ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 67 ਸਿਰੀਰਾਗੁ ਮਹਲਾ ੩ ॥ ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥ ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥ ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥ ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥ ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥ ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥ ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥ ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥ ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥ ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥ ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥ ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥ ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥ ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥ ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥ ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥ ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥ {ਪੰਨਾ 67-68} ਪਦ ਅਰਥ: ਪ੍ਰਭਿ = ਪ੍ਰਭੂ ਨੇ। ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ) । ਭੁਲਾਏ = ਕੁਰਾਹੇ ਪਾਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਰਹਿ = ਕਰਦੇ ਹਨ। ਗਵਾਏ = ਗਵਾਂਦਾ ਹੈ। ਕਰਮਿ = ਮਿਹਰ ਨਾਲ। ਮਨਿ = ਮਨ ਵਿਚ। ਆਏ = ਆਇ, ਆ ਕੇ।1। ਸਾਲਾਹੀਐ = ਵਡਿਆਣਾ ਚਾਹੀਦਾ ਹੈ, ਧੰਨ ਧੰਨ ਆਖਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ।1। ਰਹਾਉ। ਭਰਮੁ = ਦੌੜ-ਭੱਜ, ਭਟਕਣਾ। ਚਰਣੀ = ਚਰਨਾਂ ਵਿਚ। ਘਰਿ = ਘਰ ਵਿਚ, ਅੰਤਰ ਆਤਮੇ। ਮਹਲਿ = ਪ੍ਰਭੂ ਦੇ ਮਹਲ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ।2। ਜੋੁਲਾਹਾ = {ਨੋਟ: ਅਸਲ ਲਫ਼ਜ਼ 'ਜੋਲਾਹਾ' ਹੈ, ਇਥੇ 'ਜੁਲਾਹਾ' ਪੜ੍ਹਨਾ ਹੈ}। ਤੇ = ਤੋਂ। ਗਤਿ = ਉੱਚੀ ਅਤਮਕ ਅਵਸਥਾ। ਬੇਤੇ = ਜਾਣਨ ਵੇਲੇ। ਬ੍ਰਹਮ ਕੇ ਬੇਤੇ = ਪਰਮਾਤਮਾ ਨਾਲ ਸਾਂਝ ਪਾਣ ਵਾਲੇ। ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਪਛਾਣਹਿ = ਪਛਾਣਦੇ ਹਨ, ਸਾਂਝ ਪਾਂਦੇ ਹਨ, ਸਾਂਝ ਪਾ ਲਈ {ਨੋਟ: ਵਰਤਮਾਨ ਕਾਲ ਨੂੰ ਭੂਤਕਾਲ ਦੇ ਅਰਥ ਵਿਚ ਇਥੇ ਵਰਤਣਾ ਹੈ}। ਹਉਮੈ ਜਾਤਿ = ਹਉਮੈ ਦੀ ਜਾਤਿ ਹੀ, ਹਉਮੈ ਦਾ ਮੂਲ ਹੀ। ਸੁਰ = ਦੇਵਤੇ। ਭਾਈ = ਹੇ ਭਾਈ!।3। ਦੈਤ ਪੁਤੁ = ਹਰਨਾਖਸ਼ ਦੈਂਤ ਦਾ ਪੁੱਤਰ, ਪ੍ਰਹਿਲਾਦ। ਕਰਮ ਧਰਮ = ਕਰਮ ਕਾਂਡ। ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਜਤਨ। ਭਾਉ = ਪਿਆਰ। ਭੇਟਿਐ = ਮਿਲਣ ਨਾਲ। ਅਨਦਿਨੁ = ਹਰ ਰੋਜ਼।4। ਖਟੁ = ਛੇ। ਦਰਸਨ = ਭੇਖ। ਖਟੁ ਦਰਸਨ = ਛੇ ਭੇਖ {ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ, ਬੋਧੀ}। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਜੀਵਨ-ਮਰਯਾਦਾ, ਜੀਵਨ-ਜੁਗਤਿ। ਮੰਨਿ = ਮਨ ਵਿਚ। ਵਸਾਏ = ਵਸਾਇ, ਵਸਾ ਕੇ। ਸਿਉ = ਨਾਲ। ਰਹਾਏ = ਮੁਕਾ ਦੇਂਦਾ ਹੈ।5। ਪੰਡਿਤ ਵਖਾਣਹਿ = ਪੰਡਿਤ ਵਖਿਆਨ ਕਰਦੇ ਹਨ। ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ। ਫੇਰੁ = ਫੇਰਾ, ਗੇੜ। ਮੁਕਤਿ = ਖ਼ਲਾਸੀ। ਮੇਲਿ = (ਪ੍ਰਭੂ ਦੇ) ਮਿਲਾਪ ਵਿਚ।6। ਉਪਜੈ = ਪੈਦਾ ਹੁੰਦਾ ਹੈ। ਸੁਭਾਏ = ਸੁਭਾਇ, ਪ੍ਰੇਮ ਦੀ ਰਾਹੀਂ। ਅਰਪੀ = ਮੈਂ ਅਰਪਾਂ, ਅਰਪੀਂ। ਆਪੁ = ਆਪਾ-ਭਾਵ। ਗਵਾਈ = ਗਵਾਈਂ, ਮੈਂ ਦੂਰ ਕਰਾਂ। ਚਲਾ = ਚੱਲਾਂ, ਮੈਂ ਤੁਰਾਂ। ਭਾਏ = ਭਾਇ, ਪਿਆਰ ਵਿਚ। ਵਿਟਹੁ = ਤੋਂ। ਜਿ = ਜੇਹੜਾ।7। ਬਿੰਦੇ = ਜਾਣਦਾ ਹੈ। ਰੰਗਿ = ਪ੍ਰੇਮ ਨਾਲ। ਘਟਅੰਤਰਿ = ਹਿਰਦਿਆਂ ਵਿਚ। ਸਬਦਿ = ਸ਼ਬਦ ਦੀ ਰਾਹੀਂ।8। ਅਰਥ: ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ। (ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ) । (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ। ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ।1। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ। (ਸਿਮਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ।1। ਰਹਾਉ। (ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ, ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ।2। (ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ। ਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ।3। (ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ। ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ। ਉਹ ਇਕ (ਪਰਮਾਤਮਾ) ਦੀ ਸਿਫ਼ਤਿ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ।4। ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ। ਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।5। ਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। (ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ। ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।6। ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ। (ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ। ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।7। (ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ। (ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ। ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।8।5। 22। |
Sri Guru Granth Darpan, by Professor Sahib Singh |