ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 80

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥ ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥ ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥ ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥ {ਪੰਨਾ 80}

ਪਦ ਅਰਥ: ਲੀਨਾ = ਮਸਤ। ਜਲ ਮਿਲਿ = ਜਲ ਨੂੰ ਮਿਲ ਕੇ। ਮੀਨਾ = ਮੱਛੀ। ਪੀ = ਪੀ ਕੇ। ਆਘਾਨੇ = ਰੱਜ ਜਾਂਦਾ ਹੈ, ਆਘਾਨਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੇ = ਬਾਣੀ। ਸ੍ਰਬ = ਸਰਬ, ਸਾਰੇ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤਿ-ਸਾਲਾਹ। ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ। ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {svLÔvsvL = ਸਾਰਾ, Ôv = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ। ਸਿਖ = ਸਿੱਖਿਆ। ਸੰਤ = ਸੰਤਾਂ ਨੇ।5।

ਅਰਥ: ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ, ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।

ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ, ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।5।1।2।

ਸਿਰੀਰਾਗ ਕੇ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਡਖਣਾ ॥ ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥ ਛੰਤੁ ॥ ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥ ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥ ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥ {ਪੰਨਾ 80}

ਪਦ ਅਰਥ: ਡਖਣਾ = ਦੱਖਣਾ, ਮੁਲਤਾਨ ਦੇ ਇਲਾਕੇ ਦੀ ਬੋਲੀ ਵਿਚ ਉਚਾਰਿਆ ਹੋਇਆ ਸਲੋਕ ਜਾਂ ਦੋਹਰਾ। ਇਸ ਵਿਚ ਅੱਖਰ 'ਦ' ਦੇ ਥਾਂ ਅੱਖਰ 'ਡ' ਪਰਧਾਨ ਹੈ।

ਹਠ ਮਝਾਹੂ = ਹਿਰਦੇ ਵਿਚ। ਮਾਂ ਪਿਰੀ = ਮੇਰੇ ਪ੍ਰਭੂ-ਪਤੀ। ਪਸੇ = ਪੱਸੇ, ਦਿੱਸੇ। ਕਿਉਂ = ਕਿਵੇਂ? ਨਾਨਕ = ਹੇ ਨਾਨਕ! ਪ੍ਰਾਣ ਅਧਾਰ = ਜ਼ਿੰਦਗੀ ਦਾ ਆਸਰਾ ਪ੍ਰਭੂ।1।

ਛੰਤੁ = {ਨੋਟ: ਸਿਰਲੇਖ ਦਾ ਲਫ਼ਜ਼ 'ਛੰਤ' ਬਹੁ-ਵਚਨ ਹੈ। ਇਹ ਲਫ਼ਜ਼ 'ਛੰਤੁ' ਇਕ-ਵਚਨ ਹੈ}। ਸਿਉ = ਨਾਲ। ਰੀਤਿ = ਮਰਯਾਦਾ। ਸੰਤਨ ਮਨਿ = ਸੰਤਾਂ ਦੇ ਮਨ ਵਿਚ। ਆਵਏ = ਆਵੈ, ਆਉਂਦੀ ਹੈ, ਵੱਸਦੀ ਹੈ। ਦੁਤੀਆ ਭਾਉ = (ਪਰਮਾਤਮਾ ਦੇ ਪਿਆਰ ਤੋਂ ਬਿਨਾ ਕੋਈ ਹੋਰ) ਦੂਜਾ ਪਿਆਰ। ਬਿਪਰੀਤਿ = ਉਲਟੀ ਰੀਤਿ। ਅਨੀਤਿ = {ਅ-ਨੀਤਿ} ਨੀਤੀ ਦੇ ਉਲਟ। ਭਾਵਏ = ਭਾਵੈ, ਪਸੰਦ ਆਉਂਦੀ। ਦਰਸਾਵਏ = ਦਰਸਨ। ਬਿਹੂਨਾ = ਬਿਨਾ। ਹੀਨਾ = ਕਮਜ਼ੋਰ, ਲਿੱਸਾ। ਗਾਵਏ = ਗਾਵੈ, ਗਾ ਸਕੇ। ਅਨੁਗ੍ਰਹੁ = ਕਿਰਪਾ। ਮਨਿ = ਮਨ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਅੰਕਿ = (ਤੇਰੀ) ਗੋਦ ਵਿਚ। ਸਮਾਵਏ = ਸਮਾਵੈ, ਲੀਨ ਰਹਿ ਸਕੇ।1।

ਅਰਥ: ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ? ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ।1।

ਛੰਤੁ: ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ। ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ। ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।

ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ। ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ।1।

ਡਖਣਾ ॥ ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥ ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥ ਛੰਤੁ ॥ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥ ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥ {ਪੰਨਾ 80}

ਪਦ ਅਰਥ: ਹਭ ਠਾਇ = ਹਰੇਕ ਥਾਂ ਵਿਚ। ਡੂਜੜੋ = ਦੂਜਾ, ਪਰਮਾਤਮਾ ਤੋਂ ਵੱਖਰਾ ਕੋਈ ਹੋਰ। ਕਪਾਟ = ਕਵਾੜ, ਭਿੱਤ। ਸਤਿਗੁਰ ਭੇਟਤੇ = ਸਤਿਗੁਰੂ ਨੂੰ ਮਿਲਿਆਂ।1।

ਛੰਤੁ: ਅਨੂਪ = ਹੇ ਅਨੂਪ ਪ੍ਰਭੂ! {ਅਨੂਪ = ਅਨ-ਊਪ, ਜਿਸ ਵਰਗਾ ਕੋਈ ਹੋਰ ਨਹੀਂ} ਹੇ ਸੁੰਦਰ ਪ੍ਰਭੂ! ਅਪਾਰ = ਹੇ ਬੇਅੰਤ ਪ੍ਰਭੂ! ਸੰਤਨ ਆਧਾਰ = ਹੇ ਸੰਤਾਂ ਦੇ ਆਸਰੇ ਪ੍ਰਭੂ! ਬੀਚਾਰੀਐ = (ਸੰਤਾਂ ਨੇ) ਵਿਚਾਰੀ ਹੈ। ਸਾਸ ਗਿਰਾਸ = ਸਾਹ ਲੈਂਦਿਆਂ ਗਿਰਾਹੀਆਂ ਖਾਂਦਿਆਂ, ਸੁਆਸ ਸੁਆਸ। ਬਿਸੁਆਸੁ = ਸਰਧਾ, ਨਿਸ਼ਚਾ। ਮਨਹੁ = ਮਨ ਤੋਂ। ਬੇਸਾਰੀਐ = ਬਿਸਾਰੀਐ। ਨਿਮਖ = ਅੱਖ ਝਮਕਣ ਜਿਤਨਾ ਸਮਾ {inmy = }। ਟਾਰੀਐ = ਟਾਲਿਆ ਜਾ ਸਕਦਾ, ਹਟਾਇਆ ਜਾ ਸਕਦਾ। ਗੁਣਵੰਤ = ਹੇ ਗੁਣਾਂ ਦੇ ਮਾਲਕ-ਪ੍ਰਭੂ! ਪ੍ਰਾਨ ਹਮਾਰੇ = ਹੇ ਸਾਡੀ ਜਿੰਦ-ਜਾਨ-ਪ੍ਰਭੂ! ਬਾਂਛਤ = ਇੱਛਿਤ। ਜੀਅ ਕੀ = (ਹਰੇਕ ਦੀ) ਜਿੰਦ ਦੀ। ਬਿਰਥਾ = {ÒXQw} ਪੀੜਾ। ਸਾਰੇ = ਸੰਭਾਲਦਾ ਹੈ, ਸਾਰ ਲੈਂਦਾ ਹੈ। ਜਪਿ = ਜਪ ਕੇ। ਜੂਐ = ਜੂਏ ਵਿਚ। ਪਹਿ = ਪਾਸ, ਕੋਲ। ਭਵਜਲੁ = ਸੰਸਾਰ-ਸਮੁੰਦਰ। ਤਾਰੀਐ = ਪਾਰ ਲੰਘਾ।2।

ਅਰਥ: ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ (ਤੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।1।

ਛੰਤੁ = ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤਿ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ) ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ। (ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।

ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ– ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ।2।

ਡਖਣਾ ॥ ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥ ਛੰਤੁ ॥ ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥ ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥ ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥ ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥ {ਪੰਨਾ 80-81}

ਪਦ ਅਰਥ: ਮਜਨੁ = ਮੱਜਨੁ, ਇਸ਼ਨਾਨ। ਖੇ = ਦੀ। ਸਾਧ ਖੇ ਧੂੜੀ = ਗੁਰਮੁਖਾਂ ਦੀ (ਚਰਨ-) ਧੂੜ ਵਿਚ। ਸਾਈ = ਸਾਂਈ, ਪ੍ਰਭੂ-ਮਾਲਕ। ਥੀਏ = ਹੋਵੇ। ਹਭੇ = ਸਾਰੇ। ਥੋਕੜੇ = ਸੋਹਣੇ ਥੋਕ, ਸੋਹਣੇ ਪਦਾਰਥ।1।

ਛੰਤੁ = ਧਾਮ = ਘਰ {Dwmn}। ਸੁਆਮੀ ਧਾਮ = ਪ੍ਰਭੂ-ਪਤੀ ਦੇ ਚਰਨ। ਬਿਸ੍ਰਾਮ = ਆਸਰਾ। ਭਗਤਹ = ਭਗਤਾਂ ਵਾਸਤੇ। ਆਸਾ ਲਗਿ = ਆਸ ਧਾਰ ਕੇ। ਜੀਵਤੇ = ਆਤਮਕ ਜੀਵਨ ਬਣਾਂਦੇ ਹਨ, ਜੀਵਨ ਉੱਚਾ ਕਰਦੇ ਹਨ। ਮਨਿ ਤਨੇ = ਮਨਿ ਤਨਿ, ਮਨ ਦੀ ਰਾਹੀਂ ਤੇ ਤਨ ਦੀ ਰਾਹੀਂ। ਗਲਤਾਨ = ਮਸਤ। ਥਿਰੁ = ਟਿਕੇ ਹੋਏ, ਅਡੋਲ। ਥੀਵਤੇ = ਹੁੰਦੇ ਹਨ। ਬਿਖੈ ਬਨੁ = ਵਿਸ਼ਿਆਂ ਦਾ ਪਾਣੀ। ਬਨੁ = ਪਾਣੀ {vnz kwnny jly}। ਫੀਕਾ = ਬੇ-ਸੁਆਦਾ। ਨਿਧਿ = ਖ਼ਜ਼ਾਨਾ। ਨਿਧਿ ਮਾਨਿਆ = ਨਾਮ-ਖਜ਼ਾਨੇ ਵਿਚ (ਉਹਨਾਂ ਦਾ) ਮਨ ਪਤੀਜ ਜਾਂਦਾ ਹੈ। ਸਰਬਸੋ = ਸਰਬਸੁ {svLÔv} ਸਾਰਾ ਧਨ। ਘਨ = ਬਹੁਤ। ਮਨ ਅੰਤਰਿ = ਮਨ ਵਿਚ। ਸੀਵਤੇ = ਪ੍ਰੋ ਲੈਂਦੇ ਹਨ। ਪ੍ਰਾਨ ਆਧਾਰਾ = ਜਿੰਦ ਦਾ ਆਸਰਾ।3।

ਅਰਥ: ਹੇ ਨਾਨਕ! (ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ) । ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ।1।

ਛੰਤੁ = ਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ। ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ) ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ। ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ। ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ। ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ। ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ।3।

TOP OF PAGE

Sri Guru Granth Darpan, by Professor Sahib Singh