ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 75 ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥ ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥ ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥ {ਪੰਨਾ 75} ਪਦ ਅਰਥ: ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ-ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ। ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ! ਚੇਤਿ = ਚੇਤੇ ਰੱਖ। ਅੰਤਿ = ਆਖ਼ਿਰ ਸਮੇ। ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।2। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ) । ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ। (ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ) , ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ। ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ। ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ। ਹੇ ਨਾਨਕ! ਆਖ– (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ।2। ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥ {ਪੰਨਾ 75} ਪਦ ਅਰਥ: ਨ ਚੇਤਹੀ = ਤੂੰ ਨਹੀਂ ਚੇਤਦਾ। ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ। ਜਿਤੁ = ਜਿਸ ਨਾਮ ਦੀ ਰਾਹੀਂ। ਬਿਕਲੁ = ਵਿਆਕੁਲ, ਮਤਿ-ਹੀਣ। ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ। ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।3। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ। ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ। ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ। ਹੇ ਨਾਨਕ! ਆਖ– (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ।3। ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥ ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥ {ਪੰਨਾ 75} ਪਦ ਅਰਥ: ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ। ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ। ਚੇਤੁ = ਚਿੱਤ, ਇਰਾਦਾ। ਜਾ = ਜਦੋਂ। ਦੋੁਆਲੈ = ਚੁਫੇਰੇ {ਨੋਟ: ਲਫ਼ਜ਼ ਦੋੁਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}। ਹੇਤੁ = ਹਿਤ, ਪਿਆਰ। ਲੁਣਿਆ = ਕੱਟਿਆ।4। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ। ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ। ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ। ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ, ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ। ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ) । ਹੇ ਨਾਨਕ! ਆਖ– (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ।4।1। ਸਿਰੀਰਾਗੁ ਮਹਲਾ ੧ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥ ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥ ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥ ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥ {ਪੰਨਾ 75} ਪਦ ਅਰਥ: ਬਾਲਕ ਬੁਧਿ = ਬਾਲਕ ਜਿਤਨੀ ਬੁਧਿ ਰੱਖਣ ਵਾਲਾ ਜੀਵ। ਅਚੇਤੁ = ਬੇ-ਪਰਵਾਹ। ਖੀਰੁ = ਦੁੱਧ। ਸੁਤ ਹੇਤੁ = ਪੁੱਤਰ ਦਾ ਪਿਆਰ। ਘਨੇਰਾ = ਬਹੁਤ। ਸਬਾਈ = ਸਾਰੀ ਸ੍ਰਿਸ਼ਟੀ ਨੂੰ। ਸੰਜੋਗੀ = ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੇਤਿ = ਮੋਹ ਵਿਚ। ਚੇਤਿ = ਚੇਤ ਕੇ, ਸਿਮਰ ਕੇ।1। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ। ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ। ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ) । (ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ। ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ। ਹੇ ਨਾਨਕ! ਆਖ– ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ) , ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ।1। ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥ ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥ {ਪੰਨਾ 75} ਪਦ ਅਰਥ: ਭਰਿ ਜੋਬਨਿ = ਭਰੀ ਜਵਾਨੀ ਵਿਚ। ਮੈ = ਸ਼ਰਾਬ। ਅਹਿ = ਦਿਨ। ਨਿਸਿ = ਰਾਤ। ਕਾਮਿ = ਕਾਮ ਵਿਚ। ਚਿਤਿ = ਚਿੱਤ ਵਿਚ। ਘਟ ਅੰਤਰਿ = ਹਿਰਦੇ ਵਿਚ। ਹੋਰਿ = {ਲਫਜ਼ 'ਹੋਰ' ਤੋਂ ਬਹੁ-ਵਚਨ}। ਜਨਮਿ ਮਰਹੁਗੇ = ਜਨਮ ਕੇ ਮਰਹੁਗੇ, ਜਨਮ ਮਰਨ ਦੇ ਗੇੜ ਵਿਚ ਪੈ ਜਾਉਗੇ। ਭਾਇ = ਪ੍ਰੇਮ ਨਾਲ।2। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮਤਿ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ) । ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ) । ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ। ਹੇ ਝੂਠੇ (ਮੋਹ ਵਿਚ ਫਸੇ ਜੀਵ) ! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤਿ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ। (ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ। (ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ।2। |
Sri Guru Granth Darpan, by Professor Sahib Singh |