਾ। ਮਨਿ = ਮਨ ਵਿਚ।4।

ਮੰਨਿ = ਮਨਿ, ਮਨ ਵਿਚ। ਅਨਦਿਨੁ = ਹਰ ਰੋਜ਼ {AnuiÜn}। ਕਰਹਿ = ਕਰਦੇ ਹਨ। ਸਿਉ = ਨਾਲ। ਸਚਿ = ਸੱਚਿ, ਸਦਾ-ਥਿਰ ਪ੍ਰਭੂ ਵਿਚ।5।

ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ। ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ। ਸਹਜੁ = ਆਤਮਕ ਅਡੋਲਤਾ। ਮਾਰਿ = ਮਾਰ ਕੇ। ਸਦ = ਸਦਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ {ars`-ਹਿਰਦਾ}।6।

ਮਨਿ ਨਿਰਮਲਿ = ਨਿਰਮਲ ਮਨ ਦੀ ਰਾਹੀਂ। ਸਭੁ = ਸਾਰਾ। ਸਤਿਗੁਰਿ = ਸਤਿਗੁਰ ਨੇ।7।

ਚਿਤਿ = ਚਿੱਤ ਵਿਚ। ਕਹੈ– ਆਖਦਾ ਹੈ। ਆਪੁ = ਆਪਾ-ਭਾਵ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ {vÄsl-ਵਛਲ}। ਮੰਨਿ = ਮਨਿ, ਮਨ ਵਿਚ। ਦੇਇ = ਦੇਂਦਾ ਹੈ। ਦੇ = ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ।8।

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਰਿਹਾ, ਉਸ ਦਾ ਜਗਤ ਵਿਚ ਆਉਣਾ ਕਿਸ ਅਰਥ? ਜਿਸ ਨੇ (ਜਗਤ ਵਿਚ ਆ ਕੇ) ਪੂਰੇ ਗੁਰੂ ਦਾ ਪੱਲਾ ਨਾਹ ਫੜਿਆ, ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ।1। ਰਹਾਉ।

ਗੁਰੂ ਦੀ ਸਰਨ ਪਿਆਂ (ਜਦੋਂ) ਪਰਮਾਤਮਾ ਮਿਹਰ ਕਰਦਾ ਹੈ, ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ। ਜਦੋਂ ਕੋਈ ਮਨੁੱਖ (ਗੁਰੂ ਦੇ) ਆਪੇ ਵਿਚ ਆਪਣੇ ਆਪ ਨੂੰ ਮਿਲਾਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਅਟੱਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਿਲਾਪ ਹੋ ਜਾਂਦਾ ਹੈ।1।

ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ, (ਨਹੀਂ ਤਾਂ) ਇਹ ਜੀਵ ਜੰਤ ਵਿਚਾਰੇ ਕੀਹ ਹਨ? (ਭਾਵ, ਇਹਨਾਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਆਪਣੇ ਉੱਦਮ ਨਾਲ ਪ੍ਰਭੂ-ਚਰਨਾਂ ਵਿਚ ਜੁੜ ਸਕਣ, ਆਪਣੇ ਕਿਸੇ ਅਜਿਹੇ ਉੱਦਮ ਦੀ ਬਾਬਤ) ਕੋਈ ਜੀਵ ਕੀਹ ਆਖ ਕੇ (ਕਿਸੇ ਨੂੰ) ਸੁਣਾ ਸਕਦਾ ਹੈ? ਪ੍ਰਭੂ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ।2।

(ਮਨੁੱਖ ਆਪਣੇ) ਪਰਵਾਰ ਨੂੰ ਦੇਖ ਕੇ (ਉਸ ਦੇ) ਮੋਹ ਵਿਚ ਫਸ ਜਾਂਦਾ ਹੈ (ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ) ਤੁਰਨ ਵੇਲੇ (ਕਿਸੇ ਨੇ ਉਸ ਦੇ) ਨਾਲ ਨਹੀਂ ਜਾਣਾ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ, ਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ।3।

ਆਪਣੇ ਮਨ ਦੇ ਪਿੱ​ਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ। ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ, ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ।4।

ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ, ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।

(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ।5।

ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ। ਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।6।

ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤਿ ਗੁਰੂ ਨੇ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤੀ ਹੈ) ।7।

(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ। ਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।

ਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤਿ-ਸਾਲਾਹ ਵਾਲੀ) ਸੁਰਤਿ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ।8।1।18।

TOP OF PAGE

Sri Guru Granth Darpan, by Professor Sahib Singh