ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 71

ਸਿਰੀਰਾਗੁ ਮਹਲਾ ੫ ਘਰੁ ੫ ॥ ਜਾਨਉ ਨਹੀ ਭਾਵੈ ਕਵਨ ਬਾਤਾ ॥ ਮਨ ਖੋਜਿ ਮਾਰਗੁ ॥੧॥ ਰਹਾਉ ॥ ਧਿਆਨੀ ਧਿਆਨੁ ਲਾਵਹਿ ॥ ਗਿਆਨੀ ਗਿਆਨੁ ਕਮਾਵਹਿ ॥ ਪ੍ਰਭੁ ਕਿਨ ਹੀ ਜਾਤਾ ॥੧॥ ਭਗਉਤੀ ਰਹਤ ਜੁਗਤਾ ॥ ਜੋਗੀ ਕਹਤ ਮੁਕਤਾ ॥ ਤਪਸੀ ਤਪਹਿ ਰਾਤਾ ॥੨॥ ਮੋਨੀ ਮੋਨਿਧਾਰੀ ॥ ਸਨਿਆਸੀ ਬ੍ਰਹਮਚਾਰੀ ॥ ਉਦਾਸੀ ਉਦਾਸਿ ਰਾਤਾ ॥੩॥ ਭਗਤਿ ਨਵੈ ਪਰਕਾਰਾ ॥ ਪੰਡਿਤੁ ਵੇਦੁ ਪੁਕਾਰਾ ॥ ਗਿਰਸਤੀ ਗਿਰਸਤਿ ਧਰਮਾਤਾ ॥੪॥ ਇਕ ਸਬਦੀ ਬਹੁ ਰੂਪਿ ਅਵਧੂਤਾ ॥ ਕਾਪੜੀ ਕਉਤੇ ਜਾਗੂਤਾ ॥ ਇਕਿ ਤੀਰਥਿ ਨਾਤਾ ॥੫॥ ਨਿਰਹਾਰ ਵਰਤੀ ਆਪਰਸਾ ॥ ਇਕਿ ਲੂਕਿ ਨ ਦੇਵਹਿ ਦਰਸਾ ॥ ਇਕਿ ਮਨ ਹੀ ਗਿਆਤਾ ॥੬॥ ਘਾਟਿ ਨ ਕਿਨ ਹੀ ਕਹਾਇਆ ॥ ਸਭ ਕਹਤੇ ਹੈ ਪਾਇਆ ॥ ਜਿਸੁ ਮੇਲੇ ਸੋ ਭਗਤਾ ॥੭॥ ਸਗਲ ਉਕਤਿ ਉਪਾਵਾ ॥ ਤਿਆਗੀ ਸਰਨਿ ਪਾਵਾ ॥ ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥ {ਪੰਨਾ 71}

ਪਦ ਅਰਥ: ਨਹੀ ਜਾਨਉ = ਮੈਂ ਨਹੀਂ ਜਾਣਦਾ (ਜਾਨਉਂ) । ਕਵਨ ਬਾਤਾ = ਕੇਹੜੀ ਗੱਲ? ਭਾਵੈ = ਚੰਗੀ ਲੱਗਦੀ ਹੈ। ਮਨ = ਹੇ ਮਨ! ਮਾਰਗੁ = ਰਸਤਾ।1। ਰਹਾਉ।

ਧਿਆਨੀ = ਸਮਾਧੀਆਂ ਲਾਣ ਵਾਲੇ। ਗਿਆਨੀ = ਵਿਦਵਾਨ। ਕਿਨ ਹੀ = ਕਿਸੇ ਵਿਰਲੇ ਨੇ ਹੀ, ਕਿਨਿ ਹੀ।1।

ਭਗਉਤੀ = ਵੈਸ਼ਨਵ ਭਗਤ। ਜੁਗਤਾ = ਵਰਤ, ਤੁਲਸੀ ਮਾਲਾ ਆਦਿਕ ਸੰਜਮ। ਤਪਹਿ = ਤਪਿ ਹੀ, ਤਪ ਵਿਚ ਹੀ। ਰਾਤਾ = ਮਸਤ।2।

ਮੋਨੀ = ਚੁੱਪ ਰਹਿਣ ਵਾਲੇ। ਉਦਾਸਿ = ਉਦਾਸੀ ਭੇਖ ਵਿਚ।3।

ਨਵੈ ਪਰਕਾਰਾ = ਨੌ ਕਿਸਮ ਦੀ = ਸ੍ਰਵਨ, ਕੀਰਤਨ, ਸਿਮਰਨ, ਚਰਨ-ਸੇਵਾ, ਅਰਚਨ, ਬੰਦਨਾ, ਸਖਯ (ਮਿੱਤਰ-ਭਾਵ) , ਦਾਸਯ (ਦਾਸ-ਭਾਵ) , ਆਪਣਾ ਆਪ ਅਰਪਨ ਕਰਨਾ। ਗਿਰਸਤਿ = ਗ੍ਰਿਹਸਤ ਵਿਚ। ਧਰਮਾਤਮਾ = ਧਰਮ ਵਿਚ ਮਸਤ।4।

ਇਕ ਸਬਦੀ = ਜੋ ਇਕੋ ਲਫ਼ਜ਼ ਬੋਲਦੇ ਹਨ, 'ਅਲੱਖ' 'ਅਲੱਖ' ਆਖਣ ਵਾਲੇ। ਬਹੁਰੂਪਿ = ਬਹੁ-ਰੂਪੀਏ। ਅਵਧੂਤਾ = ਨਾਂਗੇ। ਕਾਪੜੀ = ਖ਼ਾਸ ਕਿਸਮ ਦਾ ਚੋਲਾ ਆਦਿਕ ਕੱਪੜਾ ਪਾਣ ਵਾਲੇ। ਕਉਤੇ = ਕਵੀ, ਨਾਟਕ ਚੇਟਕ ਜਾਂ ਸਾਂਗ ਵਿਖਾ ਕੇ ਲੋਕਾਂ ਨੂੰ ਖ਼ੁਸ਼ ਕਰਨ ਵਾਲੇ। ਜਾਗੂਤਾ = ਜਾਗਰਾ ਕਰਨ ਵਾਲੇ, ਸਦਾ ਜਾਗਦੇ ਰਹਿਣ ਵਾਲੇ। ਇਕਿ = ਅਨੇਕਾਂ। ਤੀਰਥਿ = ਤੀਰਥ ਉਤੇ।5।

ਨਿਰਹਾਰ = ਨਿਰਾਹਾਰ {ਨਿਰ-ਆਹਾਰ}। ਨਿਰਹਾਰ ਬਰਤੀ = ਭੁੱਖੇ ਰਹਿਣ ਵਾਲੇ। ਆਪਰਸਾ = ਕਿਸੇ ਨਾਲ ਨਾਹ ਛੋਹਣ ਵਾਲੇ। ਲੂਕਿ = ਲੁਕ ਕੇ (ਰਹਿਣ ਵਾਲੇ) । ਮਨ ਹੀ = ਮਨਿ ਹੀ, ਆਪਣੇ ਮਨ ਵਿਚ ਹੀ। ਗਿਆਤਾ = ਗਿਆਨਵਾਨ।6।

ਘਾਟਿ = ਘੱਟ, ਮਾੜਾ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ।7।

ਉਕਤਿ = ਦਲੀਲ। ਉਪਾਵਾ = ਹੀਲੇ। ਪਾਵਾ = ਮੈਂ ਪਿਆ ਹਾਂ। ਪਰਾਤਾ = ਪਿਆ ਹਾਂ।8।

ਅਰਥ: ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ। ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ।1। ਰਹਾਉ।

ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ, ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ, ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ।1।

ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ। ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ। ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ।2।

ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ। ਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ) ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ।3।

(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ। ਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ। ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ।4।

ਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ। ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ। ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ।5।

ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ) । ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ। ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ।6।

(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ। ਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ। ਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ।7।

ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।

ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ।8।2। 27।

ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਘਰੁ ੩ ॥ ਜੋਗੀ ਅੰਦਰਿ ਜੋਗੀਆ ॥ ਤੂੰ ਭੋਗੀ ਅੰਦਰਿ ਭੋਗੀਆ ॥ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥ ਤੁਧੁ ਸੰਸਾਰੁ ਉਪਾਇਆ ॥ ਸਿਰੇ ਸਿਰਿ ਧੰਧੇ ਲਾਇਆ ॥ ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥ ਪਰਗਟਿ ਪਾਹਾਰੈ ਜਾਪਦਾ ॥ ਸਭੁ ਨਾਵੈ ਨੋ ਪਰਤਾਪਦਾ ॥ ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥ ਸਤਿਗੁਰ ਕਉ ਬਲਿ ਜਾਈਐ ॥ ਜਿਤੁ ਮਿਲਿਐ ਪਰਮ ਗਤਿ ਪਾਈਐ ॥ ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਪਦ ਅਰਥ: ਸੁਰਗਿ = ਸੁਰਗ ਵਿਚ। ਮਛਿ = ਮਾਤ ਲੋਕ ਵਿਚ। ਪਇਆਲਿ = ਪਤਾਲ ਵਿਚ।1।

ਨੋ = ਨੂੰ, ਤੋਂ।1। ਰਹਾਉ।

ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਵੇਖਹਿ = ਵੇਖਹਿਂ, ਤੂੰ ਵੇਖਦਾ ਹੈਂ, ਤੂੰ ਸੰਭਾਲ ਕਰਦਾ ਹੈਂ। ਕਰਿ ਕੁਦਰਤਿ = ਕੁਦਰਤ ਰਚ ਕੇ। ਪਾਸਾ ਢਾਲਿ = ਪਾਸਾ ਢਾਲ ਕੇ, ਚਉਪੜ ਦੀਆਂ ਨਰਦਾਂ ਸੁੱਟ ਕੇ।2।

ਪਰਗਟਿ ਪਾਹਾਰੈ = ਦਿੱਸਦੇ ਪਸਾਰੇ ਵਿਚ। ਨਾਵੈ ਨੋ = (ਪ੍ਰਭੂ ਦੇ) ਨਾਮ ਨੂੰ। ਸਭੁ = ਹਰੇਕ ਜੀਵ। ਪਰਤਾਪਦਾ = ਲੋਵਦਾ ਹੈ। ਸਭ = ਸਾਰੀ ਸ੍ਰਿਸ਼ਟੀ। ਜਾਲਿ = ਜਾਲ ਵਿਚ।3।

ਬਲਿ ਜਾਈਐ = ਕੁਰਬਾਨ ਹੋਈਏ। ਕਉ = ਤੋਂ। ਜਿਤੁ ਮਿਲਿਐ = ਜਿਸ (ਗੁਰੂ) ਨੂੰ ਮਿਲਿਆਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਸੁਰਿ = ਦੇਵਤੇ। ਸਤਿਗੁਰਿ = ਗੁਰੂ ਨੇ।4।

ਜਿਥੈ = ਜਿਸ ਥਾਂ ਤੇ।5।

ਅਰਥ: ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ।1। ਰਹਾਉ।

(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ, ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ। ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ।1।

(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ, ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ। ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ।2।

(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ। ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ। ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ।3।

(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ (ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ। (ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ।3।

ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? (ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ।5।

TOP OF PAGE

Sri Guru Granth Darpan, by Professor Sahib Singh