ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 73

ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥ ਗੁਰ ਪਰਸਾਦੀ ਪਾਇਆ ॥ ਤਿਥੈ ਮਾਇਆ ਮੋਹੁ ਚੁਕਾਇਆ ॥ ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥ ਗੋਪੀ ਨੈ ਗੋਆਲੀਆ ॥ ਤੁਧੁ ਆਪੇ ਗੋਇ ਉਠਾਲੀਆ ॥ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥ ਜਿਨ ਸਤਿਗੁਰ ਸਿਉ ਚਿਤੁ ਲਾਇਆ ॥ ਤਿਨੀ ਦੂਜਾ ਭਾਉ ਚੁਕਾਇਆ ॥ ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥ ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥ {ਪੰਨਾ 73}

ਪਦ ਅਰਥ: ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ। ਦੂਜਾ ਖੇਲੁ = ਆਪਣੇ ਤੋਂ ਵੱਖਰਾ ਤਮਾਸ਼ਾ। ਕਰਿ = ਕਰ ਕੇ, ਪੈਦਾ ਕਰ ਕੇ। ਸਭੁ = ਹਰ ਥਾਂ। ਸਚੋ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ। ਭਾਵੈ = ਚਾਹੁੰਦਾ ਹੈ। 20।

ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਤਿਥੈ = ਉਸ (ਹਿਰਦੇ) ਵਿਚ। ਚੁਕਾਇਆ = ਦੂਰ ਕਰ ਦਿੱਤਾ। 21।

ਨੈ = ਨਦੀ, ਜਮਨਾ ਨਦੀ। ਗੋਆਲੀਆ = ਗੋਪਾਲ, ਗਾਈਆਂ ਚਾਰਨ ਵਾਲਾ।

ਗੋਪੀ = ਗੁਆਲਣ। ਗੋਇ = ਧਰਤੀ {ਨੋਟ: ਇੱਥੇ ਕ੍ਰਿਸ਼ਨ ਜੀ ਦੇ ਪਰਬਤ ਚੁੱਕਣ ਵਲ ਇਸ਼ਾਰਾ ਹੈ}। 22।

ਜਿਨ = ਜਿਨ੍ਹਾਂ ਨੇ {ਨੋਟ: 'ਜਿਨ' ਬਹੁ-ਵਚਨ ਹੈ। 'ਜਿਨਿ' ਇਕ-ਵਚਨ ਹੈ}। ਭਾਉ = ਪਿਆਰ। ਨਿਰਮਲ = ਵਿਕਾਰਾਂ ਦੀ ਮੈਲ ਤੋਂ ਰਹਿਤ। ਓਇ = ਉਹ ਬੰਦੇ {ਨੋਟ: ਲਫ਼ਜ਼ 'ਓਇ' ਬਹੁ-ਵਚਨ ਹੈ}। ਸਵਾਰਿ = ਸੰਵਾਰ ਕੇ, ਸੋਹਣਾ ਬਣਾ ਕੇ। 23।

ਦਿਹੈ– ਦਿਨੇ। ਵਡਿਆਈਆ = ਸਾਲਾਹੀਆਂ ਹਨ। ਸਚੁ ਸਮਾਲਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਰੱਖ। 24।

ਅਰਥ: ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ, (ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ।

(ਹੇ ਭਾਈ!) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ। 20।

ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ, ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ। 21।

ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ। ਤੂੰ ਆਪ ਹੀ (ਕ੍ਰਿਸ਼ਨ-ਰੂਪ ਹੋ ਕੇ) ਧਰਤੀ (ਗੋਵਰਧਨ ਪਰਬਤ) ਚੁੱਕੀ ਸੀ। ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ। 22।

ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ, ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ। ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ। 23।

ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ (ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ।

ਹੇ ਨਾਨਕ! ਆਖ– ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤਿ ਬਖ਼ਸ਼ਣ ਵਾਲਾ ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ। 24।1।

ਸਿਰੀਰਾਗੁ ਮਹਲਾ ੫ ॥ ਪੈ ਪਾਇ ਮਨਾਈ ਸੋਇ ਜੀਉ ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥ ਗੋਸਾਈ ਮਿਹੰਡਾ ਇਠੜਾ ॥ ਅੰਮ ਅਬੇ ਥਾਵਹੁ ਮਿਠੜਾ ॥ ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥ ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ ਜੋਆਇਆ ॥ ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥ ਹਉ ਗੁਰ ਮਿਲਿ ਇਕੁ ਪਛਾਣਦਾ ॥ ਦੁਯਾ ਕਾਗਲੁ ਚਿਤਿ ਨ ਜਾਣਦਾ ॥ ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥ ਤੁਸੀ ਭੋਗਿਹੁ ਭੁੰਚਹੁ ਭਾਈਹੋ ॥ ਗੁਰਿ ਦੀਬਾਣਿ ਕਵਾਇ ਪੈਨਾਈਓ ॥ ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥ ਹਉ ਆਇਆ ਸਾਮ੍ਹ੍ਹੈ ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥ {ਪੰਨਾ 73}

ਪਦ ਅਰਥ: ਪੈ = ਪੈ ਕੇ, ਡਿੱਗ ਕੇ। ਪਾਇ = ਪੈਰਾਂ ਤੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ। ਪੁਰਖਿ = ਪੁਰਖ ਨੇ। ਸਤਿਗੁਰ ਪੁਰਖਿ = ਸਤਿਗੁਰ-ਪੁਰਖ ਨੇ।1। ਰਹਾਉ।

ਗੋਸਾਈ = ਸ੍ਰਿਸ਼ਟੀ ਦਾ ਸਾਈਂ, ਪਰਮਾਤਮਾ। ਮਿਹੰਡਾ = ਮੇਰਾ। ਇਠੜਾ = ਇੱਠੜਾ, ਬਹੁਤ ਪਿਆਰਾ। ਅੰਮ = ਅੰਮਾਂ, ਮਾਂ। ਅਬਾ = ਅੱਬਾ, ਪਿਉ। ਥਾਵਹੁ = ਨਾਲੋਂ, ਤੋਂ। ਸਭਿ = ਸਾਰੇ।1।

ਹੁਕਮੈ = ਹੁਕਮ ਵਿਚ। ਸਾਵਣੁ = ਨਾਮ-ਵਰਖਾ ਕਰਨ ਵਾਲਾ ਗੁਰੂ-ਮਿਲਾਪ। ਸਤ = ਉੱਚਾ ਆਚਰਨ। ਕਰਿ = ਕਰ ਕੇ। ਬੋਹਲ = ਅੰਨ ਦਾ ਢੇਰ। ਬੋਹਲ ਬਖਸ = ਬਖ਼ਸ਼ਸ਼ ਦਾ ਬੋਹਲ।2।

ਹਉ = ਮੈਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਦੁਯਾ ਕਾਗਲੁ = ਦੂਜਾ ਕਾਗਜ਼, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ। ਚਿਤਿ = ਚਿੱਤਰਨਾ। ਚਿਤਿ ਨ ਜਾਣਦਾ = ਚਿੱਤਰਨਾ ਨਹੀਂ ਜਾਣਦਾ। ਇਕਤੈ ਕਾਰੈ = ਇਕੋ ਹੀ ਕਾਰ ਵਿਚ। ਲਾਇਓਨੁ = ਲਾਇਆ ਉਨਿ, ਉਸ ਨੇ ਲਾਇਆ ਹੈ।3।

ਭਾਈਹੋ = ਹੇ ਭਰਾਵੋ! ਗੁਰਿ = ਗੁਰੂ ਨੇ। ਦੀਬਾਣਿ = ਦਰਬਾਰ ਵਿਚ। ਕਵਾਇ = ਪੁਸ਼ਾਕ, ਸਿਰੋਪਾ। ਮਾਹਰੁ = ਚੌਧਰੀ। ਪਿੰਡ ਦਾ = ਸਰੀਰ ਦਾ। ਬੰਨਿ = ਬੰਨ੍ਹ ਕੇ। ਆਦੇ = ਲਿਆਂਦੇ। ਸਰੀਕ = ਸ਼ਰੀਕਾ ਕਰਨ ਵਾਲੇ, ਵਿਰੋਧੀ।4।

ਸਾਮੈ = ਸਰਨ ਵਿਚ। ਤਿਹੰਡੀਆ = ਤੇਰੀ। ਮੁਜੇਰੇ = ਮੁਜ਼ਾਰੇ। ਮਿਹਡਿਆ = ਮੇਰੇ। ਕੰਨੁ = ਕੰਨ, ਮੋਢਾ। ਹੰਘਾਈ = ਸਕਦਾ। ਵੁਠਾ = ਵੁੱਠਾ, ਵੱਸ ਪਿਆ ਹੈ। ਘੁਘਿ = ਸੰਘਣੀ ਵੱਸੋਂ ਵਾਲਾ। ਗਿਰਾਉ = (ਗ੍ਰਾਮ) ਪਿੰਡ।5।

ਅਰਥ: (ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ। ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1। ਰਹਾਉ।

ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ, (ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ।

(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ) , ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ।1।

(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ, (ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ। ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ।2।

(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ, ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ। ਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ।3।

ਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ। ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ) ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ।4।

ਹੇ ਨਾਨਕ! (ਆਖ– ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ। (ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ) । ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ।5।

ਹਉ ਵਾਰੀ ਘੁੰਮਾ ਜਾਵਦਾ ॥ ਇਕ ਸਾਹਾ ਤੁਧੁ ਧਿਆਇਦਾ ॥ ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥ ਹਰਿ ਇਠੈ ਨਿਤ ਧਿਆਇਦਾ ॥ ਮਨਿ ਚਿੰਦੀ ਸੋ ਫਲੁ ਪਾਇਦਾ ॥ ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥ ਮੈ ਛਡਿਆ ਸਭੋ ਧੰਧੜਾ ॥ ਗੋਸਾਈ ਸੇਵੀ ਸਚੜਾ ॥ ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥ ਮੈ ਸੁਖੀ ਹੂੰ ਸੁਖੁ ਪਾਇਆ ॥ ਗੁਰਿ ਅੰਤਰਿ ਸਬਦੁ ਵਸਾਇਆ ॥ ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥ ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥ ਸੁਣਿ ਗਲਾ ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥ ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥ {ਪੰਨਾ 73-74}

ਪਦ ਅਰਥ: ਹਉ = ਮੈਂ। ਘੁੰਮਾ ਜਾਵਦਾ = ਘੁੰਮਾਂ ਜਾਂਵਦਾ, ਕੁਰਬਾਨ ਜਾਂਦਾ ਹਾਂ। ਸਾਹਾ = ਸ਼ਾਹ! ਹੇ ਸ਼ਾਹ! ਤੁਧੁ = ਤੈਨੂੰ। ਥੇਹੁ = ਢੱਠਾ ਹੋਇਆ ਪਿੰਡ, ਉਹ ਸਰੀਰ-ਪਿੰਡ ਜਿਸ ਵਿਚੋਂ ਸਾਰੇ ਭਲੇ ਗੁਣ ਮੁੱਕ ਚੁਕੇ ਸਨ।6।

ਇਠੈ = ਪਿਆਰੇ ਨੂੰ। ਮਨਿ = ਮਨ ਵਿਚ। ਚਿੰਦੀ = ਚਿੰਦੀਂ, ਚਿਤਵਦਾ ਹਾਂ। ਸਭੇ ਕਾਜ = ਸਾਰੇ ਕੰਮ। ਸਵਾਰਿਅਨੁ = ਉਸ ਨੇ ਸਵਾਰ ਦਿੱਤੇ ਹਨ। ਲਾਹੀਅਨਿ = ਉਸ ਨੇ ਲਾ ਦਿੱਤੀ ਹੈ।7।

ਸਭੋ = ਸਭੁ, ਸਾਰਾ। ਧੰਧੜਾ = ਮਾਇਆ ਵਾਲੀ ਦੌੜ-ਭੱਜ। ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਸਚੜਾ = ਸੱਚੜਾ, ਸਦਾ-ਥਿਰ ਰਹਿਣ ਵਾਲਾ। ਨਉ ਨਿਧਿ = ਜਗਤ ਦੇ ਨੌ ਹੀ ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਛਿਕਿ = ਕੱਸ ਕੇ, ਖਿੱਚ ਕੇ।8।

ਸੁਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਮਸਤਕਿ = ਮਸਤਕ ਉੱਤੇ।9।

ਧਰਮਸਾਲ = ਧਰਮ ਕਮਾਣ ਦੀ ਥਾਂ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਬਧੀ = ਬੱਧੀ, ਬਣਾਈ ਹੈ। ਲਹਦਾ = ਮਿਲਦਾ ਹਾਂ। ਤਿਸੁ = ਉਸ (ਗੁਰਸਿੱਖ) ਨੂੰ (ਜੇਹੜਾ ਮੈਨੂੰ ਮਿਲਦਾ ਹੈ) । ਨਿਵਿ = ਨਿਵ ਕੇ, ਲਿਫ਼ ਕੇ।10।

ਸੁਣਿ = ਸੁਣ ਕੇ। ਪਹਿ = ਪਾਸ, ਕੋਲ। ਦਾਨੁ = ਨਾਮ ਦਾ ਦਾਨ, ਹੋਰਨਾਂ ਨੂੰ ਨਾਮ ਜਪਾਣਾ। ਇਸਨਾਨੁ = ਆਤਮਕ ਇਸ਼ਨਾਨ, ਪਵਿਤ੍ਰਤਾ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਸੈਸਾਰੜਾ = ਵਿਚਾਰਾ ਸੰਸਾਰ। ਸਚੀ ਬੇੜੀ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਬੇੜੀ ਵਿਚ। ਚਾੜਿ = ਚਾੜ੍ਹ ਕੇ।11।

ਅਰਥ: (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ।6।

(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ, ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ। ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ।7।

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ। ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ। (ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ।8।

ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ। ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ।9।

ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ। ਉਹਨਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ। (ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ।10।

ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ– ਇਹ ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ, ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ = ਇਹੀ ਹੈ ਸਹੀ ਜੀਵਨ-ਰਾਹ।11।

TOP OF PAGE

Sri Guru Granth Darpan, by Professor Sahib Singh