ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 76 ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥ ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥ ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥ ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥ {ਪੰਨਾ 76} ਪਦ ਅਰਥ: ਸਰਿ = ਸਰ ਉੱਤੇ, ਸਰੀਰ ਉੱਤੇ। ਉਲਥੜੇ ਆਇ = ਆ ਟਿਕੇ ਹਨ। ਜਰੂਆ = ਬੁਢੇਪਾ। ਜਿਣੈ = ਜਿੱਤ ਰਿਹਾ ਹੈ। ਆਂਵ = ਉਮਰ। ਜਮਿ = ਜਮ ਨੇ। ਵਿਸਰਜੀ = ਦੂਰ ਹੋ ਗਈ।3। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ) । ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ। ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ। ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ। (ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ। ਹੇ ਨਾਨਕ! ਆਖ– ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਸਿਮਰਨ ਕਰ।3। ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥ ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥ ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥ ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥ {ਪੰਨਾ 76} ਪਦ ਅਰਥ: ਬਿਰਧਿ = ਬੁੱਢਾ। ਖੀਣੁ = ਕਮਜ਼ੋਰ, ਲਿੱਸਾ। ਅੰਧੁ = ਹਨੇਰਾ, ਅੰਨ੍ਹਾ-ਪਨ। ਵੈਣ = ਬਚਨ, ਬੋਲ। ਰਸੁ = ਸਆਦ। ਪਰਾਕਉ = {pRwkm} ਬਲ। ਤਾਣ = ਤਾਕਤ। ਅੰਤਰਿ = (ਹਿਰਦੇ) ਵਿਚ। ਖੜੁ = (ਕਣਕ ਆਦਿਕ ਦਾ) ਨਾੜ। ਕੁੜਿ = ਕੁੜਕ ਕੇ।4। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ, ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ। (ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ। ਹੇ ਨਾਨਕ! ਆਖ– ਹੇ-ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ।4। ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥ ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥ ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥ ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥ {ਪੰਨਾ 76} ਪਦ ਅਰਥ: ਓੜਕੁ = ਅਖ਼ਰੀਲਾ ਸਮਾ। ਤਿਨ ਸਾਹਿਆ = ਉਹਨਾਂ ਸੁਆਸਾਂ ਦਾ। ਜਰੁ = ਬੁਢੇਪਾ। ਜਰਵਾਣਾ = ਬਲੀ। ਕੰਨਿ = ਕੰਧੇ ਉੱਤੇ, ਮੋਢੇ ਉੱਤੇ। ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਪਤਿ ਸੇਤੀ = ਇੱਜ਼ਤ ਨਾਲ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਸਾਚੇ ਤੇ = ਸਾਚੇ ਤੋਂ, ਸਦਾ-ਥਿਰ ਪ੍ਰਭੂ (ਦੇ ਦਰ) ਤੋਂ। ਪਤਿ = ਇੱਜ਼ਤ।5। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖ਼ਿਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ) । ਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ। ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ। ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ। ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ। ਹੇ ਨਾਨਕ! ਆਖ– ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ।5।2। ਸਿਰੀਰਾਗੁ ਮਹਲਾ ੪ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥ {ਪੰਨਾ 76} ਪਦ ਅਰਥ: ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮ੍ਰਿਤਾ = ਹਰੀ ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਉਦਰ ਮੰਝਾਰਿ = (ਮਾਂ ਦੇ) ਪੇਟ ਵਿਚ। ਸਮਾਰਿ = ਸਮਾਰੈ, ਸੰਭਲਦਾ ਹੈ। ਅਗਨੀ = ਮਾਂ ਦੇ ਪੇਟ ਦੀ ਅੱਗ। ਜਪਿ = ਜਪ ਕੇ। ਜੀਵਿਆ = ਜੀੳਂੂਦਾ ਰਿਹਾ। ਮੁਖਿ ਲਾਗਾ = (ਮਾਂ ਪਿਉ ਦੇ) ਮੂੰਹ ਲੱਗਾ, ਮਾਂ ਪਿਉ ਨੂੰ ਦਿੱਸਿਆ। ਸਰਸੇ = ਪ੍ਰਸੰਨ {ਸ-ਰਸ}। ਥੀਵਿਆ = ਹੋਏ। ਜਿਸ ਕੀ ਵਸਤੁ = ਜਿਸ (ਪਰਮਾਤਮਾ) ਦੀ ਦਿੱਤੀ ਹੋਈ ਇਹ ਚੀਜ਼ (ਇਹ ਬਾਲਕ) । ਕਰਿ ਬੀਚਾਰਿ = ਵਿਚਾਰ ਕਰ ਕੇ। ਕਿਰਪਾ ਧਾਰਿ = (ਜੇ) ਕਿਰਪਾ ਧਾਰੇ।11। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜਵਿ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ। (ਮਾਂ ਦੇ ਪੇਟ ਵਿਚ ਜੀਵ) , ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ। (ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ। (ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ। ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ। ਹੇ ਨਾਨਕ! ਆਖ– ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।1। ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥ ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥ {ਪੰਨਾ 76} ਪਦ ਅਰਥ: ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਕਰਿ = ਕਰ ਕੇ, ਆਖ ਆਖ ਕੇ। ਪਾਲੀਐ = ਪਾਲਿਆ ਜਾਂਦਾ ਹੈ। ਗਲਿ = ਗਲ ਵਿਚ, ਗਲ ਨਾਲ। ਲੇ = ਲੈ ਕੇ। ਸੇਤੀ = ਨਾਲ। ਮਨਿ = ਮਨ ਵਿਚ। ਖਟਿ = ਖੱਟ ਕੇ, ਕਮਾ ਕੇ। ਮੂੜਾ = ਮੂਰਖ ਜੀਵ। ਦਿਤੇ ਨੋ ਲਪਟਾਏ = ਪਰਮਾਤਮਾ ਦੀ ਦਿੱਤੀ ਹੋਈ ਦਾਤਿ ਨੂੰ ਚੰਬੜਦਾ ਹੈ, ਪ੍ਰਭੂ ਦੀ ਦਿੱਤੀ ਦਾਤਿ ਨਾਲ ਮੋਹ ਕਰਦਾ ਹੈ। ਲਿਵ ਲਾਇ = ਸੁਰਤਿ ਜੋੜ ਕੇ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ।2। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ। ਹੇ ਵਣਜਾਰੇ ਮਿਤ੍ਰ। (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ। ਮਾਂ ਫੜ ਕੇ ਗਲ ਨਾਲ ਲਾਂਦਾ ਹੈ, ਪਿਉ ਲੈ ਕੇ ਗਲ ਨਾਲ ਲਾਂਦਾ ਹੈ। ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ। ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ। ਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ। ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤਿ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ। ਹੇ ਨਾਨਕ! ਆਖ– (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ।2। ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥ ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥ ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥ ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥ {ਪੰਨਾ 76-77} ਪਦ ਅਰਥ: ਆਲਿ = {AwlX} ਘਰ ਵਿਚ, ਘਰ (ਦੇ ਮੋਹ) ਵਿਚ। ਜੰਜਾਲਿ = ਜੰਜਾਲ ਵਿਚ, ਦੁਨੀਆ ਦੇ ਝੰਬੇਲੇ ਵਿਚ। ਚਿਤਵੈ = ਚਿਤਾਰਦਾ ਹੈ। ਸੰਚਵੈ = ਇਕੱਠਾ ਕਰਦਾ ਹੈ, ਜੋੜਦਾ ਹੈ। ਨ ਸਮਾਲਿ = ਨ ਸਮਾਲੇ, ਨਹੀਂ ਯਾਦ ਕਰਦਾ। ਜਿ = ਜੇਹੜਾ। ਅੰਤਿ = ਆਖ਼ਰ ਵਿਚ। ਸਖਾਈ = ਸਹਾਈ, ਮਿੱਤਰ। ਸੰਪੈ = ਧਨ-ਪਦਾਰਥ। ਝੂਠੀ = ਝੂਠੇ ਸੰਬੰਧ ਵਾਲੀ, ਸਾਥ ਨਾਹ ਨਿਬਾਹੁਣ ਵਾਲੀ। ਸਮਾਲਿ = ਸਮਾਲੈ, ਸਮ੍ਹਾਲਦਾ ਹੈ। ਸੇ = ਉਹ ਬੰਦੇ।2। ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ। ਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ। (ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ। ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ। ਹੇ ਨਾਨਕ! ਆਖ– ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ।3। |
Sri Guru Granth Darpan, by Professor Sahib Singh |