ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 77

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥ ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥ ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥ {ਪੰਨਾ 77}

ਪਦ ਅਰਥ: ਆਦੀ = ਲਿਆਂਦਾ ਹੈ, ਲੈ ਆਉਂਦਾ ਹੈ (ਆਂਦੀ) । ਕਰਿ ਪੂਰਾ = ਪੂਰਾ ਜਾਣ ਕੇ, ਅਭੁੱਲ ਜਾਣ ਕੇ। ਸੇਵਹੁ = ਸਰਨੀ ਪਵੋ। ਰੈਣਿ = ਰਾਤ, ਉਮਰ। ਚਲੀ ਵਿਹਾਦੀ = ਲੰਘਦੀ ਜਾ ਰਹੀ ਹੈ।

ਖਿਨੁ ਖਿਨੁ = ਹਰੇਕ ਖਿਨ (ਵਿਚ) , ਸੁਆਸ ਸੁਆਸ। ਸੇਵਹੁ = ਸਿਮਰੋ। ਮੂਲਿ = ਬਿਲਕੁਲ ਹੀ। ਜਿਤੁ = ਜਿਸ (ਉੱਦਮ) ਦੀ ਰਾਹੀਂ। ਅਸਥਿਰੁ = ਅਟੱਲ, ਅਟੱਲ ਆਤਮਕ ਜੀਵਨ ਵਾਲੇ। ਰਲੀਆ = ਆਤਮਕ ਆਨੰਦ। ਜਨਮ ਮਰਣ ਦੁਖ = ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਦੁੱਖ। ਭੇਦੁ = ਫ਼ਰਕ। ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ, ਜੁੜ ਕੇ। ਸੁਖਾਂਦੀ = ਪਿਆਰੀ ਲੱਗਦੀ ਹੈ। ਸਫਲਿਉ = {ਨੋਟ: 'ੳ' ਦੇ ਨਾਲ ਦੋ ਮਾਤਰਾ ਹਨ ੁ ਅਤੇ ੋ। ਅਸਲ ਲਫ਼ਜ਼ ਹੈ 'ਸਫਲਿਓ', ਇਥੇ 'ਸਫਿਲਉ' ਪੜ੍ਹਨਾ ਹੈ।4।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ। ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ। (ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ। (ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ।

(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ।

ਹੇ ਨਾਨਕ! ਆਖ– ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ।4।1।3।

ਸਿਰੀਰਾਗੁ ਮਹਲਾ ੫ ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥ {ਪੰਨਾ 77}

ਪਦ ਅਰਥ: ਧਰਿ = ਧਰੇ, ਧਰਦਾ ਹੈ। ਪਾਇਤਾ = ਪੈਂਤੜਾ। ਉਦਰੈ ਮਾਹਿ = ਮਾਂ ਦੇ ਪੇਟ ਵਿਚ। ਮਾਸੀ = ਮਾਸੀਂ, ਮਹੀਨੀਂ, ਮਹੀਨਿਆਂ ਪਿਛੋਂ। ਮਾਨਸੁ = ਮਨੁੱਖ (ਦਾ ਬੱਚਾ) । ਕਰਿ = ਕਰੇ, ਕਰਦਾ ਹੈ। ਦੇਂਦਾ ਹੈ। ਮੁਹਲਤਿ = (ਉਮਰ-ਰੂਪ) ਸਮਾਂ। ਕਮਾਹਿ = ਕਮਾਂਦੇ ਹਨ। ਲਿਖਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ। ਧੁਰਿ = ਧੁਰ ਤੋਂ, ਹਜ਼ੂਰੀ ਤੋਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਿਨ ਭਤਿਰਿ = ਉਹਨਾਂ (ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ) ਵਿਚ। ਸੰਜੋਇਆ = ਰਲਾ ਦਿੱਤਾ, ਪਰਚਾ ਦਿੱਤਾ,। ਸੁਕਰਮ = ਚੰਗੇ ਕੰਮ। ਵਸਿ = ਵੱਸ ਵਿਚ।1।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ। ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ। ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।

ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ। ਹੇ ਨਾਨਕ! ਆਖ– (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ।1।

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥ ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥ {ਪੰਨਾ 77}

ਪਦ ਅਰਥ: ਭਰਿ ਜੁਆਨੀ = ਭਰੀ ਜੁਆਨੀ, ਪੂਰੇ ਜ਼ੋਰ ਤੇ ਪਹੁੰਚੀ ਹੋਈ ਜੁਆਨੀ। ਲਹਰੀ = ਲਹਰਾਂ {ਲਫਜ਼ 'ਲਹਰਿ' ਤੋਂ ਬਹੁ-ਵਚਨ} ਉਛਾਲੇ। ਦੇਇ = ਦੇਂਦੀ ਹੈ। ਮਤਾ = ਮੱਤਾ, ਮਸਤ। ਅਹੰਮੇਇ = ਅਹੰਮੇਵ ਵਿਚ {ਅਹੰਮੇਵ = ਅਹੰ ਏਵ, ਮੈਂ ਹੀ, ਮੈਂ ਹੀ} ਹਉਮੈ ਵਿਚ, ਅਹੰਕਾਰ ਵਿਚ। ਆਗੈ = ਪਰਲੋਕ ਵਿਚ। ਪੰਥੁ = ਰਸਤਾ। ਕਰਾਰਾ = ਕਰੜਾ, ਸਖ਼ਤ, ਔਖਾ। ਸਿਰਿ = ਸਿਰ ਉੱਤੇ। ਠਾਢੇ = ਖਲੋਤੇ ਹੋਏ। ਜੰਦਾਰਾ = ਅਵੈੜੇ, ਅਜੋੜ, ਜ਼ਾਲਮ {ਜੰਦਾਲ}। ਪਕਰਸਿ = ਫੜੇਗਾ। ਬਵਰੇ = ਕਮਲੇ ਜੀਵ ਨੂੰ। ਕਰੇਇ = ਕਰਦਾ ਹੈ, ਕਰੇਗਾ।7।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ। ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ। (ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ। (ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।

(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ? ਹੇ ਨਾਨਕ! ਆਖ– ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ।2।

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥ ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥ ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥ {ਪੰਨਾ 77}

ਪਦ ਅਰਥ: ਬਿਖੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਰ, ਮਾਇਆ। ਸੰਚੈ = ਇਕੱਠਾ ਕਰਦਾ ਹੈ, ਜੋੜਦਾ ਹੈ। ਅੰਧੁ = ਅੰਨ੍ਹਾ ਮਨੁੱਖ। ਅਗਿਆਨੁ = ਗਿਆਨ ਹੀਨ ਮਨੁੱਖ। ਪੁਤ੍ਰਿ = ਪੁੱਤ (ਦੇ ਮੋਹ) ਵਿਚ। ਕਲਤ੍ਰਿ = ਕਲਤ੍ਰ (ਦੇ ਮੋਹ) ਵਿਚ, ਇਸ੍ਰਤੀ (ਦੇ ਮੋਹ) ਵਿਚ {kl>z-ਇਸਤ੍ਰੀ। ਵੇਖੋ 'ਗੁਰਬਾਣੀ ਵਿਆਕਰਣ'}। ਲੋਭਾਨੁ-ਲੋਭਵਾਨ, ਲੋਭੀ। ਚਿਤਿ = ਚਿੱਤ ਵਿਚ। ਸੰਗੁ = ਸਾਥ। ਨਿਮਖ = ਅੱਖ ਝਮਕਣ ਜਿਤਨਾ ਸਮਾ।3।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ। ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ।

ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ। ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ। ਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।

ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤਿ ਨਹੀਂ ਜੋੜਦਾ। ਹੇ ਨਾਨਕ! ਆਖ– (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ।3।

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥ ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥ ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥ ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥ ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥ {ਪੰਨਾ 77-78}

ਪਦ ਅਰਥ: ਸੋਇ = ਉਹ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੇਲੀ = ਮਦਦਗਾਰ। ਅੰਤੇ = ਅਖ਼ੀਰ ਵੇਲੇ। ਸਖਾਈ = ਮਿੱਤਰ, ਸਾਥੀ। ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ। ਸਗਲੀ = ਸਾਰੀ। ਰੈਣਿ = (ਜ਼ਿੰਦਗੀ ਦੀ) ਰਾਤ। ਗੁਦਰੀ = ਗੁਜ਼ਰੀ {ਕਾਦੀ, ਕਾਜ਼ੀ, ਕਾਗਦ, ਕਾਗ਼ਜ਼}। ਅੰਧਿਆਰੀ = ਮਾਇਆ ਦੇ ਮੋਹ ਦੇ ਹਨੇਰੇ ਵਾਲੀ।4।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ) । ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। (ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ। ਹੇ ਨਾਨਕ! ਆਖ– ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ।4।

TOP OF PAGE

Sri Guru Granth Darpan, by Professor Sahib Singh