ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 74 ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ ਦੇ ਕੰਨੁ ਸੁਣਹੁ ਅਰਦਾਸਿ ਜੀਉ ॥ ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥ ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥ ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥ ਤੇਰਿਆ ਭਗਤਾ ਭੁਖ ਸਦ ਤੇਰੀਆ ॥ ਹਰਿ ਲੋਚਾ ਪੂਰਨ ਮੇਰੀਆ ॥ ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥ ਤੁਧੁ ਜੇਵਡੁ ਅਵਰੁ ਨ ਭਾਲਿਆ ॥ ਤੂੰ ਦੀਪ ਲੋਅ ਪਇਆਲਿਆ ॥ ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥ {ਪੰਨਾ 74} ਪਦ ਅਰਥ: ਦੇ ਕੰਨੁ = ਕੰਨ ਦੇ ਕੇ, ਪੂਰੇ ਧਿਆਨ ਨਾਲ। ਸੁਣਹੁ = (ਹੇ ਪ੍ਰਭੂ ਜੀ!) ਤੁਸੀ ਸੁਣਦੇ ਹੋ। ਠੋਕਿ ਵਜਾਇ = ਠਣਕ ਕੇ, ਵਜਾ ਕੇ, ਚੰਗੀ ਤਰ੍ਹਾਂ ਪਰਖ ਕਰ ਕੇ। ਤੁਸਿ = ਪ੍ਰਸੰਨ ਹੋ ਕੇ। ਲਇਅਨੁ = ਲਏ ਉਨਿ, ਉਸ ਪ੍ਰਭੂ ਨੇ ਲਏ ਹਨ।12। ਪੈ = ਪੈ ਕੇ, ਜ਼ੋਰ ਪਾ ਕੇ। ਕੋਇ = ਕੋਈ ਭੀ ਕਾਮਾਦਿਕ ਵਿਕਾਰ। ਰਞਾਣਦਾ = ਦੁਖੀ ਕਰਦਾ। ਵੁਠੀਆ = ਵੁੱਠੀਆ, ਵੱਸ ਪਈ ਹੈ। ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ।13। ਝਿੰਮਿ ਝਿੰਮਿ = ਮੱਠਾ ਮੱਠਾ, ਸਹਜੇ ਸਹਜੇ, ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਵਰਖਾ। ਬੋਲੀ = ਬੋਲੀ, ਮੈਂ ਬੋਲਦਾ ਹਾਂ। ਪਾਇਹਿ = ਪਾਇਹਿਂ, ਤੂੰ ਪਾਂਦਾ ਹੈਂ। ਥਾਇ = ਥਾਂ ਵਿਚ।14। ਪੂਰਨ = ਪੂਰੀ ਕਰ। ਲੋਚਾ = ਤਾਂਘ।15। ਦੀਪ = ਦੀਪਾਂ ਵਿਚ, ਦੇਸਾਂ ਵਿਚ। ਲੋਅ = (ਚੌਦਾਂ) ਲੋਕਾਂ ਵਿਚ। ਥਾਨਿ = ਥਾਂ ਵਿਚ। ਥਨੰਤਰਿ = ਥਾਨ ਅੰਤਰਿ, ਹੋਰ ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਸਚੁ = ਸੱਚ, ਸਦਾ-ਥਿਰ ਪ੍ਰਭੂ ਦਾ ਨਾਮ। ਅਧਾਰੁ = ਆਸਰਾ।16। ਅਰਥ: (ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ, ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ। (ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ।12। (ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ। ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।13। ਹੇ ਪ੍ਰਭੂ! ਹੇ ਮੇਰੇ ਖਸਮ! ਮੈਂ ਭੀ ਤੇਰੀ ਹੀ ਪ੍ਰੇਰਨਾ ਨਾਲ ਤੇਰੀ ਸਿਫ਼ਤਿ-ਸਾਲਾਹ ਦੇ ਬੋਲ ਬੋਲ ਰਿਹਾ ਹਾਂ, ਆਤਮਕ ਅਡੋਲਤਾ ਪੈਦਾ ਕਰ ਕੇ ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ। ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ।14। ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ। ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ। ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ।15। ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ। ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ। ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ।16। ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥ ਸਭ ਇਕਠੇ ਹੋਇ ਆਇਆ ॥ ਘਰਿ ਜਾਸਨਿ ਵਾਟ ਵਟਾਇਆ ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥ ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥ ਮੈ ਜੁਗਿ ਜੁਗਿ ਦਯੈ ਸੇਵੜੀ ॥ ਗੁਰਿ ਕਟੀ ਮਿਹਡੀ ਜੇਵੜੀ ॥ ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥ {ਪੰਨਾ 74} ਪਦ ਅਰਥ: ਹਉ = ਹਉਂ, ਮੈਂ। ਗੋਸਾਈ = ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਲਵਾਨੜਾ = ਨਿੱਕਾ ਜਿਹਾ ਪਹਿਲਵਾਨ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਚ ਦੁਮਾਲੜਾ = ਉੱਚੇ ਦੁਮਾਲੇ ਵਾਲਾ {ਨੋਟ: ਅਖਾੜੇ ਵਿਚ ਜਿੱਤਣ ਵਾਲੇ ਪਹਿਲਵਾਨ ਨੂੰ 'ਮਾਲੀ' ਮਿਲਦੀ ਹੈ। ਉਹ 'ਮਾਲੀ' ਜਾਂ ਸਿਰੋਪਾ ਉਹ ਆਪਣੇ ਸਿਰ ਉੱਤੇ ਬੰਨ੍ਹ ਕੇ ਉੱਚਾ ਤੁਰਲਾ ਛੱਡ ਕੇ ਅਖਾੜੇ ਵਿਚ ਚੁਫੇਰੇ ਫਿਰਦਾ ਹੈ ਤਾ ਕਿ ਲੋਕ ਵੇਖ ਲੈਣ}। ਛਿੰਝ = ਘੋਲ ਵੇਖਣ ਆਏ ਲੋਕਾਂ ਦੀ ਭੀੜ। ਦਯੁ = ਪਿਆਰਾ ਪ੍ਰਭੂ।1। ਵਾਤ = ਮੂੰਹ ਨਾਲ ਵੱਜਣ ਵਾਲੇ ਵਾਜੇ। ਟੰਮਕ = ਛੋਟੇ ਨਗਾਰੇ। ਭੇਰੀ = ਛੋਟਾ ਨਗਾਰਾ। ਮਲ = ਮੱਲ, ਪਹਿਲਵਾਨ। ਨਿਹਤੇ = ਨਿਹਣ ਲਏ, ਕਾਬੂ ਕਰ ਲਏ। ਗੁਰਿ = ਗੁਰੂ ਨੇ। ਕੰਡਿ = ਪਿੱਠ ਉੱਤੇ।18। ਇਕਠੇ ਹੋਇ = ਇਕੱਠੇ ਹੋ ਕੇ, ਮਨੁੱਖਾ ਜਨਮ ਲੈ ਕੇ। ਘਰਿ = ਪਰਲੋਕ-ਘਰ ਵਿਚ। ਜਾਸਨਿ = ਜਾਣਗੇ। ਵਾਟ ਵਟਾਇਆ = ਰਸਤਾ ਬਦਲ ਕੇ, ਵੱਖ ਵੱਖ ਜੂਨਾਂ ਵਿਚ ਪੈ ਕੇ। ਲਾਹਾ = ਲਾਭ, ਨਫ਼ਾ। ਮੂਲੁ = ਅਸਲ ਸਰਮਾਇਆ।19। ਵਰਨ = ਰੰਗ। ਚਿਹਨ– ਨਿਸ਼ਾਨ। ਹਰਿ = ਹੇ ਹਰੀ! ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। 20। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਦਯੈ = ਪਿਆਰੇ (ਪ੍ਰਭੂ) ਦੀ। ਸੇਵੜੀ = ਸੋਹਣੀ ਸੇਵਾ। ਗੁਰਿ = ਗੁਰੂ ਨੇ। ਜੇਵੜੀ = ਰੱਸੀ, ਫਾਹੀ। ਮਿਹਡੀ = ਮੇਰੀ। ਬਾਹੁੜਿ = ਫਿਰ, ਮੁੜ। ਨ ਨਚਊ = (ਨ ਨਚਊਂ) , ਮੈਂ ਨਹੀਂ ਨੱਚਾਂਗਾ। ਅਉਸਰੁ = ਮੌਕਾ। ਭਾਲਿ = ਭਾਲ ਕੇ, ਢੂੰਢ ਕੇ।2। ਅਰਥ: ਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ, ਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ। ਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ।17। ਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ) ਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ। ਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ।18। ਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ, ਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ। ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ।19। ਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ, ਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ। ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ। 20। ਹੇ ਨਾਨਕ! (ਆਖ–) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਤੇ ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ। (ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ, ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। 21।2।9। ਨੋਟ: ਇਹ ਅੰਕ 29 ਦੱਸਦਾ ਹੈ ਕਿ ਇੱਥੋਂ ਤਕ ਇਹ ਸਾਰੀਆਂ ਅਸਟਪਦੀਆਂ ਹੀ ਹਨ। ਇਹਨਾਂ ਦਾ ਵੇਰਵਾ ਇਉਂ ਹੈ:
ਗੁਰੂ ਨਾਨਕ ਦੇਵ ਜੀ = 17 ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ ਪਹਰੇ = ਸ਼ੀਸ਼ੇ, ਸੁਰਮਾ, ਸਲਾਈ, ਚੂੜੀਆਂ, ਮੁਰਕੀਆਂ ਆਦਿਕ ਜ਼ਨਾਨੇ ਸ਼ਿੰਗਾਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਲੈ ਕੇ ਪਿੰਡ ਪਿੰਡ ਵੇਚਣ ਵਾਲੇ ਨੂੰ ਵਣਜਾਰਾ ਕਹਿੰਦੇ ਹਨ। ਆਪਣੇ ਨਗਰ ਸ਼ਹਰ ਤੋਂ ਦੂਰ ਆਇਆ ਹੋਇਆ ਵਣਜਾਰਾ ਰਾਤ ਦੇ ਚਾਰ ਪਹਰ ਜਿਸ ਪਿੰਡ ਰਾਤ ਪਈ ਉਥੇ ਗੁਜ਼ਾਰਦਾ ਹੈ। ਜੀਵ ਭੀ ਵਣਜਾਰਾ ਹੈ। ਪ੍ਰਭੂ-ਦਰ ਤੋਂ ਦੂਰ ਇਥੇ ਸੰਸਾਰ ਵਿਚ ਹਰਿ ਨਾਮ ਦਾ ਵਣਜ ਕਰਨ ਆਇਆ ਜੀਵ ਜ਼ਿੰਦਗੀ ਦੀ ਚਾਰ-ਪਹਰੀ ਰਾਤ ਇਥੇ ਗੁਜ਼ਾਰਦਾ ਹੈ। ਪਦ ਅਰਥ: ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ। ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ। ਉਰਧ = ਉਲਟਾ, ਪੁੱਠਾ। ਅੰਤਰਿ = (ਮਾਂ ਦੇ ਪੇਟ) ਵਿਚ। ਸੇਤੀ = ਨਾਲ, ਅੱਗੇ। ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ। ਧਿਆਨਿ = ਧਿਆਨ ਵਿਚ (ਜੁੜ ਕੇ) । ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ। ਕਲਿ ਭੀਤਰਿ = ਸੰਸਾਰ ਵਿਚ {ਨੋਟ: ਕਲਿ ਦਾ ਭਾਵ ਕਲਿਜੁਗ ਨਹੀਂ ਹੈ। ਸਮੇ ਦਾ ਕੋਈ ਭੀ ਨਾਮ ਰੱਖਿਆ ਜਾਏ, ਜੀਵ ਸਦਾ ਨੰਗਾ ਹੀ ਜੰਮਦਾ ਆਇਆ ਹੈ। ਜਿਸ ਸਮੇ ਸਤਿਗੁਰੂ ਨਾਨਕ ਦੇਵ ਜੀ ਜਗਤ ਵਿਚ ਆਏ, ਉਸ ਸਮੇ ਦਾ ਨਾਮ ਕਲਿਜੁਗ ਪ੍ਰਸਿੱਧ ਸੀ। ਲਫ਼ਜ਼ 'ਕਲਿ' ਨੂੰ ਸਾਧਾਰਨ ਤੌਰ ਤੇ 'ਸੰਸਾਰ' ਦੇ ਅਰਥ ਵਿਚ ਵਰਤਿਆ ਗਿਆ ਹੈ। ਇਹ ਲਫ਼ਜ਼ ਇਸੇ ਅਰਥ ਵਿਚ ਹੋਰ ਭੀ ਕਈ ਵਾਰੀ ਬਾਣੀ ਵਿਚ ਵਰਤਿਆ ਹੋਇਆ ਹੈ}। ਬਾਹੁੜਿ = ਮੁੜ। ਜਾਸੀ = ਜਾਇਗਾ। ਵੁੜੀ ਹੈ– ਚੱਲੀ ਹੈ। ਮਸਤਕਿ = ਮੱਥੇ ਉੱਤੇ। ਤੈਸੀ = ਉਹੋ ਜਿਹੀ ਪੂੰਜੀ, ਉਹੋ ਜਿਹਾ ਸੌਦਾ।1। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ। ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ। (ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ) , (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ। ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ। ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ। ਹੇ ਨਾਨਕ! ਆਖ– ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ।1। |
Sri Guru Granth Darpan, by Professor Sahib Singh |