ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 81

ਡਖਣਾ ॥ ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥ ਛੰਤੁ ॥ ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥ ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥ ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਯ੍ਯਣ ਕਰਿ ਵਸਿ ਭਏ ॥ ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥ ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥ {ਪੰਨਾ 81}

ਪਦ ਅਰਥ: ਜੋ = ਜਿਨ੍ਹਾਂ ਮਨੁੱਖਾਂ ਨੂੰ। ਤਉ = ਤੂੰ। ਕੂੰ = ਨੂੰ। ਮਿਲਿਓਹਿ = ਤੂੰ ਮਿਲ ਪਿਆ ਹੈਂ। ਮੋਹਿਓਹੁ = ਤੂੰ ਮਸਤ ਹੋ ਰਿਹਾ ਹੈਂ। ਜਸੁ = ਸੋਭਾ। ਨਾਨਕ = ਹੇ ਨਾਨਕ!।1।

ਛੰਤ = ਠਗਉਰੀ = ਠਗ-ਮੂਰੀ, ਠਗ-ਬੂਟੀ। ਪਾਇ = ਪਾ ਕੇ। ਰੀਝਾਇ = ਖ਼ੁਸ਼ ਕਰ ਕੇ। ਪਰਸਾਦਿ = ਕਿਰਪਾ ਨਾਲ। ਅਗਾਧਿ = ਅਥਾਹ ਪ੍ਰਭੂ। ਕੰਠੇ ਲਗਿ = ਕੰਠਿ ਲਗਿ, ਗਲ ਨਾਲ ਲੱਗ ਕੇ। ਸਭਿ = ਸਾਰੇ। ਦੋਖ = ਵਿਕਾਰ, ਭੈੜ। ਜੋਹਿਆ = ਜੋਖ ਲਏ ਜਾਂਦੇ ਹਨ। ਭਗਤਿ ਲਖ੍ਹਣ ਕਰਿ = ਭਗਤੀ ਦੇ ਲੱਛਣਾਂ ਕਰ ਕੇ। ਵਸਿ = ਵੱਸ ਵਿਚ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਤੁਠੇ = ਤੁੱਠੇ, ਪ੍ਰਸੰਗ ਹੋਣ ਤੇ। ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤਿ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ। ਕਰੁ = ਹੱਥ। ਗਹਿ = ਫੜ ਕੇ।4।

ਅਰਥ: ਹੇ ਨਾਨਕ! (ਆਖ– ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ, (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ।1।

(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ। ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ। ਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ। ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ। ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ) , ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ। ਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ।4।

ਡਖਣਾ ॥ ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥ ਛੰਤੁ ॥ ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥ ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥ ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥ {ਪੰਨਾ 81}

ਪਦ ਅਰਥ: ਸਾਈ ਨਾਮੁ = ਸਾਈਂ ਨਾਮੁ, ਖਸਮ-ਪ੍ਰਭੂ ਦਾ ਨਾਮ। ਅਮੋਲ = ਮੁੱਲ ਤੋਂ ਪਰੇ, ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਦੇ ਬਰਾਬਰ ਦੀ ਕੀਮਤੀ ਹੋਰ ਕੋਈ ਚੀਜ਼ ਨਾਹ ਹੋਵੇ। ਕੀਮ = ਕੀਮਤ। ਜਾਣਦੋ = ਜਾਣਦਾ। ਮਥਾਹਿ = ਮੱਥੇ ਉੱਤੇ। ਸੇ = ਉਹ ਬੰਦੇ। ਹਰਿ ਰੰਗੁ = ਪ੍ਰਭੂ ਦੇ ਮਿਲਾਪ ਦਾ ਆਨੰਦ।1।

ਛੰਤੁ = ਸਭਿ = ਸਾਰੇ। ਧੰਨ = {DNX} ਭਾਗਾਂ ਵਾਲੇ। ਲਿਖਤੀ = ਜਿਨ੍ਹਾਂ ਨੇ ਲਿਖਿਆ। ਕੁਲੁ = ਖ਼ਾਨਦਾਨ। ਸੰਗੁ = ਮਿਲਾਪ। ਰੰਗ = ਆਨੰਦ। ਤਿਨੀ = ਉਹਨਾਂ ਨੇ। ਬੀਚਾਰਿਆ = ਮਨ ਵਿਚ ਟਿਕਾਇਆ। ਪ੍ਰਭਿ = ਪ੍ਰਭੂ ਨੇ। ਕਰੁ = ਹੱਥ। ਜਸੋ = ਜਸੁ, ਸਿਫ਼ਤਿ-ਸਾਲਾਹ ਦੀ ਦਾਤਿ। ਧਾਵੈ = ਦੌੜਦਾ। ਜੋਨਿ ਨ ਧਾਵੈ = ਜਨਮ ਜਨਮ ਵਿਚ ਨਹੀਂ ਦੌੜਦਾ ਫਿਰਦਾ। ਮਰੀ = ਮਰਦਾ। ਭੇਟਤ = ਮਿਲਿਆਂ। ਸਤਿਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਰੇ = ਸਰਸੇ, ਆਤਮਕ ਜੀਵਨ ਵਾਲੇ। ਅਕਥੁ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸਦਕੈ = ਕੁਰਬਾਨ। ਵਾਰਿਆ = ਕੁਰਬਾਨ।5।

ਅਰਥ: ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ) , ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।1।

ਛੰਤੁ = ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ। ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ। ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤਿ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ।

ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।

ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ।5।1।3।

ਨੋਟ: ਇਸ 'ਛੰਤ' ਦੇ ਪੰਜ ਬੰਦ ਹਨ। ਆਪਣੀ ਕਿਸਮ ਦਾ ਇਹ ਇੱਕ ਹੀ ਛੰਤ ਹੈ ਸਾਰੇ ਛੰਤਾਂ ਦਾ ਜੋੜ 3 ਹੈ।

ਮ: 3 = 1
ਮ: 5 = 2
ਜੋੜ . . . 3

ਸਿਰੀਰਾਗੁ ਮਹਲਾ ੪ ਵਣਜਾਰਾ ੴ ਸਤਿ ਨਾਮੁ ਗੁਰ ਪ੍ਰਸਾਦਿ ॥ ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥ ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥ ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥ ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥ ਮੈ ਹਰਿ ਬਿਨੁ ਅਵਰੁ ਨ ਕੋਇ ॥ ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥ {ਪੰਨਾ 81}

ਪਦ ਅਰਥ: ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {sãjy = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ। ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ) । ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਮੋਹਿ = ਮੋਹ ਵਿਚ। ਦੁਖੁ ਰੋਇ = ਦੁੱਖ ਰੋ ਕੇ, ਕੀਰਨੇ ਕਰ ਕਰ ਕੇ। ਅੰਤਿ = ਅੰਤ ਵਿਚ (ਜਦੋਂ ਹੋਰ ਸਾਰੇ ਸਾਥ ਛੁੱਟ ਜਾਂਦੇ ਹਨ) , ਆਖ਼ਰ ਨੂੰ, ਜ਼ਰੂਰ। ਸਖਾਈ = ਮਦਦਗਾਰ।1।

ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ!। ਰਹਾਉ।

ਅਰਥ: ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ, ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ। (ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।

ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ। (ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ।1।

(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ। ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ।1। ਰਹਾਉ।

TOP OF PAGE

Sri Guru Granth Darpan, by Professor Sahib Singh