ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 78

ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥ ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥ ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥ ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥ ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥ ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥ {ਪੰਨਾ 78}

ਪਦ ਅਰਥ: ਉਠਿ = ਉੱਠ ਕੇ। ਕਮਾਣਾ = ਕਮਾਏ ਹੋਏ ਕਰਮਾਂ ਦੇ ਸੰਸਕਾਰ, ਆਤਮਕ ਜੀਵਨ ਦੀ ਚੰਗੀ ਮੰਦੀ ਕਮਾਈ। ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਹੇਲੇ = ਦੁਖੀ। ਸੁਹੇਲੇ = ਸੌਖੇ। ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ। ਸੋਹਹਿ = ਸੋਭਦੇ ਹਨ। ਦਰਵਾਰੇ = ਪ੍ਰਭੂ ਦੇ ਦਰਬਾਰ ਵਿਚ। ਭਵਾਤਿ = ਜਨਮ ਮਰਨ ਵਿਚ ਪਾਏ ਜਾਂਦੇ ਹਨ।5।

ਅਰਥ: ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ। ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।

ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ। ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।

(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ। ਹੇ ਨਾਨਕ! ਆਖ– ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ , ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।5।1।4।

ਸਿਰੀਰਾਗੁ ਮਹਲਾ ੪ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥ ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥ ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥ ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥ ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥ ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥ {ਪੰਨਾ 78}

ਪਦ ਅਰਥ: ਮੁੰਧ = {muÀDw} ਜੁਆਨ ਇਸਤ੍ਰੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਕਿਉਕਰਿ = ਕਿਵੇਂ? ਪਿਖੈ = ਪੇਖੈ, ਵੇਖੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਹੁਰੜੈ ਕੰਮ = ਸਹੁਰੇ ਘਰ ਦੇ ਕੰਮ, ਉਹ ਕੰਮ ਜਿਨ੍ਹਾਂ ਦੇ ਕਰਨ ਨਾਲ ਪਤੀ ਨੂੰ ਮਿਲ ਸਕੇ। ਸਹੀਆ = ਸਹੀਆਂ, ਸਹੇਲੀਆਂ, ਸਤ-ਸੰਗੀ। ਸੁਹੇਲੀ = ਸੌਖੀ। ਬਾਹ ਲੁਡਾਏ = ਬਾਂਹ ਹੁਲਾਰਦੀ ਹੈ, ਬੇ-ਫ਼ਿਕਰ ਹੋ ਕੇ ਵਿਚਰਦੀ ਹੈ। ਜਪਿ = ਜਪ ਕੇ। ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ। ਦਿਖੈ = ਦੇਖੈ, ਵੇਖਦੀ ਹੈ।1।

ਅਰਥ: ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ) । ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ। ਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ, ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ। ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ। ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ।1।

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥ ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥ ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥ {ਪੰਨਾ 78}

ਪਦ ਅਰਥ: ਮੇਰੇ ਬਾਬੁਲਾ, ਮੇਰੇ ਬਾਬੋਲਾ = ਹੇ ਮੇਰੇ ਪਿਤਾ! ਵੀਆਹੁ = ਪਤੀ-ਪ੍ਰਭੂ ਨਾਲ ਮਿਲਾਪ। ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ। ਅਗਿਆਨੁ = ਬੇ-ਸਮਝੀ। ਗੁਰ ਗਿਆਨੁ = ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ। ਪ੍ਰਚੰਡੁ = ਤੇਜ਼। ਬਲਾਇਆ = ਬਾਲਿਆ। ਬਿਨਸਿਆ = ਨਾਸ ਹੋ ਗਿਆ। ਲਾਧਾ = ਲੱਭ ਪਿਆ ਹੈ। ਆਪੁ = ਆਪਾ-ਭਾਵ। ਆਪੈ = ਆਪੇ ਤੋਂ, ਆਪੇ ਦੇ ਗਿਆਨ ਤੋਂ। ਗੁਰਮਤਿ = ਗੁਰੂ ਦੀ ਮਤਿ ਲੈ ਕੇ। ਵਰੁ = ਖਸਮ। ਜਾਇਆ = ਜੰਮਦਾ।2।

ਅਰਥ: ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ। ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ। ਗੁਰੂ ਦੀ ਮਤਿ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।

(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ। ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ।2।

ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥ ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥ ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥ ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥ ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥ ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥ {ਪੰਨਾ 78}

ਪਦ ਅਰਥ: ਸਤਿ ਸਤੇ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ। ਹਰਿ ਜਨ = ਪਰਮਾਤਮਾ ਦੇ ਸੇਵਕ, ਸਤਸੰਗੀ। ਮਿਲਿ = ਮਿਲ ਕੇ, ਇਕੱਠੇ ਹੋ ਕੇ। ਸੁਹੰਦੀ = ਸੋਹਣੀ ਲੱਗਦੀ ਹੈ। ਜਪਿ = ਜਪ ਕੇ। ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ। ਸੋਹੰਦੀ, ਸੁਹੰਦੀ = ਸੋਭਦੀ ਹੈ। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਮਾਲਿਆ = ਸੰਭਾਲਿਆ ਹੈ, (ਹਿਰਦੇ ਵਿਚ) ਸਾਂਭਿਆ ਹੈ। ਸਭੁ = ਸਾਰਾ। ਸਫਲਿਓ = ਕਾਮਯਾਬ। ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ। ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ। ਕਾਰਜੁ = ਵਿਆਹ ਦਾ ਕੰਮ, ਪ੍ਰਭੂ-ਪਤੀ ਨਾਲ ਮਿਲਾਪ ਦਾ ਉੱਦਮ। ਸੋਹਿਆ = ਸੋਹਣਾ ਹੋ ਗਿਆ ਹੈ, ਚੰਗੀ ਤਰ੍ਹਾਂ ਸਿਰੇ ਚੜ੍ਹਿਆ ਹੈ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਨੰਦੀ = ਆਨੰਦ ਦਾ ਸੋਮਾ। ਸੋਹੰਦੀ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਸੋਹੰਦੀ'। ਇਥੇ 'ਸੁਹੰਦੀ' ਪੜ੍ਹਨਾ ਹੈ) ।3।

ਅਰਥ: ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ। (ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ। (ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।

ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।

ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ। ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।3।

TOP OF PAGE

Sri Guru Granth Darpan, by Professor Sahib Singh