ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 66

ਸਿਰੀਰਾਗੁ ਮਹਲਾ ੩ ॥ ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥ ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥ ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥ ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥ ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥ ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥ ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥ ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥ ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥ ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥ ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥ ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥ ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥ ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥ ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥ ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥ {ਪੰਨਾ 66}

ਪਦ ਅਰਥ: ਪੰਖੀ = ਪੰਛੀ, ਜੀਵ-ਪੰਛੀ। ਬਿਰਖਿ = ਰੁੱਖ ਉੱਤੇ, ਸਰੀਰ = ਰੁੱਖ ਵਿਚ (ਵੱਸਦਾ) । ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ। ਪੀਵੈ = ਪੀਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਉਡੈ ਨਾ = ਉੱਡਦਾ ਨਹੀਂ, ਭਟਕਦਾ ਨਹੀਂ। ਆਵੈ = ਆਉਂਦਾ, ਜੰਮਦਾ। ਜਾਇ = ਜਾਂਦਾ, ਮਰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਨਾਮਿ = ਨਾਮ ਵਿਚ।1।

ਕਮਾਇ = ਕਰ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਚਲਹਿ = ਤੂੰ ਚੱਲੇਂ। ਅਨਦਿਨੁ = ਹਰ ਰੋਜ਼। ਰਾਚਹਿ = ਰਚਿਆ ਰਹੇਂਗਾ, ਟਿਕਿਆ ਰਹੇਂਗਾ। ਨਾਮਿ = ਨਾਮ ਵਿਚ।1। ਰਹਾਉ।

ਬਿਰਖ = ਰੁੱਖਾਂ ਉਤੇ। ਊਡਹਿ = ਉੱਡਦੇ ਹਨ। ਦਿਸਿ = ਪਾਸੇ। ਜਾਹਿ = ਜਾਂਦੇ ਹਨ। ਘਣੇ = ਬਹੁਤ। ਦਾਝਹਿ = ਸੜਦੇ ਹਨ। ਤੈ = ਅਤੇ {ਨੋਟ: ਲਫ਼ਜ਼ 'ਤੈ' 'ਤੇ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। ਤੈ = ਅਤੇ। ਤੇ = ਤੋਂ} ਜਾਪਈ = ਜਾਪਏ, ਜਾਪੈ, ਜਾਪਦਾ, ਦਿੱਸਦਾ।2।

ਗੁਰਮੁਖਿ = ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ। ਸਾਦੈ = ਸਦਾ-ਥਿਰ ਪ੍ਰਭੂ ਵਿਚ। ਸੁਭਾਇ = ਪ੍ਰੇਮ ਵਿਚ। ਸਾਖਾ = ਟਹਣੀਆਂ। ਤੀਨਿ ਸਾਖਾ = ਤਿੰਨ ਟਾਹਣੀਆਂ, ਮਾਇਆ ਦੇ ਤਿੰਨ ਗੁਣ। ਸਬਦਿ = ਸ਼ਬਦ ਵਿਚ। ਲਾਇ = ਲਾ ਕੇ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਦੇਇ = ਦੇਂਦਾ ਹੈ।3।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਊਭੈ = ਖਲੋਤੇ ਖਲੋਤੇ। ਬੈਸੀਐ = ਬੈਠੀਏ। ਗਿਰਾਉ = {gRwm} ਪਿੰਡ। ਜਾਲੀਅਹਿ = ਸਾੜੇ ਜਾਂਦੇ ਹਨ।4।

ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ। ਪਇਐ ਕਿਰਤਿ = ਕੀਤੇ ਹੋਏ ਕਰਮਾਂ ਤੋਂ ਪੈਦਾ ਹੋਏ ਸੰਸਕਾਰਾਂ ਅਨੁਸਾਰ। ਕਿਰਤਿ = ਕੀਤੇ ਕਰਮ ਅਨੁਸਾਰ। ਪਇਐ = ਉਸ ਕਰਮ ਅਨੁਸਾਰ ਜੋ ਸੰਸਕਾਰਾਂ ਦੇ ਰੂਪ ਵਿਚ ਮਨੁੱਖ ਦੇ ਮਨ ਵਿਚ ਇਕੱਠੇ ਹੋ ਚੁੱਕੇ ਹਨ। ਫਿਰਾਉ = ਫੇਰਾ। ਸਮਾਉ = ਸਮਾਈ। ਸਚਿ = ਸਦਾ-ਥਿਰ ਪ੍ਰਭੂ ਵਿਚ।5।

ਬਪੁੜੇ = ਵਿਚਾਰੇ। ਗਵਾਰ = ਮੂਰਖ। ਹਠਿ = ਹਠ ਨਾਲ। ਹੋਹਿ = ਹੁੰਦੇ ਹਨ।6।

ਹੇਤਿ = ਪਿਆਰ ਵਿਚ, ਪ੍ਰੇਮ ਵਿਚ। ਦਰਿ = ਦਰ ਤੇ।7।

ਨਦਰੀ = ਮਿਹਰ ਦੀ ਨਿਗਾਹ ਵਿਚ। ਸਚਾ = ਸੱਚਾ, ਸਦਾ-ਥਿਰ ਪ੍ਰਭੂ। ਕਰਮਿ = ਬਖ਼ਸ਼ਸ਼ ਨਾਲ।8।

ਅਰਥ: ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ। ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ।1। ਰਹਾਉ।

ਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।1।

ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ, ਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ।2।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ। (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ। ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ। (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ।3।

(ਪਰ) ਆਪਣੇ ਮਨ ਦੇ ਪਿੱ​ਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ) । ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ) । ਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ) , ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ।4।

(ਪਰ ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ। ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ।5।

ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ। ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ।6।

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ। ਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ।7।

(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ) । ਸਦਾ-ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ।

ਹੇ ਨਾਨਕ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ।8।3। 20।

ਸਿਰੀਰਾਗੁ ਮਹਲਾ ੩ ॥ ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥ ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥ ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥ ਭਾਈ ਰੇ ਦਾਸਨਿ ਦਾਸਾ ਹੋਇ ॥ ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥ ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥ ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥ ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥ ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥ ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥ ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥ ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥ ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥ ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥ ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥ ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥ ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥ ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥ ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥ ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥ ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥ ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥ {ਪੰਨਾ 66-67}

ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ। ਬੂਝ = ਸਮਝ। ਊਜਲੇ = ਰੋਸ਼ਨ। ਮਨਿ = ਮਨ ਵਿਚ। ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।1।

ਸੁਹਾਗੁ = {soBwÀXz} ਪਤੀ ਨੂੰ ਪ੍ਰਸੰਨ ਰੱਖਣ ਦੀ ਸੁਭਾਗਤਾ। ਭਾਇ = ਪ੍ਰੇਮ ਵਿਚ। ਨਿਹਚਲੁ = ਅਟੱਲ, ਅਬਿਨਾਸ਼ੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਅੰਕਿ = ਗੋਦ ਵਿਚ।2।

ਬੂਝਈ = ਬੂਝਏ, ਬੂਝੈ, ਸਮਝ ਸਕਦਾ। ਭਰਮਿ = ਭਟਕਣਾ ਵਿਚ, ਮਾਇਆ ਦੀ ਦੌੜ-ਭੱਜ ਵਿਚ। ਰਸਨਾ = ਜੀਭ (ਵਿਚ) । ਸਮਾਇ = ਲੀਨ ਰਹਿੰਦਾ ਹੈ।3।

ਸੁਭਾਇ = ਪ੍ਰੇਮ ਵਿਚ। ਨੋ = ਨੂੰ। ਸਚਿ = ਸਦਾ-ਥਿਰ ਪ੍ਰਭੂ ਵਿਚ।4।

ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲੋਅ = ਲੋਕ, ਭਵਨ। ਵਿਆਪਤ ਹੈ– (ਆਪਣਾ) ਜ਼ੋਰ ਪਾਈ ਰੱਖਦੀ ਹੈ। ਅਧਿਕ = ਬਹੁਤ। ਮੁਕਤਿ = ਖ਼ਲਾਸੀ। ਦੁਬਿਧਾ = ਦੁ-ਕਿਸਮਾ-ਪਨ, ਦੁ-ਚਿੱਤਾ-ਪਨ।5।

ਕਿਸ ਨੋ = ਕਿਸ ਨੂੰ {ਨੋਟ: ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਦੁਖਿ = ਦੁੱਖ ਵਿਚ। ਬਧੁ = ਬੱਝਾ ਹੋਇਆ।6।

ਥਾਇ = ਥਾਂ ਵਿਚ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ। ਭ੍ਰਮੁ = ਭਟਕਣਾ।7।

ਨ ਜਾਪਨੀ = ਨ ਜਾਪਨਿ, ਨਹੀਂ ਜਾਪਦੇ, ਕਦਰ ਨਹੀਂ ਪੈਂਦੀ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ। ਕਰਮਿ = ਮਿਹਰ ਦੀ ਰਾਹੀਂ। ਕਰਮੁ = ਬਖ਼ਸ਼ਸ਼।8।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ = ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ।1। ਰਹਾਉ।

ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ) । ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।1।

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ। (ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ। ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ।2।

ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ। (ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ।3।

(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ) । ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।

(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ।4।

(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤਿ ਨਹੀਂ ਜੁੜਦੀ। ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ। (ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ।5।

(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ? (ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ।6।

ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ। ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ।7।

ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।

ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ।8।4। 21।

TOP OF PAGE

Sri Guru Granth Darpan, by Professor Sahib Singh