ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 82

ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥ ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥ ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥ ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥ ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥ ਮਨਿ ਹਰਿ ਹਰਿ ਲਗਾ ਚਾਉ ॥ ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥ {ਪੰਨਾ 82}

ਪਦ ਅਰਥ: ਵਿਣੁ = ਬਿਨੁ, ਬਿਨਾ। ਸੰਤ ਜਨਾ ਵਿਣੁ = ਸੰਤ ਜਨਾਂ (ਦੀ ਸੰਗਤਿ ਕਰਨ) ਤੋਂ ਬਿਨਾ। ਭਾਈਆ = ਭਾਈਆਂ, ਭਰਾਵਾਂ। ਕਿਨੈ = ਕਿਸੇ ਨੇ ਭੀ। ਹਰਿ ਨਾਉ = ਹਰੀ ਦਾ ਨਾਮ। ਨਿਨਾਉ = ਨਾਮ ਤੋਂ ਬਿਨਾ, ਪਿਤਾ ਦੇ ਨਾਮ ਤੋਂ ਬਿਨਾ। ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ। ਤਾ = ਤਦ। ਤੁਠਾ = ਤਰੁੱਠਾ, ਪ੍ਰਸੰਨ। ਪਸਾਉ = ਪ੍ਰਸਾਦ, ਮਿਹਰ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ। ਨਾਨਕਿ = ਨਾਨਕ ਨੇ। ਪਛਾਣਿਆ = ਸਾਂਝ ਪਾਈ ਹੈ। ਕੀਰਤਿ = ਸਿਫ਼ਤਿ-ਸਾਲਾਹ। ਕਮਾਉ = ਕਮਾਈ ਕਰ ਕੇ।2।

ਮਨਿ = ਮਨ ਵਿਚ। ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਦ੍ਰਿੜ੍ਹ ਕਰ ਦਿੱਤਾ, ਪੱਕਾ ਕਰ ਦਿੱਤਾ।1। ਰਹਾਉ।

ਅਰਥ: ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ (ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ। ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ। ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ।

ਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ।2।

(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ, ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ।1। ਰਹਾਉ।

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥ ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥ ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥ ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥ ਮਨ ਹਰਿ ਹਰਿ ਪ੍ਰੀਤਿ ਲਗਾਇ ॥ ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥ {ਪੰਨਾ 82}

ਪਦ ਅਰਥ: ਜਬ ਲਗੁ = ਜਦੋਂ ਤਕ। ਜੋਬਨਿ = ਜੁਆਨੀ ਵਿਚ। ਸਾਸੁ = ਸਾਹ। ਚਲਦਿਆ = ਜੀਵਨ-ਸਫ਼ਰ ਵਿਚ ਤੁਰੇ ਜਾਂਦਿਆਂ। ਨਾਲਿ ਚਲਸੀ = (ਜੀਵ ਦੇ) ਨਾਲ ਤੁਰਿਆ ਚੱਲੇਗਾ। ਅੰਤੇ = ਆਖ਼ਰ ਨੂੰ (ਭੀ) । ਹਉ = ਮੈਂ। ਕਉ = ਨੂੰ, ਤੋਂ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਵੁਠਾ = ਵੁੱਠਾ, ਵੱਸ ਪਿਆ। ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ। ਪ੍ਰਭਿ = ਪ੍ਰਭੂ ਨੇ।3।

ਮਨ = ਹੇ ਮਨ! ਲਘਾਇ = ਲੰਘਾ ਲੈਂਦਾ ਹੈ।1। ਰਹਾਉ।

ਅਰਥ: (ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਔਖਾ ਹੋ ਜਾਏਗਾ) । ਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਔਕੜਾਂ ਤੋਂ) ਬਚਾ ਲਏਗਾ।

ਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ।

(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ।3।

ਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ। ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1। ਰਹਾਉ।

ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥ ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥ ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥ ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥ ਮਨਿ ਹਰਿ ਹਰਿ ਜਪਨੁ ਕਰੇ ॥ ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ {ਪੰਨਾ 82}

ਪਦ ਅਰਥ: ਆਪੇ = ਆਪ ਹੀ। ਆਪੁ = ਆਪਣੇ ਆਪ ਨੂੰ। ਦੇਵੈ = (ਜਿੰਦ) ਦੇਂਦਾ ਹੈ। ਲੇਇ = ਲੈ ਲੈਂਦਾ ਹੈ। ਭਰਮਿ = ਭਟਕਣਾ ਵਿਚ। ਭੁਲਾਇਦਾ = ਕੁਰਾਹੇ ਪਾ ਦੇਂਦਾ ਹੈ। ਮਨਿ = ਮਨ ਵਿਚ। ਪਰਗਾਸੁ = ਚਾਨਣ। ਸੇ = ਅਜੇਹੇ ਬੰਦੇ। ਕੇਈ ਕੇਇ = ਕੋਈ ਕੋਈ। ਕਉ = ਤੋਂ, ਨੂੰ। ਗੁਰਮਤੇ = ਗੁਰੂ ਦੀ ਮਤਿ ਲੈ ਕੇ, ਗੁਰਮਤਿ। ਜਿਨਿ = {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ, ਅਰਥ ਹੈ 'ਜਿਸ ਨੇ'। ਲਫ਼ਜ਼ 'ਜਿਨ' ਬਹੁ-ਵਚਨ ਹੈ, ਅਰਥ ਹੈ 'ਜਿਨ੍ਹਾਂ ਨੇ'}। ਨਾਨਕਿ = ਨਾਨਕ ਵਿਚ, ਨਾਨਕ ਦੇ ਅੰਦਰ। ਕਮਲੁ = ਹਿਰਦਾ-ਰੂਪ ਕੌਲ-ਫੁੱਲ। ਪਰਗਾਸਿਆ = ਖਿੜ ਪਿਆ ਹੈ। ਵੁਠੜਾ ਹੇ = ਆ ਵੱਸਿਆ ਹੈ।4।

ਮਨਿ = ਮਨ ਵਿਚ। ਕਰੇ = ਕਰਿ, ਕਰ। ਭਜਿ ਪਉ = ਦੌੜ ਕੇ ਪੈ ਜਾ। ਜਿੰਦੂ = ਹੇ ਜਿੰਦੇ! ਕਿਲਵਿਖ = ਪਾਪ। ਪਰਹਰੇ = ਪਰਹਰਿ, ਦੂਰ ਕਰ ਲੈ।1। ਰਹਾਉ।

ਅਰਥ: ਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ। ਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ। ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ। (ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ।4।

ਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ। ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ।1। ਰਹਾਉ।

ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥ ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥ ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥ ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥ ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥ ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥ ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥ {ਪੰਨਾ 82}

ਪਦ ਅਰਥ: ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਮਨਿ = ਮਨ ਵਿਚ। ਕਿਉ = ਕਿਵੇਂ? ਕਿਤੁ = ਕਿਸ ਦੀ ਰਾਹੀਂ? ਭਤਿ = ਭਾਂਤਿ। ਕਿਤੁ ਭਤਿ = ਕਿਸ ਤਰੀਕੇ ਨਾਲ? ਭੇਟੀਐ = ਲੱਭੀਏ। ਚਿਤਿ = ਚਿੱਤ ਵਿਚ। ਧਰ = ਆਸਰਾ। ਮੈ = ਮੈਨੂੰ। ਅਧਾਰੁ = ਆਸਰਾ। ਨਾਮੈ ਤੇ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਵਿਸਾਹੁ = ਰਾਸਿ-ਪੂੰਜੀ। ਜਤਿ = ਜਾਤਿ, ਉੱਚੀ ਜਾਤਿ। ਨਾਮੇ ਹੀ = ਨਾਮ ਵਿਚ (ਜੁੜਨਾ) ਹੀ। ਪਤਿ = ਇੱਜ਼ਤ। ਰੰਗਿ = ਰੰਗ ਵਿਚ। ਰਤਿ = ਪਿਆਰ।5।

ਸਤਿ = ਸਦਾ ਕਾਇਮ ਰਹਿਣ ਵਾਲਾ। ਜਾਣਿਆ = ਜਾਣਿਆ ਜਾ ਸਕਦਾ ਹੈ, ਸਾਂਝ ਪੈ ਸਕਦੀ ਹੈ। ਪ੍ਰਭ ਤੇ = ਪ੍ਰਭੂ ਤੋਂ। ਉਤਪਤਿ = ਪੈਦਾਇਸ਼।1। ਰਹਾਉ।

ਅਰਥ: ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ। ਉਹ) ਕਿਵੇਂ ਲੱਭੇ? ਕਿਸ ਤਰੀਕੇ ਨਾਮ ਮਿਲੇ? ਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ।

ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ। ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।

ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ।5।

(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ। ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ।1। ਰਹਾਉ।

ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥ ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥ ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥ ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥ ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥ ਹਰਿ ਧਿਆਵਹੁ ਸਾਸਿ ਗਿਰਾਸਿ ॥ ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥ {ਪੰਨਾ 82}

ਪਦ ਅਰਥ: ਜਿਨ ਕਉ = ਜਿਨ੍ਹਾਂ ਨੂੰ। ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) । ਲਿਖਿਆ = ਲਿਖਿਆ ਹੋਇਆ (ਸੰਸਕਾਰਾਂ ਦਾ ਲੇਖ) । ਪਾਸਿ = ਕੋਲ। ਭਾਇ = ਭਾਵ ਵਿਚ (ਰਿਹਾਂ) । ਪ੍ਰਗਾਸਿ = ਪ੍ਰਗਾਸੇ, ਪਰਕਾਸ਼ ਕਰ ਦੇਂਦਾ ਹੈ।

ਧਨੁ ਧਨੁ = {DNX} ਵਡਿਆਉਣ-ਜੋਗ। ਵਾਪਾਰੀਆ = ਵਪਾਰ ਕਰਨ ਵਾਲੇ। ਵਖਰੁ = ਵੱਖਰ, ਸੌਦਾ। ਰਾਸਿ = ਪੂੰਜੀ, ਸਰਮਾਇਆ। ਦਰਿ = (ਪ੍ਰਭੂ ਦੇ) ਦਰ ਤੇ। ਉਜਲੇ = ਰੋਸ਼ਨ। ਤੁਠਾ = ਤੁੱਠਾ, ਪ੍ਰਸੰਨ ਹੋਇਆ। ਗੁਣਤਾਸਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।6।

ਸਾਸਿ = (ਹਰੇਕ) ਸਾਹ ਦੀ ਰਾਹੀਂ। ਗਿਰਾਸਿ = (ਹਰੇਕ) ਗਿਰਾਹੀ ਦੀ ਰਾਹੀਂ। ਮਨਿ = ਮਨ ਵਿਚ। ਰਹਰਾਸਿ = ਜੀਵਨ-ਰਾਹ ਦੀ ਰਾਸਿ-ਪੂੰਜੀ।1। ਰਹਾਉ।

ਅਰਥ: ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ) , ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ। ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ। (ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ।

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ। (ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ।6।

(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ।1। ਰਹਾਉ।

TOP OF PAGE

Sri Guru Granth Darpan, by Professor Sahib Singh