ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 79

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥ {ਪੰਨਾ 79}

ਪਦ ਅਰਥ: ਹਰਿ ਪ੍ਰਭ ਦਾਨੁ = ਹਰਿ ਪ੍ਰਭੂ (ਦੇ ਨਾਮ) ਦਾ ਦਾਨ। ਮੈ = ਮੈਨੂੰ। ਦਾਜੋ = ਦਾਜੁ। ਕਪੜੋ ਸੋਭਾ = (ਦਾਜ ਵਿਚ ਦਿੱਤਾ ਹੋਇਆ ਕੀਮਤੀ) ਕੱਪੜਾ ਤੇ ਧਨ। ਜਿਤੁ = ਜਿਸ (ਦਾਜ) ਦੀ ਰਾਹੀਂ। ਸਵਰੈ = ਸੰਵਰ ਜਾਏ, ਸੋਹਣਾ ਲੱਗਣ ਲੱਗ ਪਏ। ਕਾਜੋ = ਕਾਜੁ, ਵਿਆਹ ਦਾ ਕੰਮ। ਸੁਹੇਲਾ = ਸੁਖਦਾਈ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਖੰਡਿ = ਖੰਡ ਵਿਚ; ਦੇਸ ਵਿਚ, ਧਰਤੀ ਉੱਤੇ। ਵਰਭੰਡਿ = ਬ੍ਰਹਮੰਡ ਵਿਚ, ਸੰਸਾਰ ਵਿਚ। ਹਰਿ ਸੋਭਾ = ਹਰਿ-ਨਾਮ ਦੇ ਦਾਜ ਨਾਲ ਸੋਭਾ। ਨ ਰਲੈ ਰਲਾਇਆ = ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਹੋਰਿ = ਹੋਰ ਬੰਦੇ {ਨੋਟ: 'ਹੋਰਿ' ਬਹੁ-ਵਚਨ ਹੈ}। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਜਿ = ਜਿਹੜਾ। ਰਖਿ = ਰੱਖ ਕੇ। ਕੂੜੁ = ਝੂਠਾ। ਕਚੁ = (ਕੱਚ ਵਰਗਾ) ਖੋਟਾ। ਪਾਜੋ = ਪਾਜੁ, ਵਿਖਾਵਾ।4।

ਅਰਥ: ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ।

ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ, ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ।

ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।4।

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥ ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥ ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥ ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥ ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥੫॥੧॥ {ਪੰਨਾ 79}

ਪਦ ਅਰਥ: ਹਰਿ ਰਾਮ ਰਾਮ ਪਿਰ ਮਿਲਿ = ਹਰਿ ਮਿਲਿ, ਰਾਮ ਮਿਲਿ, ਪਿਰਮਿਲ, ਪਰਮਾਤਮਾ-ਪਤੀ ਨੂੰ ਮਿਲ ਕੇ। ਧਨ = ਜੀਵ-ਇਸਤ੍ਰੀ। ਧਨ ਵੇਲ = ਜੀਵ-ਇਸਤ੍ਰੀ ਦੀ ਪੀੜ੍ਹੀ, ਪ੍ਰਭੂ-ਪਤੀ ਨੂੰ ਮਿਲੀ ਹੋਈ ਜੀਵ-ਇਸਤ੍ਰੀ ਦੀ ਪੀੜ੍ਹੀ। ਜੁਗਹ ਜੁਗੋ = ਹਰੇਕ ਜੁਗ ਵਿਚ। ਜੁਗ ਜੁਗਹ ਜੁਗੋ = ਹਰੇਕ ਜੁਗ ਵਿਚ, ਸਦਾ ਹੀ। ਸਦ = ਸਦਾ। ਪੀੜੀ ਗੁਰੂ = ਗੁਰੂ ਦੀ ਪੀੜ੍ਹੀ। ਚਲੰਦੀ = ਚੱਲ ਪੈਂਦੀ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ। ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਾਵੈ = ਨਾਸ ਹੁੰਦਾ। ਚੜੈ ਸਵਾਇਆ = ਹੋਰ ਹੋਰ ਵਧਦਾ ਹੈ। ਸੰਤ ਹਰਿ = ਸੰਤਾਂ ਦਾ ਹਰੀ। ਜਪਿ = ਜਪ ਕੇ। ਸੋਹੰਦੀ = (ਪੀੜ੍ਹੀ) ਸੋਭਦੀ ਹੈ।5।

ਅਰਥ: ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ। ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ। ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ) । ਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੁੰਦਾ, ਜੋ ਕਦੇ ਭੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤਿ ਸਦਾ ਵਧਦੀ ਰਹਿੰਦੀ ਹੈ।

ਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।

ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤਿ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ।5।1।

ਸਿਰੀਰਾਗੁ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥ ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥ ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥ ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥ ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥ ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥ {ਪੰਨਾ 79}

ਪਦ ਅਰਥ: ਮਨ = ਹੇ ਮਨ! ਸਮਾਲੇ = ਸਮਾਲਿ, ਸਾਂਭ, (ਆਪਣੇ ਅੰਦਰ) ਸੰਭਾਲ ਰੱਖ। ਨਿਬਹੈ– ਤੋੜ ਸਾਥ ਨਿਬਾਹੇਗਾ। ਨਾਲੇ = ਨਾਲਿ । ਧਿਆਈ = (ਹੇ ਮਨ!) ਤੂੰ ਸਿਮਰ, ਤੂੰ ਧਿਆਨ ਕਰ। ਬਿਰਥਾ = ਖਾਲੀ {vãQw}। ਮਨ ਚਿੰਦੇ ਫਲ = ਮਨ-ਇਛੱਤ ਫਲ। ਲਾਏ = ਲਾਇ। ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ। ਸਿਖ = ਸਿੱਖਿਆ। ਦੇਇ = ਦੇਂਦਾ ਹੈ। ਜਾਲੇ = ਜਾਲਿ, ਸਾੜ ਦੇਹ।1।

ਅਰਥ: ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ। ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ। (ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ। (ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।

(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ। ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ– ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ।1।

ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥ ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥ ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥ ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥ ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥ ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥ {ਪੰਨਾ 79}

ਪਦ ਅਰਥ: ਝੂਠੁ = ਤੋੜ ਸਾਥ ਨਾਹ ਨਿਬਾਹੁਣ ਵਾਲਾ। ਪਸਾਰੇ = ਪਸਾਰਾ। ਬਿਖੁ = ਜ਼ਹਰ। ਸਾਗਰੁ = ਸਮੁੰਦਰ। ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ। ਆਦਿ = ਸ਼ੁਰੂ ਤੋਂ ਹੀ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਸੇਵਕ ਸੁਆਮੀ = ਸੇਵਕਾਂ ਦਾ ਮਾਲਕ। ਅਧਾਰੇ = ਆਧਾਰਾ, ਆਸਰਾ। ਝੂਠ ਪਸਾਰੇ = ਸਾਥ ਨਾਹ ਨਿਭਣ ਵਾਲੇ ਪਸਾਰੇ।2।

ਅਰਥ: ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ) , ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ। ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ। (ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ। (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।

ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ। ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ– ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ।2।

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥ ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥ ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥ ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥ ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥ {ਪੰਨਾ 79}

ਪਦ ਅਰਥ: ਲਦੇ = ਲੱਦੇਂ, ਲੱਦ। ਖੇਪ = ਸੌਦਾ। ਸਵਲੀ = ਸਫਲੀ, ਨਫਾ ਦੇਣ ਵਾਲੀ। ਨਿਹਚਲੁ = ਅਟੱਲ, ਕਦੇ ਨਾਹ ਹਿਲਣ ਵਾਲਾ। ਮਲੀ = ਮੱਲੀਂ, ਮੱਲ। ਸੇਵੇ = ਸੇਂਵਦਾ ਹੈ। ਸੰਭਾਲਦਾ ਹੈ। ਅਲਖ = ਅਦ੍ਰਿਸਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਤਹ = ਉਥੇ, ਉਸ ਨਿਹਚਲ ਆਸਣ ਤੇ (ਪਹੁੰਚ ਕੇ) । ਸੰਸਾ = ਸਹਮ। ਚਿਤ੍ਰ ਗੁਪਤ-ਧਰਮਰਾਜ ਦੇ ਦੋਵੇਂ ਮੁਨਸ਼ੀ ਮੰਨੇ ਗਏ ਹਨ ਜੋ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ। {ਨੋਟ: ਲਫ਼ਜ਼ 'ਚਿਤ੍ਰ ਗੁਪਤ' ਦਾ ਭਾਵ ਹੈ 'ਗੁਪਤ ਚਿਤ੍ਰ' ਲੁਕਵੇਂ ਚਿਤ੍ਰ, ਉਹ ਚਿਤ੍ਰ ਜੋ ਮਨੁੱਖ ਦੀ ਨਜ਼ਰੋਂ ਉਹਲੇ ਰਹਿੰਦੇ ਹਨ। ਚਿਤ੍ਰ = ਕੀਤੇ ਕਰਮਾਂ ਦੇ ਸੰਸਕਾਰ। ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਬਣਦੇ ਜਾਂਦੇ ਹਨ। ਸਰੀਰ ਤਿਆਗਣ ਤੇ ਇਹ ਸੰਸਕਾਰ-ਮਈ ਮਨ ਜੀਵਾਤਮਾ ਦੇ ਨਾਲ ਜਾਂਦਾ ਹੈ}। ਕਾਗਦੁ = ਕਾਗ਼ਜ਼, ਲੇਖਾ। ਕਛੂ ਨਾ ਚਲੀ = ਕੋਈ ਪੇਸ਼ ਨਹੀਂ ਜਾਂਦੀ। ਚਲੀ = ਚੱਲੀ। ਨਾਨਕੁ ਦੇਇ = ਨਾਨਕ ਦੇਂਦਾ ਹੈ।3।

ਅਰਥ: ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ। ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ। ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ। ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ। (ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ) , ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।

(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ।3।

ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥ ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥ ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥ ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥ ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥ {ਪੰਨਾ 79-80}

ਪਦ ਅਰਥ: ਸੰਤਾ ਸੰਗਿ = ਸੰਤਾਂ ਦੀ ਸੰਗਤਿ ਵਿਚ। ਨਿਵਾਸੋ = ਨਿਵਾਸੁ (ਕਰ) । ਜਪਤ = ਜਪਿਆਂ। ਪਰਗਾਸੋ = ਪਰਗਾਸੁ, ਆਤਮਕ ਚਾਨਣ। ਸਿਮਰਿ = ਸਿਮਰ ਕੇ। ਸੁਖਹਗਾਮੀ = {gwimn` = ਅਪੜਾਣ ਵਾਲਾ} ਸੁਖ ਦੇਣ ਵਾਲਾ। ਸਗਲੀ = ਸਾਰੀਆਂ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ। ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ। ਸ੍ਰੀ ਰੰਗ = {œI (ਸ਼੍ਰੀ) = ਲੱਛਮੀ} ਲਛਮੀ ਦਾ ਪਤੀ, ਪਰਮਾਤਮਾ। ਸਰਬਤਿ = {svL>} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।4।

ਅਰਥ: ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ। ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ। ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ। (ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।

ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ।4।

TOP OF PAGE

Sri Guru Granth Darpan, by Professor Sahib Singh