ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 84 ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ {ਪੰਨਾ 84} ਪਦ ਅਰਥ: ਕਰਿ ਕੈ = ਰਚ ਕੇ, ਪੈਦਾ ਕਰ ਕੇ। ਸੇਇ = ਉਹ ਪ੍ਰਭੂ ਆਪ ਹੀ। ਵਖਤੁ = ਮਨੁੱਖਾ ਜਨਮ ਦਾ ਸਮਾ। ਕਹੀ ਨਾ ਜਾਇ = ਬਿਆਨ ਨਹੀਂ ਹੋ ਸਕਦੀ। ਸਰੈ = ਸ਼ਰ੍ਹਾ ਦਾ। ਪਾਰੁ = ਅੰਤ, ਪਾਰਲਾ ਬੰਨਾ। ਸਿਜਦਾ = ਰੱਬ ਅੱਗੇ ਨਿਊਣਾ। ਮਖਸੂਦੁ = ਨਿਸ਼ਾਨਾ, ਪ੍ਰਯੋਜਨ। ਜਿਹ ਧਿਰਿ = ਜਿਸ ਪਾਸੇ। ਮਉਜੂਦੁ = ਹਾਜ਼ਰ। ਅਰਥ: ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ। ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ; ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ? (ਹੇ ਭਾਈ!) ਰੱਬ ਤੇ ਭਰੋਸਾ ਰੱਖ = ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ = ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ।1। ਮਃ ੩ ॥ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥ {ਪੰਨਾ 84} ਪਦ ਅਰਥ: ਗੁਰ ਸਭਾ = ਗੁਰੁ ਦਾ ਸੰਗ। ਏਵ = ਇਸ ਤਰ੍ਹਾਂ (ਨਿਰਾ ਸਰੀਰਕ ਤੌਰ ਤੇ)। ਹਦੂਰਿ = ਹਜ਼ੂਰੀ ਵਿਚ; ਚਰਨਾਂ ਵਿਚ, ਯਾਦ ਵਿਚ। ਅਰਥ: (ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ। ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ।2। ਪਉੜੀ ॥ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥ ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥ ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥ ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥ {ਪੰਨਾ 84} ਪਦ ਅਰਥ: ਦੀਪ = {ਸੰਸਕ੍ਰਿਤ ਸ਼ਬਦ 'ਦ੍ਵੀਪ'} "ਜਿਸ ਦੇ ਦੋਹੀਂ ਪਾਸੀਂ ਜਲ ਹੋਵੇ। " ਭਾਰਤ ਦੇ ਪੁਰਾਣੇ ਸੰਸਕ੍ਰਿਤ ਵਿਦਵਾਨਾਂ ਨੇ ਪ੍ਰਿਥਵੀ ਦੀ ਕਈ ਹਿੱਸਿਆਂ ਵਿਚ ਵੰਡ ਕੀਤੀ। ਕੋਈ ਇਸ ਦੇ ਚਾਰ ਹਿੱਸੇ ਕਰਦੇ ਹਨ, ਕੋਈ ਸੱਤ, ਕੋਈ ਨੌ ਤੇ ਕੋਈ ਤੇਰਾਂ। ਹਰੇਕ ਹਿੱਸੇ ਦਾ ਨਾਉਂ 'ਦ੍ਵੀਪ ਰੱਖਿਆ ਤੇ ਇਹ ਪੁਰਾਤਨ ਖ਼ਿਆਲ ਹੈ ਕਿ ਇਹ ਹਿੱਸੇ ਆਪੋ ਵਿਚੋਂ ਭਾਰੇ ਸਮੁੰਦਰਾਂ ਦੀ ਰਾਹੀਂ ਵੱਖ ਵੱਖ ਹਨ। ਸੰਸਕ੍ਰਿਤ ਦੇ ਇਕ ਪ੍ਰਸਿੱਧ ਕਵੀ ਸ਼੍ਰੀ ਹਰਸ਼ ਦੇ ਰਚੇ ਹੋਏ ਪੁਸਤਕ ਮਹਾਕਾਵਯ ਨੈਸ਼ਧਚਰਿਤ ਦੇ ਪਹਿਲੇ ਸਰਗ ਵਿਚ 18 ਦ੍ਵੀਪ ਦੱਸੇ ਗਏ ਹਨ, ਪਰ ਪ੍ਰਸਿੱਧ ਗਿਣਤੀ ਸੱਤ ਹੀ ਹੈ, ਜਿਹਾ ਕਿ 'ਰਘੂਵੰਸ਼' ਤੇ 'ਸ਼ਕੁੰਤਲਾ' ਨਾਮੀ ਪ੍ਰਸਿੱਧ ਪੁਸਤਕਾਂ ਵਿਚ ਦਰਜ ਹੈ। ਇਹਨਾਂ ਸੱਤਾਂ ਵਿਚੋਂ ਵਿਚਕਾਰਲੇ ਦ੍ਵੀਪ ਦਾ ਨਾਉਂ ਜੰਬੂਦ੍ਵੀਪ ਹੈ ਜਿਸ ਵਿਚ ਸਾਡਾ ਦੇਸ਼ ਭਾਰਤ ਵਰਸ਼ ਸ਼ਾਮਲ ਹੈ। ਦਸ ਅਸ਼ਟ ਪੁਰਾਣਾ = ਅਠਾਰਾਂ ਪੁਰਾਣ ਇਹ ਹਨ: bRwhm pwhm vYÕxv c _Yvz Bwgvz qQw। ਬ੍ਰਹਮ, ਪਦਮ, ਵਿਸ਼ਨੂ, ਸ਼ਿਵ, ਭਗਵਤ, ਨਾਰਦ, ਮਾਰਕੰਡੇ, ਅਗਨੀ, ਭਵਿੱਖਤ, ਬ੍ਰਹਮ ਵਿਵਰਤ, ਲਿੰਗ, ਵਰਾਹ, ਸਕੰਦ, ਵਾਮਨ, ਕੂਰਮ, ਮਤਸ, ਗਰੁੜ, ਬ੍ਰਹਮਾਂਡ। ਨਵ ਖੰਡ = ਧਰਤੀ ਦੇ ਨੌ ਹਿੱਸੇ। ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ। ਗੁਰਮਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਚੋਜ = ਕੌਤਕ, ਲੀਲ੍ਹਾ। ਵਿਡਾਣਾ-ਅਚਰਜ। ਅਰਥ: ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ, ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ। ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ। ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ (ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ।4। ਸਲੋਕ ਮਃ ੩ ॥ ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥ ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥ ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥ {ਪੰਨਾ 84} ਪਦ ਅਰਥ: ਕਲਉ = ਕਲਮ। ਮਸਾਜਨੀ = ਦਵਾਤ। ਰੰਗਿ = ਪਿਆਰ ਵਿਚ। ਸਹ ਪ੍ਰੀਤਿ = ਖਸਮ ਦਾ ਪਿਆਰ। ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਸਚੈ = ਸਦਾ-ਥਿਰ ਪ੍ਰਭੂ ਨੇ। ਪਾਇ ਛੋਡੀ = (ਹਿਰਦੇ ਵਿਚ) ਪਾ ਦਿੱਤੀ ਹੈ। ਅਰਥ: ਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ। (ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ (ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ। ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ।1। ਮਃ ੩ ॥ ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥ {ਪੰਨਾ 84} ਪਦ ਅਰਥ: ਕੋ = ਕੋਈ ਭੀ ਮਨੁੱਖ। ਵਿਉਪਾਇ = ਨਿਰਣਾ ਕਰ ਕੇ। ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕੀਤਾ ਹੈ। ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਕਰਮੀ = ਮਿਹਰ ਨਾਲ। ਪਲੈ ਪਾਇ = ਮਿਲਦਾ ਹੈ। ਅਰਥ: ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ, (ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ) , (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ। ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ।2। ਪਉੜੀ ॥ ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥ {ਪੰਨਾ 84} ਪਦ ਅਰਥ: ਮਨ = ਹੇ ਮਨ! ਵਿਗਸੇਤੁ = ਖ਼ੁਸ਼ ਹੁੰਦਾ ਹੈ। ਸਚਾ = ਅਟੱਲ। ਕੇਤੁ = ਕਿਉਂ? ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ। ਅਰਥ: ਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ। ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ। ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ। ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ। (ਡਰਨਾ ਤਾਂ ਕਿਤੇ ਰਿਹਾ) , ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ)।5। ਸਲੋਕ ਮਃ ੩ ॥ ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥ ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥ {ਪੰਨਾ 84} ਪਦ ਅਰਥ: ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ। ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ– ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ 'ਸੰਸਕਾਰ' ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀਹ ਹੈ? ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ "ਪੂਰਬਿ ਲਿਖਿਆ" ਆਖਿਆ ਗਿਆ ਹੈ। ਇਹ 'ਪੂਰਬਿ ਲਿਖੇ' ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ 'ਆਪਣਾ ਜਤਨ' ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ। ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ = ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ। ਜਲਉ = ਸੜ ਜਾਏ। ਸਣੁ = ਸਮੇਤ। ਜਲਿ ਬਲਉ = ਸੜ ਬਲ ਲਾਏ। ਜਿਨਿ = ਜਿਸ ਨੇ। ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ। ਅਰਥ: ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ, ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ, (ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ।1। ਮਃ ੩ ॥ ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥ ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥ {ਪੰਨਾ 84} ਪਦ ਅਰਥ: ਕੂੜੁ = ਨਾਸਵੰਤ, ਵਿਅਰਥ। ਅਰਥ: ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ) , (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ।2। ਪਉੜੀ ॥ ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥ ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ {ਪੰਨਾ 84} ਪਦ ਅਰਥ: ਵਡੀ = ਵਡੀ ਕਰਣੀ, ਸਭ ਤੋਂ ਚੰਗਾ ਕੰਮ। ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ। ਅਪੁਛਿਆ = ਕਿਸੇ ਦੀ ਸਾਲਾਹ ਲੈਣ ਤੋਂ ਬਿਨਾ, ਕਿਸੇ ਨੂੰ ਪੁੱਛਣ ਤੋਂ ਬਿਨਾ। ਅਰਥ: ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸਦੀ ਸਿਫ਼ਤਿ-ਸਾਲਾਹ ਤੇ ਉਸਦਾ ਕੀਰਤਨ ਕਰਨਾ = ਇਹੋ (ਜੀਵ ਲਈ) ਵੱਡੀ (ਕਰਣੀ) ਹੈ। ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)। ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ। ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ।6। ਸਲੋਕ ਮਃ ੩ ॥ ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥ ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥ ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥ {ਪੰਨਾ 84} ਪਦ ਅਰਥ: ਸਭ = ਸਾਰੀ ਸ੍ਰਿਸ਼ਟੀ। ਮੁਈ = ਦੁਖੀ ਹੋਈ ਹੈ। ਹਉ ਹਉ ਕਰਤੀ = ਅਹੰਕਾਰ ਕਰ ਕਰ ਕੇ। ਸੰਪਉ = ਧਨ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਜੋਹੀ = ਤੱਕੀ, ਵੇਖੀ, ਘੂਰਿਆ। ਕਾਲਿ = ਕਾਲਿ ਨੇ। ਸਮਾਲਿ-ਸਾਂਭ ਕੇ। ਅਰਥ: ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ। ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)। ਹੇ ਨਾਨਕ! ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ।1। |
Sri Guru Granth Darpan, by Professor Sahib Singh |