ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 72

ਇਹੁ ਜਗਤੁ ਭਰਮਿ ਭੁਲਾਇਆ ॥ ਆਪਹੁ ਤੁਧੁ ਖੁਆਇਆ ॥ ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥ ਦੋਹਾਗਣੀ ਕਿਆ ਨੀਸਾਣੀਆ ॥ ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥ ਸੋਹਾਗਣੀ ਕਿਆ ਕਰਮੁ ਕਮਾਇਆ ॥ ਪੂਰਬਿ ਲਿਖਿਆ ਫਲੁ ਪਾਇਆ ॥ ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥ ਹੁਕਮੁ ਜਿਨਾ ਨੋ ਮਨਾਇਆ ॥ ਤਿਨ ਅੰਤਰਿ ਸਬਦੁ ਵਸਾਇਆ ॥ ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥ ਜਿਨਾ ਭਾਣੇ ਕਾ ਰਸੁ ਆਇਆ ॥ ਤਿਨ ਵਿਚਹੁ ਭਰਮੁ ਚੁਕਾਇਆ ॥ ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥ {ਪੰਨਾ 72}

ਪਦ ਅਰਥ: ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ) । ਭੁਲਾਇਆ = ਕੁਰਾਹੇ ਪਾਇਆ ਹੈ। ਆਪਹੁ ਤੁਧੁ = ਤੂੰ ਆਪਣੇ ਆਪ ਤੋਂ (ਹੇ ਪ੍ਰਭੂ!) । ਖੁਆਇਆ = ਖੁੰਝਾ ਦਿੱਤਾ ਹੈ। ਪਰਤਾਪੁ = ਦੁੱਖ {pRqwp}।6।

ਖਸਮਹੁ = ਖਸਮ ਤੋਂ। ਵੇਸ = ਕੱਪੜੇ। ਤਿਨਾ ਕਾਮਣੀ = ਉਹਨਾਂ ਇਸਤ੍ਰੀਆਂ ਦੇ। ਰੈਣਿ = {rjin} ਜ਼ਿੰਦਗੀ ਦੀ ਰਾਤ। ਵਿਹਾਇ = ਬੀਤਦੀ ਹੈ।7।

ਪੂਰਬਿ = ਪਹਿਲੇ ਜਨਮ ਵਿਚ। ਕਰੇ ਕੈ = ਕਰਿ ਕੈ, ਕਰ ਕੇ।8।

ਸਹੀਆਂ = ਸਹੇਲੀਆਂ, ਸਤਸੰਗੀ। ਸਹ ਨਾਲਿ = ਖਸਮ-ਪ੍ਰਭੂ ਦੇ ਨਾਲ।9।

ਰਸੁ = ਆਨੰਦ। ਭਰਮੁ = ਭਟਕਣਾ। ਸਭਸੈ = ਸਭ ਜੀਵਾਂ ਨੂੰ।10।

ਅਰਥ: ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ। (ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ। ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ।6।

ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ? (ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ। ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ।7।

ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ? ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।8।

ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ, ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦੀਆਂ ਹਨ। ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ।9।

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ, ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ) । ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ।10।

ਸਤਿਗੁਰਿ ਮਿਲਿਐ ਫਲੁ ਪਾਇਆ ॥ ਜਿਨਿ ਵਿਚਹੁ ਅਹਕਰਣੁ ਚੁਕਾਇਆ ॥ ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥ ਅੰਮ੍ਰਿਤੁ ਤੇਰੀ ਬਾਣੀਆ ॥ ਤੇਰਿਆ ਭਗਤਾ ਰਿਦੈ ਸਮਾਣੀਆ ॥ ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥ ਸਤਿਗੁਰੁ ਮਿਲਿਆ ਜਾਣੀਐ ॥ ਜਿਤੁ ਮਿਲਿਐ ਨਾਮੁ ਵਖਾਣੀਐ ॥ ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥ ਹਉ ਸਤਿਗੁਰ ਵਿਟਹੁ ਘੁਮਾਇਆ ॥ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥ ਤੂੰ ਸਭਨਾ ਮਾਹਿ ਸਮਾਇਆ ॥ ਤਿਨਿ ਕਰਤੈ ਆਪੁ ਲੁਕਾਇਆ ॥ ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

ਪਦ ਅਰਥ: ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਜਿਨਿ = ਜਿਸ ਨੇ। ਅਹਕਰਣੁ = ਅਹੰਕਾਰ। ਮਸਤਕਿ = ਮੱਥੇ ਉੱਤੇ।11।

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਰਸ। ਰਿਦੈ = ਹਿਰਦੇ ਵਿਚ। ਅੰਦਰਿ ਰਖਿਐ = ਜੇ ਹਿਰਦੇ ਵਿਚ ਰੱਖਿਆ ਜਾਏ। ਸੁਖ ਸੇਵਾ = ਸੁਖਦਾਈ ਸੇਵਾ। ਕਰਹਿ = ਕਰਹਿਂ, ਤੂੰ ਕਰਦਾ ਹੈਂ। ਨਿਸਤਾਰਿ = ਤੂੰ ਪਾਰ ਲੰਘਾਂਦਾ ਹੈਂ।12।

ਪਾਇਓ = ਪਾਇਆ, ਲੱਭਾ। ਕਰਮ = (ਤੀਰਥ ਵਰਤ ਆਦਿਕ ਮਿਥੇ ਧਾਰਮਿਕ) ਕੰਮ।13।

ਵਿਟਹੁ = ਤੋਂ। ਹਉ = ਮੈਂ। ਘੁਮਾਇਆ = ਕੁਰਬਾਨ। ਜਿਨਿ = ਜਿਸ ਨੇ। ਭ੍ਰਮਿ = ਭਟਕਣਾ ਵਿਚ (ਪੈ ਕੇ) । ਭੁਲਾ = ਭੁੱਲਾ, ਕੁਰਾਹੇ ਪਿਆ ਹੋਇਆ। ਮਾਰਗਿ = ਰਸਤੇ ਉੱਤੇ।14।

ਤਿਨਿ ਕਰਤੈ = ਉਸ ਕਰਤਾਰ ਨੇ। ਆਪੁ = ਆਪਣੇ ਆਪ ਨੂੰ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾ ਕਉ = ਜਿਸ ਨੂੰ। ਕਰਤਾਰਿ = ਕਰਤਾਰ ਨੇ।15।

ਅਰਥ: ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ, ਉਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ। ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ।11।

(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ। ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ।12।

ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ।13।

ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ। ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ।14।

(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ। (ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ।15।

ਆਪੇ ਖਸਮਿ ਨਿਵਾਜਿਆ ॥ ਜੀਉ ਪਿੰਡੁ ਦੇ ਸਾਜਿਆ ॥ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥ ਸਭਿ ਸੰਜਮ ਰਹੇ ਸਿਆਣਪਾ ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥ ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥ ਮੇਰੇ ਗੁਣ ਅਵਗਨ ਨ ਬੀਚਾਰਿਆ ॥ ਪ੍ਰਭਿ ਅਪਣਾ ਬਿਰਦੁ ਸਮਾਰਿਆ ॥ ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥ ਮੈ ਮਨਿ ਤਨਿ ਪ੍ਰਭੂ ਧਿਆਇਆ ॥ ਜੀਇ ਇਛਿਅੜਾ ਫਲੁ ਪਾਇਆ ॥ ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥ {ਪੰਨਾ 72}

ਪਦ ਅਰਥ: ਖਸਮਿ = ਖਸਮ ਨੇ। ਨਿਵਾਜਿਆ = ਮਿਹਰ ਕੀਤੀ, ਵਡਿਆਈ ਦਿੱਤੀ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਪੈਜ = ਲਾਜ, ਇੱਜ਼ਤ। ਦੁਇ ਕਰ = ਦੋਵੇਂ ਹੱਥ। ਧਾਰਿ = ਰੱਖ ਕੇ।16।

ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਧਨ। ਸਭਿ = ਸਾਰੇ। ਰਹੇ = ਰਹਿ ਗਏ, ਅਸਫਲ ਹੋ ਗਏ। ਸਭੁ ਲੋਕੁ = ਸਾਰਾ ਜਗਤ।17।

ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ। ਕੰਠਿ = ਗਲ ਨਾਲ। ਰਖਿਓਨੁ = ਰੱਖਿਆ ਉਨਿ, ਉਸ ਨੇ ਰੱਖਿਆ ਕੀਤੀ।18।

ਮਨਿ = ਮਨ ਦੀ ਰਾਹੀਂ, ਮਨ ਵਿਚ। ਤਨਿ = ਤਨ ਵਿਚ, ਤਨ ਦੀ ਰਾਹੀਂ। ਜੀਇ = ਜੀ ਵਿਚ। ਜੀਇ ਇਛਿਅੜਾ = ਜਿਸ ਦੀ ਜੀ ਵਿਚ ਇੱਛਾ ਕੀਤੀ। ਸਿਰਿ = ਸਿਰ ਉੱਤੇ।19।

ਅਰਥ: ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ, ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ। ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ।16।

ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ। ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ। ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ।17।

ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ, ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ। ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ।18।

ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ। ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।

ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ।19।

TOP OF PAGE

Sri Guru Granth Darpan, by Professor Sahib Singh