ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 83 ਸਿਰੀ ਰਾਗ ਕੀ ਵਾਰ ਦਾ ਭਾਵ ਪਉੜੀ-ਵਾਰ: (1) ਜੀਵਾਂ ਦਾ ਪੈਦਾ ਕਰਨ ਵਾਲਾ ਪ੍ਰਭੂ ਹੀ ਜੀਵਾਂ ਦਾ ਆਸਰਾ ਹੈ, ਉਹੀ ਹਰੇਕ ਦਾ ਹਰ ਥਾਂ ਰਾਖਾ ਹੈ, ਹਰ ਥਾਂ ਉਸੇ ਦਾ ਹੁਕਮ ਵਰਤ ਰਿਹਾ ਹੈ, ਇਸ ਵਾਸਤੇ ਕਿਸੇ ਹੋਰ ਤੋਂ ਡਰ ਨਹੀਂ ਹੋਣਾ ਚਾਹੀਦਾ। ਪ੍ਰਭੂ ਦੀ ਯਾਦ ਨਾਲ ਹੋਰ ਸਾਰੇ ਡਰ ਦੂਰ ਹੋ ਜਾਂਦੇ ਹਨ। (2) ਪਰਮਾਤਮਾ ਆਪ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਹਰੇਕ ਜੀਵ ਨੂੰ ਕਾਰੇ ਲਾ ਰਿਹਾ ਹੈ, ਤੇ ਇਹ ਤਮਾਸ਼ਾ ਵੇਖ ਕੇ ਖ਼ੁਸ਼ ਹੋ ਰਿਹਾ ਹੈ। (3) ਜੀਵ ਇਥੇ ਵਣਜ ਕਰਨ ਲਈ ਆਇਆ ਹੈ। ਇਹ ਜਗਤ ਇਸ ਦੇ ਵਪਾਰ ਕਰਨ ਲਈ ਹੱਟ ਹੈ। ਗੁਰੂ ਦੀ ਸਰਨ ਪੈ ਕੇ ਇਸ ਨੇ 'ਨਾਮ' ਦਾ ਵਪਾਰ ਕਰਨਾ ਹੈ, 'ਨਾਮ' ਦੇ ਵਪਾਰੀ ਨੂੰ 'ਜਮਕਾਲ' ਦਾ ਡਰ ਨਹੀਂ ਰਹਿੰਦਾ। (4) ਪ੍ਰਭੂ ਹਰ ਥਾਂ ਹਰੇਕ ਜੀਵ ਵਿਚ ਮੌਜੂਦ ਹੈ, ਇਸ ਤਰ੍ਹਾਂ ਸਾਰੇ ਜੀਵ, ਮਾਨੋ, ਉਸੇ ਨੂੰ ਯਾਦ ਕਰ ਰਹੇ ਹਨ। ਪਰ ਬੰਦਗੀ ਦੀ ਕਮਾਈ ਸਫਲ ਉਹਨਾਂ ਦੀ ਹੈ, ਜੋ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸਿਮਰਨ ਕਰਦੇ ਹਨ। (5) ਜੀਵ ਆਪਣੇ ਕਿਸੇ ਕੀਤੇ ਵਿਕਾਰ ਨੂੰ ਪਰਮਾਤਮਾ ਤੋਂ ਲੁਕਾ ਕੇ ਨਹੀ ਰੱਖ ਸਕਦਾ, ਕਿਉਂਕਿ ਅੰਦਰ ਬਾਹਰ ਹਰ ਥਾਂ ਵਿਆਪਕ ਹੋਣ ਕਰਕੇ ਉਹ ਹਰੇਕ ਦਾ ਭੇਤ ਜਾਣਦਾ ਹੈ; ਤਾਹੀਏਂ ਪਾਪ ਕਰਨ ਵਾਲਾ ਸੁਤੇ ਹੀ ਪਾਪ ਦੇ ਕਾਰਨ ਡਰਦਾ ਹੈ। ਪਰ ਸਿਮਰਨ ਕਰਨ ਵਾਲਾ ਮਨੁੱਖ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ। (6) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨਾ, ਪ੍ਰਭੂ ਦਾ ਸਿਮਰਨ ਕਰਨਾ = ਇਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ, ਇਹੀ ਮਨੁੱਖ ਲਈ ਸਭ ਤੋਂ ਵੱਡਾ ਕਰਨ-ਜੋਗ ਕੰਮ ਹੈ। (7) ਇਹ ਜਗਤ, ਮਾਨੋ, ਇਕ ਡੂੰਘਾ ਸਮੁੰਦਰ ਹੈ ਜਿਸ ਵਿਚ ਜੀਵ, ਮਾਨੋ, ਮੱਛੀਆਂ ਹਨ ਜੋ ਮਾਇਕ ਪਦਾਰਥਾਂ ਦੀ ਭਿੱਤੀ ਦੇ ਲਾਲਚ ਵਿਚ ਆ ਕੇ ਜਮਕਾਲ ਦੇ ਜਾਲ ਵਿਚ ਫਸ ਰਹੀਆਂ ਹਨ। ਜੋ 'ਨਾਮ' ਸਿਮਰਦੇ ਹਨ, ਉਹ ਇਸ ਡੂੰਘੇ ਸਮੁੰਦਰ ਵਿਚ ਕਉਲ ਫੁੱਲ ਵਾਂਗ ਅਛੋਹ ਰਹਿੰਦੇ ਹਨ। (8) ਇਹ ਜਾਣਦੇ ਹੋਏ ਭੀ ਕਿ ਰਾਜ਼ਕ ਪਰਮਾਤਮਾ ਹੈ ਜੀਵ ਰੋਜ਼ੀ ਦੀ ਖ਼ਾਤਰ ਵਲ-ਛਲ ਕਰਦੇ ਹਨ, ਤੇ ਤ੍ਰਿਸ਼ਨਾ-ਅਧੀਨ ਹੋ ਕੇ ਖ਼ੁਆਰ ਹੁੰਦੇ ਹਨ। ਪਰ ਜੋ ਜੀਵ ਸਿਮਰਨ ਕਰਦੇ ਹਨ, ਉਹਨਾਂ ਨੂੰ ਸੰਤੋਖ ਦੇ ਮਾਨੋ, ਅਮੁੱਕ ਖ਼ਜ਼ਾਨੇ ਮਿਲ ਜਾਂਦੇ ਹਨ। (9) ਪਰਮਾਤਮਾ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ। ਹੋਰ ਕੋਈ ਰਾਜ਼ਕ ਨਹੀਂ, ਜਿਸ ਅੱਗੇ ਜੀਵ ਅਰਜ਼ੋਈ ਕਰ ਸਕੇ; ਸਾਰੇ ਜੀਵ ਉਸੇ ਦਰ ਦੇ ਸਵਾਲੀ ਹਨ। ਪਰ, ਮੁਬਾਰਿਕ ਉਹ ਹਨ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ। (10) ਜੀਵਨ ਦਾ ਅਸਲ ਮਨੋਰਥ ਹੈ 'ਬੰਦਗੀ'। ਪਰ, ਇਹ ਦਾਤਿ ਸਤਿਗੁਰੂ ਦੀ ਰਾਹੀਂ ਹੀ ਮਿਲ ਸਕਦੀ ਹੈ। (11) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਦਾ ਹੈ, ਉਸ ਨੂੰ ਜਗਤ ਵਿਚ ਹਰ ਥਾਂ ਇੱਜ਼ਤ ਮਿਲਦੀ ਹੈ, ਉਸ ਦੀ ਸੋਭਾ ਸਦਾ ਲਈ ਕਾਇਮ ਹੋ ਜਾਂਦੀ ਹੈ, ਉਸ ਦਾ ਦੀਦਾਰ ਕਰ ਕੇ ਵਿਕਾਰੀ ਬੰਦੇ ਭੀ ਵਿਕਾਰਾਂ ਵਲੋਂ ਹਟ ਜਾਂਦੇ ਹਨ। (12) ਜਿਵੇਂ ਸੂਰਜ ਦੀ ਕਿਰਨ ਰਾਤ ਦੇ ਹਨੇਰੇ ਨੂੰ ਦੂਰ ਕਰਦੀ ਹੈ, ਤਿਵੇਂ ਜੋ ਭਾਗਾਂ ਵਾਲਾ ਮਨੁੱਖ ਗੁਰੂ ਦੀ ਸਿੱਖਿਆ ਦੀ ਰਾਹੀਂ ਪ੍ਰਭੂ ਦੀ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਤੇ ਅੰਦਰੋਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ। (13) ਕੋਈ ਭਾਗਾਂ ਵਾਲਾ ਹੀ ਨਾਮ ਸਿਮਰਦਾ ਹੈ। ਨਾਮ ਦੀ ਬਰਕਤਿ ਨਾਲ ਜੀਵਨ ਸੁਖੀ ਹੋ ਜਾਂਦਾ ਹੈ, ਕਿਉਂਕਿ ਨਾਮ ਸਿਮਰਿਆਂ ਸਾਰੇ ਪਾਪ ਤੇ ਪਾਪਾਂ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। (14) ਪਰਮਾਤਮਾ ਦੀ ਕ੍ਰਿਪਾ ਨਾਲ ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੀ ਨਿੱਤ ਦੀ ਖਿਝ ਮਿਟ ਜਾਂਦੀ ਹੈ, ਕਿਉਂਕਿ ਉਹਨਾਂ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ (ਤੇ ਮਾਇਆ ਦੀ ਤ੍ਰਿਸ਼ਨਾ ਹੀ ਨਿੱਤ ਦੇ ਤੌਖ਼ਲਿਆਂ ਦਾ ਮੂਲ-ਕਾਰਨ ਹੈ) । ਇਸ ਤਰ੍ਹਾਂ ਉਹ ਮਨੁੱਖ ਲੋਕ ਤੇ ਪਰਲੋਕ ਦੋਹੀਂ ਥਾਈਂ ਖਿੜੇ-ਮੱਥੇ ਰਹਿੰਦੇ ਹਨ। (15) ਮਾਇਆ ਨਾਲ ਮੋਹ ਹੋ ਜਾਣ ਕਰਕੇ ਮਾਇਆਧਾਰੀ ਨੂੰ ਮੌਤ ਦਾ ਬੜਾ ਸਹਮ ਹੁੰਦਾ ਹੈ। ਪਰ, ਨਾਮ ਸਿਮਰਨ ਵਾਲਿਆਂ ਦਾ ਇਹ ਸਹਮ ਮੁਕ ਜਾਂਦਾ ਹੈ, ਕਿਉਂਕਿ ਬੰਦਗੀ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ ਹੀ ਮਿਟ ਜਾਂਦੀ ਹੈ, ਜਿਤਨਾ ਚਿਰ ਇਥੇ ਜੀਊਂਦੇ ਹਨ, ਕੋਈ ਨਿੰਦਕ ਬਖ਼ੀਲ ਭੀ ਉਹਨਾਂ ਤੇ ਦਬਾ ਨਹੀਂ ਪਾ ਸਕਦਾ। (16) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ, ਤੇ ਪ੍ਰਭੂ-ਚਰਨਾਂ ਤੋਂ ਵਿੱਛੁੜਨਾ ਜੀਵ ਲਈ ਇਕ ਕਰੜੀ ਸਜ਼ਾ ਹੈ, ਕਿਉਂਕਿ ਇਹ ਵਿਛੋੜਾ ਹੀ ਦੁੱਖਾਂ ਦਾ ਮੂਲ ਹੈ। ਨਾਮ ਜਪਣ ਵਾਲਿਆਂ ਨੂੰ ਪ੍ਰਭੂ ਆਦਰ ਦੇਂਦਾ ਹੈ, ਆਪਣੇ ਨੇੜੇ ਰੱਖਦਾ ਹੈ। (17) ਮਾਇਆ ਦੇ ਮੋਹ ਵਿਚ ਫਸਿਆਂ ਨੂੰ ਤੇ ਵਿਕਾਰਾਂ ਵਿਚ ਵਿਲਕਦਿਆਂ ਨੂੰ ਇਸ ਘੋਰ ਦੁੱਖ ਤੋਂ ਪਰਮਤਾਮਾ ਆਪ ਹੀ ਬਚਾਂਦਾ ਹੈ। ਮਨਮੁਖ ਮੂਰਖ ਅਹੰਕਾਰੀਆਂ ਨੂੰ ਉਹ ਆਪ ਹੀ ਰਾਹੇ ਪਾਂਦਾ ਹੈ। ਇਹ ਦੁੱਖ-ਸੰਤਾਪ ਉਹਨਾਂ ਨੂੰ ਇਸ ਆਤਮਕ ਮੌਤ ਤੋਂ ਬਚਾਣ ਲਈ ਹੀ ਪ੍ਰਭੂ ਭੇਜਦਾ ਹੈ। (18) ਵਿਕਾਰੀਆਂ ਨੂੰ ਦੁੱਖ ਕਲੇਸ਼ ਦੇਣ ਵੇਲੇ ਪਰਮਾਤਮਾ ਕੋਈ ਅਨਿਆਉ ਨਹੀਂ ਕਰਦਾ, ਫਰਜ਼-ਸ਼ਿਨਾਸੀ ਦੇ ਉਲਟ ਨਹੀਂ ਕਰਦਾ ਕਿ ਜੀਵਾਂ ਨੂੰ ਫ਼ਿਕਰ-ਅੰਦੇਸ਼ਾ ਕਰਨਾ ਪਏ। ਵਿਕਾਰਾਂ ਵਿਚ ਫਸਿਆ ਮਨੁੱਖ ਵਿਕਾਰਾਂ ਨਾਲ ਇਤਨਾ ਚੰਬੜਿਆ ਪਿਆ ਹੈ, ਕਿ ਪ੍ਰਭੂ ਵਲੋਂ ਇਸ 'ਮਾਰ' ਦੇ ਕਾਰਨ ਹੀ ਆਖ਼ਰ ਉਹ ਵਿਕਾਰਾਂ ਵਲੋਂ ਹੰਭਦਾ ਹੈ। (19) ਵਿਕਾਰੀਆਂ ਦਾ ਮਨ ਸਦਾ ਭਟਕਦਾ ਰਹਿੰਦਾ ਹੈ; ਉਹ, ਮਾਨੋ, ਘੋਰ ਨਰਕ ਵਿਚ ਪਏ ਰਹਿੰਦੇ ਹਨ। ਬੰਦਗੀ ਕਰਨ ਵਾਲਿਆਂ ਦਾ ਮਨ ਟਿਕਿਆ ਰਹਿੰਦਾ ਹੈ ਤੇ ਖਿੜਿਆ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਹੁੰਦਾ ਹੈ। (20) ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਜੇ ਦੁਨੀਆਵੀ ਲੋੜਾਂ ਦੀ ਖ਼ਾਤਰ ਭੀ ਪਰਮਾਤਮਾ ਦੇ ਦਰ ਤੇ ਅਰਜ਼ੋਈ ਕਰਦੇ ਰਹੀਏ, ਤਾਂ ਇਕ ਤਾਂ ਦੁਨੀਆ ਵਾਲੇ ਕੰਮ ਸਉਰ ਜਾਂਦੇ ਹਨ, ਦੂਜੇ, ਸਤਸੰਗ ਵਿਚ ਅਰਜ਼ੋਈ ਕਰਦਿਆਂ ਕਰਦਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣ ਕੇ 'ਨਾਮ' ਦੀ ਦਾਤਿ ਭੀ ਮਿਲ ਜਾਂਦੀ ਹੈ, ਤੇ ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ। (21) ਜਿਉਂ ਜਿਉਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤਿਉਂ ਤਿਉਂ ਇਸ ਦੀ ਆਤਮਾ ਉਸ ਦੇ ਨੇੜੇ ਨੇੜੇ ਆਉਂਦੀ ਜਾਂਦੀ ਹੈ, 'ਨਾਮ' ਦੀ ਬਖ਼ਸ਼ਸ਼ ਹੁੰਦੀ ਹੈ ਤੇ ਸ਼ਾਬਾਸ਼ੇ ਮਿਲਦੀ ਹੈ। ਸਮੁੱਚਾ ਭਾਵ: (1) ਪਰਮਾਤਮਾ ਹਰੇਕ ਜੀਵ ਦਾ ਰਾਖਾ ਹੈ, ਹਰੇਕ ਜੀਵ ਵਿਚ ਮੌਜੂਦ ਹੈ ਤੇ ਹਰੇਕ ਜੀਵ ਨੂੰ ਆਪ ਹੀ ਕਾਰੇ ਲਾ ਰਿਹਾ ਹੈ। ਫਿਰ ਭੀ, ਜੀਵ ਨੂੰ ਕੋਈ ਨ ਕੋਈ ਡਰ ਤੇ ਸਹਮ ਪਿਆ ਰਹਿੰਦਾ ਹੈ, ਕਿਉਂਕਿ ਜਗਤ-ਰੂਪ ਹੱਟ ਵਿਚ ਆਪਣੇ ਅਸਲ ਕੰਮ ਨਾਮ-ਵਣਜ ਨੂੰ ਛਡ ਬੈਠਦਾ ਹੈ, ਤੇ ਉਸ ਘਟ-ਘਟ-ਵਾਸੀ ਪ੍ਰਭੂ ਨੂੰ ਕਿਤੇ ਦੂਰ ਜਾਣ ਕੇ ਭੁੱਲਾਂ ਕਰ ਬਹਿੰਦਾ ਹੈ। (1 ਤੋਂ 5 ਤੱਕ) (2) ਮਨੁੱਖਾ-ਜੀਵਨ ਦਾ ਅਸਲ ਮਨੋਰਥ ਹੈ 'ਬੰਦਗੀ'। ਜੋ ਜੀਵ ਸਿਮਰਨ ਕਰਦੇ ਹਨ ਉਹ ਇਸ ਸੰਸਾਰ-ਸਮੁੰਦਰ ਵਿਚ ਕਉਲ ਫੁੱਲ ਵਾਂਗ ਅਛੋਹ ਰਹਿੰਦੇ ਹਨ। ਸਿਮਰਨ-ਹੀਨ ਜੀਵ ਮਾਇਕ ਪਦਾਰਥਾਂ ਵਿਚ ਇਉਂ ਫਸਦੇ ਹਨ ਜਿਵੇਂ ਮੱਛੀ ਜਾਲ ਵਿਚ, ਪਰਮਾਤਮਾ ਨੂੰ ਰਾਜ਼ਕ ਜਾਣਦੇ ਹੋਏ ਭੀ ਤ੍ਰਿਸ਼ਨਾ-ਅਧੀਨ ਹੋ ਕੇ ਰੋਜ਼ੀ ਦੀ ਖ਼ਾਤਰ ਵਲ-ਛਲ ਕਰਦੇ ਹਨ ਤੇ ਖ਼ੁਆਰ ਹੁੰਦੇ ਹਨ। ਚਾਹੀਦਾ ਇਹ ਹੈ ਕਿ ਮਨੁੱਖ ਪ੍ਰਭੂ ਦੇ ਰਾਜ਼ਕ ਹੋਣ ਵਿਚ ਸਰਧਾ ਧਾਰ ਕੇ, ਇਸ ਤੌਖ਼ਲੇ ਨੂੰ ਛੱਡ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਸਿਫ਼ਤਿ-ਸਾਲਾਹ ਕਰੇ। ਇਹੀ ਸਭ ਤੋਂ ਉੱਚਾ ਕਰਨ-ਜੋਗ ਕੰਮ ਹੈ। (6 ਤੋਂ 10 ਤਕ) (3) ਮਾਇਆ ਦੀ ਤ੍ਰਿਸ਼ਨਾ ਹੀ ਤੌਖ਼ਲਿਆਂ ਦਾ ਮੂਲ-ਕਾਰਨ ਹੈ, ਮਾਇਆ ਦਾ ਮੋਹ ਹੀ ਮੌਤ ਦਾ ਸਹਮ ਪੈਦਾ ਕਰਦਾ ਹੈ। ਸਿਮਰਨ ਦੀ ਬਰਕਤਿ ਨਾਲ ਮਾਇਆ ਦਾ ਹਨੇਰਾ ਮਨ ਵਿਚੋਂ ਦੂਰ ਹੋ ਜਾਂਦਾ ਹੈ, ਇਸ ਲਈ ਖਿੱਝ ਤੇ ਸਹਮ ਭੀ ਮਿਟ ਜਾਂਦੇ ਹਨ, ਜੀਵਨ ਸੁਖੀ ਹੋ ਜਾਂਦੇ ਹੈ ਕਿਉਂਕਿ ਮੋਹ ਤੋਂ ਪੈਦਾ ਹੋਣ ਵਾਲੇ ਪਾਪ ਤੇ ਦੁਖ ਰੋਗ ਦੂਰ ਹੋ ਜਾਂਦੇ ਹਨ। ਪਰ ਸਿਮਰਦਾ ਕੋਈ ਭਾਗਾਂ ਵਾਲਾ ਹੀ ਹੈ। (4) ਮਾਇਆ ਦਾ ਮੋਹ ਤੇ ਦੁਨੀਆ ਦੇ ਵਿਕਾਰ ਮਨੁੱਖ ਨੂੰ ਪਰਮਾਤਮਾ ਤੋਂ ਵਿਛੋੜਦੇ ਹਨ, ਵਿਕਾਰੀ ਦਾ ਮਨ ਭਟਕਦਾ ਹੈ, ਮਾਨੋ, ਘੋਰ ਨਰਕ ਵਿਚ ਪਿਆ ਹੈ। ਪਰ, ਇਹ 'ਮਾਰ', ਇਹ ਸਜ਼ਾ, ਉਸ ਉੱਤੇ ਕੋਈ ਕਹਰ ਨਹੀਂ ਹੋ ਰਿਹਾ, ਸਗੋਂ ਉਸ ਨੂੰ ਆਤਮਕ ਮੌਤ ਤੌਂ ਬਚਾਣ ਲਈ ਦਾਰੂ ਹੈ। ਵਿਕਾਰਾਂ ਦੇ ਨਾਲ ਚੰਬੜਿਆ ਹੋਇਆ ਮਨਮੁਖ ਆਖ਼ਰ ਇਸ 'ਮਾਰ' ਦੇ ਕਾਰਨ ਹੀ ਵਿਕਾਰਾਂ ਤੋਂ ਹੰਭਦਾ ਹੈ; ਤੇ ਮੁੜ ਪ੍ਰਭੂ-ਚਰਨਾਂ ਵਿਚ ਜੁੜਨ ਦੀ ਤਾਂਘ ਉਸ ਦੇ ਅੰਦਰ ਪੈਦਾ ਹੁੰਦੀ ਹੈ। (11 ਤੋਂ 19 ਤਕ) (5) ਭਾਵੇਂ ਦੁਨੀਆਵੀ ਲੋੜਾਂ ਦੀ ਖ਼ਾਤਰ ਹੀ ਸਹੀ, ਜਿਉਂ ਜਿਉਂ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤਿਉਂ ਤਿਉਂ ਉਸ ਦੇ ਨੇੜੇ ਅੱਪੜਦਾ ਹੈ, ਦੁਨੀਆ ਭੀ ਸਉਰਦੀ ਹੈ ਤੇ 'ਨਾਮ' ਦੀ ਬਖ਼ਸ਼ਸ਼ ਭੀ ਹੁੰਦੀ ਹੈ। (20 ਤੋਂ 21 ਤੱਕ) ਮੁੱਖ ਭਾਵ: ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ ਘਟ-ਘਟ-ਵਾਸੀ ਪ੍ਰਭੂ ਦਾ ਸਿਮਰਨ। ਪਰ ਮਨੁੱਖ ਤ੍ਰਿਸ਼ਨਾ-ਅਧੀਨ ਹੋ ਕੇ ਪ੍ਰਭੂ ਨੂੰ ਵਿਸਾਰ ਦੇਂਦਾ ਹੈ, ਤੇ ਦੁਖੀ ਹੁੰਦਾ ਹੈ। ਇਹ ਦੁੱਖ-ਕਲੇਸ਼ ਕੋਈ ਸਜ਼ਾ ਨਹੀਂ ਹੈ, ਇਹ ਦਾਰੂ ਹੈ ਜੋ ਮਨੁੱਖ ਨੂੰ ਤ੍ਰਿਸ਼ਨਾ ਦੇ ਰੋਗ ਤੋਂ ਬਚਾ ਕੇ ਮੁੜ ਪ੍ਰਭੂ-ਚਰਨਾਂ ਵਿਚ ਜੁੜਨ ਦੀ ਤਾਂਘ ਇਸ ਦੇ ਅੰਦਰ ਪੈਦਾ ਕਰਦਾ ਹੈ। ਦੁਨੀਆਵੀ ਲੋੜ ਦੀ ਖ਼ਾਤਰ ਸਿਮਰਿਆ ਨਾਮ ਭੀ ਮਨੁੱਖ ਨੂੰ ਆਖ਼ਰ ਪ੍ਰਭੂ ਦੇ ਨੇੜੇ-ਨੇੜੇ ਹੀ ਲਿਆਉਂਦਾ ਹੈ। ਬਣਤਰ: ਇਸ ਵਾਰ ਵਿਚ 21 ਪਉੜੀਆਂ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਪਰ ਪਉੜੀ ਨੰ: 14 ਦੇ ਨਾਲ 3 ਸਲੋਕ ਹਨ। ਸਲੋਕਾਂ ਦੀ ਕੁੱਲ ਗਿਣਤੀ 43 ਹੈ। ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ। ਸਲੋਕਾਂ ਦਾ ਵੇਰਵਾ ਇਉਂ ਹੈ: ਸਲੋਕ ਮ: 1 = = 7 'ਵਾਰ' ਗੁਰੂ ਰਾਮਦਾਸ ਜੀ ਦੀ ਲਿਖੀ ਹੋਈ ਹੈ, ਪਰ ਉਹਨਾਂ ਦਾ ਆਪਣਾ ਸਲੋਕ ਇੱਕ ਭੀ ਨਹੀਂ ਹੈ। ਇਥੋਂ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਤੋਂ ਪਹਿਲਾਂ ਇਹ 'ਵਾਰ' ਸਿਰਫ਼ ਪਉੜੀਆਂ ਹੀ ਸੀ, ਇਸ ਦੇ ਨਾਲ ਦਰਜ ਹੋਏ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ। ਇੱਥੇ ਇਕ ਹੋਰ ਕਿਆਸ ਭੀ ਲਾਇਆ ਜਾ ਸਕਦਾ ਹੈ ਕਿ 42 ਸਲੋਕ ਉਹਨਾਂ ਗੁਰਵਿਅਕਤੀਆਂ ਦੇ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਸਰੀਰਕ ਜਾਮੇ ਵਿਚ ਹੋ ਚੁਕੇ ਸਨ। ਕੀ ਇਹ ਨਹੀਂ ਹੋ ਸਕਦਾ ਕਿ ਗੁਰੁ ਰਾਮਦਾਸ ਜੀ ਨੇ ਆਪ ਹੀ ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੇ ਸਲੋਕ ਦਰਜ ਕੀਤੇ ਹੋਣ? ਉਂਞ ਤਾਂ ਇੱਥੋਂ ਇਕ ਹੋਰ ਸੁਆਦਲਾ ਸਿੱਟਾ ਨਿਕਲ ਪੈਂਦਾ ਹੈ ਕਿ ਗੁਰੂ ਰਾਮਦਾਸ ਜੀ ਪਾਸ ਪਹਿਲੇ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਮੌਜੂਦ ਸੀ। ਪਰ, ਜਿੱਥੋਂ ਤਕ ਇਸ 'ਵਾਰ' ਦਾ ਸੰਬੰਧ ਹੈ, ਇਹ ਸਲੋਕ ਗੁਰੂ ਰਾਮਦਾਸ ਜੀ ਨੇ ਆਪ ਦਰਜ ਨਹੀਂ ਕੀਤੇ। ਹਰੇਕ ਪਉੜੀ ਵਿਚ ਇਕੋ ਜਿਤਨੀਆਂ ਤੁਕਾਂ ਵੇਖ ਕੇ, ਇਹ ਮੰਨਣਾ ਪਏਗਾ ਕਿ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਸਤਿਗੁਰੂ ਜੀ ਜਿਵੇਂ ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਇਕੋ ਜਿਹੀ ਰੱਖਣ ਦਾ ਖ਼ਿਆਲ ਰੱਖਦੇ ਰਹੇ, ਤਿਵੇਂ ਉਹ ਇਹਨਾਂ ਪਉੜੀਆਂ ਦੇ ਨਾਲ ਦਰਜ ਕੀਤੇ ਸਲੋਕਾਂ ਦੀ ਗਿਣਤੀ ਭੀ ਇਕ ਸਾਰ ਹੀ ਰੱਖਦੇ, ਪਉੜੀ ਨੰ: 15 ਦੇ ਨਾਲ ਇਕੋ ਹੀ ਸਲੋਕ ਦਰਜ ਨਾਹ ਕਰਦੇ। ਇਥੇ ਇਕ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ। ਸੋ, ਇਹ ਸਾਰੇ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਇਹ ਭੀ ਨਹੀਂ ਹੋ ਸਕਦਾ ਕਿ ਇਹ 'ਵਾਰ' ਤਾਂ ਸਲੋਕਾਂ ਤੋਂ ਬਿਨਾ ਹੀ ਲਿਖੀ ਗਈ ਹੋਵੇ, ਹੋਰ 'ਵਾਰਾਂ' ਸਲੋਕਾਂ ਸਮੇਤ ਹੋਣ; ਤੇ ਬਾਕੀ ਦੀਆਂ 'ਵਾਰਾਂ' ਦੇ ਨਾਲ ਇਕ ਸੁਰ ਰੱਖਣ ਲਈ ਇਸ ਵਿਚ ਮਗਰੋਂ ਸਲੋਕ ਦਰਜ ਕੀਤੇ ਗਏ ਹੋਣ। ਸਾਰੀਆਂ ਹੀ 'ਵਾਰਾਂ' ਨਿਰੀਆਂ ਪਉੜੀਆਂ ਹੀ ਸਨ। ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ ਸਲੋਕ ਮਃ ੩ ॥ ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥ ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥ ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥ {ਪੰਨਾ 83} ਪਦ ਅਰਥ: ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਮਨਿ = ਮਨ ਵਿਚ। ਅਕਾਰੁ = ਸਰੂਪ। ਸਰੀਰੁ ਅਕਾਰੁ = (ਭਾਵ,) ਮਨੁੱਖਾ ਸਰੀਰ। ਸਚਾ = (ਭਾਵ) ਸਫਲ। ਨਾਨਕ-ਹੇ ਨਾਨਕ! ਸਤਿਗੁਰਿ ਸੇਵਿਐ = ਜੇ ਗੁਰੂ ਦੀ ਦੱਸੀ ਸੇਵਾ ਕਰੀਏ, ਜੇ ਗੁਰੂ ਦੇ ਹੁਕਮ ਵਿਚ ਤੁਰੀਏ। ਅਰਥ: (ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ, ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ। (ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ, ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ। ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ।1। ਮਃ ੩ ॥ ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥ ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥ {ਪੰਨਾ 83} ਪਦ ਅਰਥ: ਬਿਰਹਾ = ਪਿਆਰ। ਧਾਤੁ = ਮਾਇਆ। ਸਾਹਿਬ ਪ੍ਰੀਤਿ = ਮਾਲਕ ਦਾ ਪਿਆਰ। ਸਹ = ਖਸਮ। ਜਿਨਿ = ਜਿਸ (ਪ੍ਰਭੂ) ਨੇ। ਸਚਾ = ਸਦਾ-ਥਿਰ ਰਹਿਣ ਵਾਲਾ, ਸੱਚਾ। ਅਰਥ: ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ, ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ। ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ। ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ।2। ਪਉੜੀ ॥ ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥ ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥ {ਪੰਨਾ 83} ਪਦ ਅਰਥ: ਦੀਬਾਣੁ = ਆਸਰਾ। ਅਮਰੁ = ਹੁਕਮ। ਚਿਤਿ = ਚਿੱਤ ਵਿਚ। ਜਿ = ਜੋ । ਘਰਿ = ਘਰ ਵਿਚ। ਘਰਿ ਬਾਹਰਿ = ਘਰ ਵਿਚ ਤੇ ਘਰੋਂ ਬਾਹਰ, (ਭਾਵ,) ਹਰ ਥਾਂ। ਸੋ = ਉਹ ਮਨੁੱਖ। ਜਪਿ = ਜਪ ਕੇ। ਬਿਖਮੁ = ਔਖਾ। ਤਰਿ = ਤਰਦਾ ਹੈ, ਤਰੇ। ਅਰਥ: ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ, ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ) , (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ। ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ। (ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ। ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ।1। ਸਲੋਕ ਮਃ ੧ ॥ ਦਾਤੀ ਸਾਹਿਬ ਸੰਦੀਆ ਕਿਆ ਚਲੇ ਤਿਸੁ ਨਾਲਿ ॥ ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ {ਪੰਨਾ 83} ਅਰਥ: (ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ।1। ਮਃ ੧ ॥ ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥ ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥ {ਪੰਨਾ 83} ਪਦ ਅਰਥ: ਸਾਦਿਕ = ਸਿਦਕ ਵਾਲਾ। ਸਬੂਰੀ = ਸ਼ੁਕਰ। ਤੋਸਾ = ਰਾਹ ਦਾ ਖ਼ਰਚ। ਮਲਾਇਕ = ਦੇਵਤੇ, ਦੇਵਤਿਆਂ ਦੇ ਸੁਭਾਉ ਵਾਲੇ ਮਨੁੱਖ। ਪਾਇਸਾ = ਪਾਂਦੇ ਹਨ। ਖ਼ਾਇਕ = ਨਿਰੀਆਂ ਗੱਲਾਂ ਕਰਨ ਵਾਲੇ। ਅਰਥ: ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ, (ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ।2। ਪਉੜੀ ॥ ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ {ਪੰਨਾ 83} ਅਰਥ: (ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ, ਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ। ਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ। ਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ। ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ {ਪੰਨਾ 83} ਪਦ ਅਰਥ: ਫਕੜ = ਵਿਅਰਥ। ਛਾਉ = ਸਾਦ੍ਰਿਸ਼ਟਤਾ, ਨੁਹਾਰ। ਪਰੁ = ਚੰਗੀ ਤਰ੍ਹਾਂ। ਪਰੁ ਜਾਪੈ = ਚੰਗੀ ਤਰ੍ਹਾਂ ਪਰਗਟ ਹੁੰਦਾ ਹੈ। ਨਾਉ = ਨਾਮਣਾ, ਵਡਿਆਈ।1। ਅਰਥ: ਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ, (ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ) । (ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ) । ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ।1। ਮਃ ੨ ॥ ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ {ਪੰਨਾ 83} ਪਦ ਅਰਥ: ਆਗੈ = ਸਾਹਮਣੇ, ਦਰ ਤੇ। ਮਰਿ ਚਲੀਐ = ਆਪਾ-ਭਾਵ ਮਿਟਾ ਦੇਈਏ। ਤਾ ਕੈ ਪਾਛੈ = ਉਸ ਵਲੋਂ ਮੂੰਹ ਮੋੜ ਕੇ। ਅਰਥ: ਜਿਸ ਪਿਆਰੇ ਨਾਲ ਪਿਆਰ (ਹੋਵੇ) , (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ। ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ = ਇਸ ਜੀਵਨ ਨੂੰ ਧਿੱਕਾਰ ਹੈ।2। ਨੋਟ: 'ਬਾਣੀ' ਮਨੁੱਖਾ ਜੀਵਨ ਦੀ ਅਗਵਾਈ ਲਈ ਹੈ। 'ਪਿਆਰ' ਨਾਲੋਂ ਪਹਿਲਾਂ ਹੀ ਮਰ ਜਾਣਾ = ਅਮਲੀ ਜੀਵਨ ਵਿਚ ਇਹ ਅਨਹੋਣੀ ਗੱਲ ਹੈ। 'ਮਰਨ' ਤੋਂ ਭਾਵ ਹੈ ਆਪਾ-ਭਾਵ ਮਿਟਾਣਾ, ਆਪਾ ਵਾਰਨਾ, ਹਉਮੈ ਦੂਰਿ ਕਰਨੀ। ਪਿਛਲੇ ਸਲੋਕ ਨਾਲ ਇਹ ਖ਼ਿਆਲ ਹੀ ਮਿਲ ਸਕਦਾ ਹੈ। ਪਉੜੀ ॥ ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥ ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥ ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥ {ਪੰਨਾ 83} ਅਰਥ: (ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ) , (ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ। ਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ) ਤੇ ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ। ਉਹ (ਜਮਕਾਲ ਤੋਂ) ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ।3। |
Sri Guru Granth Darpan, by Professor Sahib Singh |